ਦੇਸ਼ ਨੂੰ ਗੰਦਾ ਕਰਨ ’ਚ ਮੈਰਿਜ ਪੈਲੇਸ ਤੇ ਰਿਜ਼ਾਰਟ ’ਚੋਂ ਕੋਈ ਘੱਟ ਨਹੀਂ, ਸਵੱਛ ਭਾਰਤ ਮੁਹਿੰਮ ਨੂੰ ਲੱਗਾ ਗ੍ਰਹਿਣ

01/13/2019 4:54:04 AM

ਤਰਨਤਾਰਨ,   (ਰਮਨ ਚਾਵਲਾ)-  ਦੇਸ਼ ਭਰ ’ਚ ਜ਼ਹਿਰੀਲੇ ਧੂੰਏ ਅਤੇ ਫੈਲ ਰਹੀ ਗੰਦਗੀ ਨਾਲ ਰੋਜ਼ਾਨਾ ਲੱਖਾਂ ਲੋਕ ਬੀਮਾਰ ਹੋ ਰਹੇ ਹਨ, ਜਿਸ ਨਾਲ ਅਨੇਕਾਂ ਦੀ ਕੁਝ ਬੀਮਾਰੀਆਂ ਕਾਰਨ ਮੌਤ ਹੋਣ ਨਾਲ ਉਨ੍ਹਾਂ ਦੇ ਘਰ ਬਰਬਾਦ ਹੋ ਰਹੇ ਹਨ। ਇਸ ਤੋਂ ਨਿਜਾਤ ਪਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵੱਛ ਭਾਰਤ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ, ਜਿਸ ਨੂੰ ਕਈ ਥਾਵਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਪਰੰਤੂ ਸਾਡੇ ਦੇਸ਼ ਦੇ ਕੁਝ ਨਾਸਮਝ ਵਿਅਕਤੀਆਂ ਕਾਰਨ ਇਸ ਮੁਹਿੰਮ ਨੂੰ ਕਾਲਾ ਧੱਭਾ ਲੱਗਦਾ ਨਜ਼ਰ ਆ ਰਿਹਾ ਹੈ, ਜਿਸ ਦੀ ਮਿਸਾਲ ਸਥਾਨਕ ਜ਼ਿਲੇ ਦੇ ਕੁਝ ਮੈਰਿਜ ਪੈਲੇਸਾਂ ਅਤੇ ਰਿਜ਼ਾਰਟਾਂ ਵਲੋਂ ਲੱਖਾਂ ਰੁਪਏ ਪ੍ਰੋਗਰਾਮਾਂ ਸਬੰਧੀ ਵਸੂਲਣ ਤੋਂ ਬਾਅਦ ਸਾਰਾ ਕੂਡ਼ਾ ਕਰਕਟ ਅਤੇ ਗੰਦੇ ਪਾਣੀ ਨੂੰ ਖੁੱਲ੍ਹੇਆਮ ਪੈਲੇਸਾਂ ਪਿੱਛੇ ਸੁੱਟਣ ਤੋ ਮਿਲਦੀ ਹੈ। ਜ਼ਿਕਰਯੋਗ ਹੈ ਕਿ ਇਸ ਫੈਲਾਈ ਜਾ ਰਹੀ ਗੰਦਗੀ ਦੇ ਬਾਵਜੂਦ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੋਈ ਸਖਤ ਕਾਰਵਾਈ ਨਾ ਕਰਨ ਦੌਰਾਨ ਵਿਭਾਗ ਦੀ ਕਾਰਜਸ਼ੈਲੀ ’ਤੇ ਵੱਡਾ ਸਵਾਲ ਪੈਦਾ ਕਰਦਾ ਹੈ।
ਜ਼ਿਲੇ ਭਰ ’ਚ ਮੌਜੂਦ ਛੋਟੇ ਅਤੇ ਵੱਡੇ ਮੈਰਿਜ ਪੈਲੇਸਾਂ ਤੋਂ ਇਲਾਵਾ ਕੁਝ ਰਿਜ਼ਾਰਟ ਜੋ ਆਪਣੇ ਆਪ ’ਚ ਕਹਿੰਦੇ ਕਹਾਂਦੇ ਨਜ਼ਰ ਆਉਂਦੇ ਹਨ ਦੇ ਮਾਲਕਾਂ ਵਲੋਂ ਵਿਆਹ ਸ਼ਾਦੀਆਂ ਅਤੇ ਹੋਰ ਸਮਾਗਮਾਂ ਦੌਰਾਨ ਲੱਖਾਂ ਰੁਪਏ ਚੰਦ ਘੰਟਿਆਂ ਲਈ ਵਸੂਲ ਲਏ ਜਾਂਦੇ ਹਨ, ਜਿਸ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਬਚੇ ਖੁਚੇ ਖਾਣ-ਪੀਣ ਅਤੇ ਹੋਰ ਡਿਸਪੋਜ਼ੇਬਲ ਸਮੱਗਰੀ ਤੋਂ ਇਲਾਵਾ ਸਾਰਾ ਕੂਡ਼ਾ ਕਰਕਟ ਪੈਲੇਸ ਜਾਂ ਰਿਜ਼ਾਰਟ ਦੇ ਪਿੱਛੇ ਖੁੱਲ੍ਹੇ ’ਚ ਸੁੱਟ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਇਨ੍ਹਾਂ ਕੁਝ ਪੈਲੇਸ ਮਾਲਕਾਂ ਦੀ ਲਾਪਰਵਾਹੀ ਕਾਰਨ ਪੈਲੇਸ ਦਾ ਸੀਵਰੇਜ ਅਤੇ ਗੰਦਾ ਪਾਣੀ ਤੱਕ ਖੁੱਲ੍ਹੇ ’ਚ ਸੁੱਟਿਆ ਜਾ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਦੇਸ਼ ਭਰ ’ਚ ਬਣਾਏ ਨਿਯਮਾਂ ਦੀਆਂ ਉਡ ਰਹੀਆਂ ਧੱਜੀਆਂ ਤੋਂ ਸਾਫ ਪਤਾ ਲੱਗਦਾ ਹੈ ਕਿ ਵਿਭਾਗ ਦੇ ਅਧਿਕਾਰੀਆਂ ਦੀ ਇਸ ’ਚ ਕੋਈ ਮਿਲੀ ਭੁਗਤ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਖਿਲਾਫ ਕੋਈ ਕਾਰਵਾਈ ਨਾ ਕਰਨਾ ਇਕ ਸਵਾਲ ਪੈਦਾ ਕਰਦਾ ਹੈ।