ਕਾਨੂੰਨੀ ਝਮੇਲਿਆਂ ਕਾਰਨ ਕਬਾੜ ਬਣ ਜਾਂਦੇ ਹਨ ਪੁਲਸ ਵੱਲੋਂ ਜ਼ਬਤ ਕੀਤੇ ਵਾਹਨ

10/30/2019 4:54:46 PM

ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਪੁਲਸ ਵੱਲੋਂ ਚੋਰੀਆਂ, ਡਕੈਤੀਆਂ ਅਤੇ ਸੜਕ ਹਾਦਸਿਆਂ ਸਮੇਤ ਵੱਖ-ਵੱਖ ਵਾਰਦਾਤਾਂ ਦੌਰਾਨ ਜ਼ਬਤ ਕੀਤੇ ਜਾਣ ਵਾਲੇ ਹਜ਼ਾਰਾਂ ਵਾਹਨ ਖੁੱਲ੍ਹੇ ਆਸਮਾਨ ਹੇਠ ਗਲ-ਸੜ ਰਹੇ ਹਨ। ਇਨ੍ਹਾਂ ਨੂੰ ਨੀਲਾਮ ਕਰਨ ਅਤੇ ਸੰਭਾਲਣ ਦੇ ਮਾਮਲੇ 'ਚ ਨਾ ਤਾਂ ਪੁਲਸ ਵੱਲੋਂ ਸਮੇਂ-ਸਿਰ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ ਅਤੇ ਨਾ ਹੀ ਇਨ੍ਹਾਂ ਦੇ ਮਾਲਕ ਕਾਨੂੰਨੀ ਝਮੇਲਿਆਂ ਅਤੇ ਪੁਲਸ ਦੀਆਂ ਕਾਰਵਾਈਆਂ 'ਚ ਉਲਝਣ ਦੇ ਡਰ ਕਾਰਣ ਇਨ੍ਹਾਂ ਨੂੰ ਛੁਡਵਾਉਣ ਲਈ ਦਿਲਚਸਪੀ ਦਿਖਾਉਂਦੇ ਹਨ। ਇਸ ਦੇ ਨਤੀਜੇ ਵਜੋਂ ਸਥਿਤੀ ਇਹ ਬਣੀ ਹੋਈ ਹੈ ਕਿ ਇਕੱਲੇ ਗੁਰਦਾਸਪੁਰ ਜ਼ਿਲੇ 'ਚ ਹੀ ਅਜਿਹੇ ਹਜ਼ਾਰਾਂ ਵਾਹਨ ਖੁੱਲ੍ਹੇ ਆਸਮਾਨ ਹੇਠ ਨਾ ਸਿਰਫ ਕਬਾੜ ਦਾ ਰੂਪ ਧਾਰਨ ਕਰ ਚੁੱਕੇ ਹਨ ਸਗੋਂ ਅਨੇਕਾਂ ਵਾਹਨ ਅਜਿਹੇ ਵੀ ਹਨ ਜੋ ਕਈ ਸਾਲਾਂ ਤੋਂ ਇਥੇ ਹੀ ਪਏ ਹੋਣ ਕਰ ਕੇ ਖਤਮ ਹੋਣ ਕਿਨਾਰੇ ਪਹੁੰਚ ਚੁੱਕੇ ਹਨ।

ਕਿਹੜੇ ਵਾਹਨ ਰਹਿੰਦੇ ਹਨ ਪੁਲਸ ਦੇ ਕਬਜ਼ੇ 'ਚ?
ਵੱਖ-ਵੱਖ ਥਾਣਾ ਮੁਖੀਆਂ ਅਤੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਚੋਰਾਂ ਅਤੇ ਡਕੈਤਾਂ ਕੋਲੋਂ ਬਰਾਮਦ ਹੋਏ ਚੋਰੀ ਦੇ ਵਾਹਨ, ਸੜਕ ਹਾਦਸਾ ਕਰਨ ਵਾਲੇ ਵਾਹਨ ਅਤੇ ਹਾਦਸੇ 'ਚ ਨੁਕਸਾਨੇ ਗਏ ਵਾਹਨ, ਦਸਤਾਵੇਜ਼ਾਂ ਦੇ ਬਿਨਾਂ ਚੱਲ ਰਹੇ ਵਾਹਨ, ਰਿਜਨਲ ਟਰਾਂਸਪੋਰਟ ਅਧਿਕਾਰੀ ਵੱਲੋਂ ਜ਼ਬਤ ਕੀਤੇ ਵਾਹਨਾਂ ਸਮੇਤ ਹੋਰ ਗੈਰ-ਕਾਨੂੰਨੀ ਵਾਰਦਾਤਾਂ 'ਚ ਵਰਤੇ ਗਏ ਵਾਹਨ ਪੁਲਸ ਦੇ ਕਬਜ਼ੇ ਵਿਚ ਰਹਿੰਦੇ ਹਨ। ਹਰੇਕ ਕੇਸ ਨਾਲ ਸਬੰਧਤ ਵਾਹਨ ਨੂੰ ਪੁਲਸ ਨੇ ਜਾਂਚ ਅਧਿਕਾਰੀ ਦੀ ਗਵਾਹੀ ਮੌਕੇ ਇਕ ਵਾਰ ਅਦਾਲਤ ਵਿਚ ਲਿਜਾਣਾ ਹੁੰਦਾ ਹੈ। ਇਹ ਵਾਹਨ ਅਦਾਲਤ ਦੀ ਇਜਾਜ਼ਤ ਨਾਲ ਸਬੰਧਤ ਮਾਲਕ ਛੁਡਵਾ ਸਕਦੇ ਹਨ, ਜਿਸ ਲਈ ਬਕਾਇਦਾ ਅਦਾਲਤ ਵਿਚ ਦਰਖਾਸਤ ਦੇਣੀ ਹੁੰਦੀ ਹੈ। ਚੋਰੀ ਦੇ ਜਿਹੜੇ ਵਾਹਨਾਂ ਦੇ ਮਾਲਕਾਂ ਦਾ ਕੋਈ ਪਤਾ ਨਹੀਂ ਲੱਗਦਾ, ਉਹ ਵੀ ਇਕ ਨਿਰਧਾਰਿਤ ਸਮੇਂ ਤੱਕ ਪੁਲਸ ਦੇ ਮਾਲਖਾਨੇ ਵਿਚ ਰਹਿੰਦੇ ਹਨ, ਜਿਸ ਤੋਂ ਬਾਅਦ ਪੁਲਸ ਵੱਲੋਂ ਉੱਚ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਅਜਿਹੇ ਵਾਹਨਾਂ ਨੂੰ ਨੀਲਾਮ ਕੀਤਾ ਜਾ ਸਕਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਬਹੁਤ ਸਾਰੇ ਵਾਹਨ ਅਜਿਹੇ ਹਨ, ਜਿਨ੍ਹਾਂ ਨੂੰ ਜਾਂ ਤਾਂ ਲੋਕ ਲੈਣ ਹੀ ਨਹੀਂ ਆਏ ਅਤੇ ਕਈ ਵਾਹਨਾਂ ਦਾ ਕੋਈ ਵਾਲੀ-ਵਾਰਸ ਨਾ ਆਉਣ ਦੇ ਬਾਵਜੂਦ ਇਨ੍ਹਾਂ ਦੀ ਨੀਲਾਮੀ ਨਹੀਂ ਕਰਵਾਈ ਗਈ।

ਮਾਲਖਾਨਿਆਂ ਦੀ ਖਸਤਾ ਹਾਲਤ ਹੋਣ ਕਾਰਨ ਕੰਡਮ ਹੋ ਜਾਂਦੇ ਹਨ ਵਾਹਨ
ਪੁਲਸ ਕੋਲ ਅਜਿਹੇ ਵਾਹਨ ਰੱਖਣ ਲਈ ਮਾਲਖਾਨਿਆਂ ਦੀ ਘਾਟ ਹੋਣ ਕਾਰਣ ਪੁਲਸ ਨੇ ਅਜਿਹੇ ਵਾਹਨ ਖੁੱਲ੍ਹੇ ਆਸਮਾਨ ਹੇਠ ਥਾਣਿਆਂ ਦੇ ਬਾਹਰ ਹੀ ਰੱਖੇ ਹੋਏ ਹਨ। ਕਈ ਥਾਈਂ ਸਥਿਤੀ ਇਹ ਬਣੀ ਹੋਈ ਹੈ ਕਿ ਵਾਹਨਾਂ ਦੇ ਅੱਧੇ ਤੋਂ ਜ਼ਿਆਦਾ ਪੁਰਜ਼ੇ ਗਾਇਬ ਹਨ ਜਾਂ ਫਿਰ ਉਹ ਗਲ-ਸੜ ਚੁੱਕੇ ਹਨ।

ਲੋਕ ਕਿਉਂ ਲੈਣ ਨਹੀਂ ਆਉਂਦੇ ਵਾਹਨ?
ਇਸ ਦੌਰਾਨ ਕਈ ਲੋਕਾਂ ਨਾਲ ਗੱਲਬਾਤ ਕਰਨ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਲੋਕ ਪੁਲਸ ਅਤੇ ਕਾਨੂੰਨ ਦੇ ਝਮੇਲਿਆਂ ਕਾਰਨ ਆਪਣੇ ਵਾਹਨ ਪੁਲਸ ਕੋਲੋਂ ਛੁਡਵਾਉਣ ਨੂੰ ਤਰਜੀਹ ਨਹੀਂ ਦਿੰਦੇ। ਕਈ ਵਾਰ ਜਦੋਂ ਕੋਈ ਵਾਹਨ ਹਾਦਸਾਗ੍ਰਸਤ ਹੋ ਕੇ ਪੂਰੀ ਤਰ੍ਹਾਂ ਨੁਕਸਾਨਿਆ ਜਾਂਦਾ ਹੈ ਤਾਂ ਉਸ ਦੇ ਕਬਾੜ ਦੀ ਕੀਮਤ ਉਸ ਨੂੰ ਛੁਡਵਾਉਣ ਲਈ ਆਉਣ ਵਾਲੇ ਖਰਚਿਆਂ ਤੋਂ ਵੀ ਘੱਟ ਰਹਿ ਜਾਂਦੀ ਹੈ, ਜਿਸ ਕਾਰਣ ਲੋਕ ਉਸ ਨੂੰ ਲਿਜਾਣ ਦੀ ਜ਼ਰੂਰਤ ਹੀ ਨਹੀਂ ਸਮਝਦੇ ਅਤੇ ਇਹ ਵਾਹਨ ਪੁਲਸ ਥਾਣਿਆਂ ਦੇ ਬਾਹਰ ਹੀ ਪਏ ਰਹਿੰਦੇ ਹਨ। ਇਸ ਦੇ ਨਾਲ ਹੀ ਕਈ ਵਾਰ ਚੋਰੀ ਹੋਏ ਵਾਹਨ ਪੁਲਸ ਬਰਾਮਦ ਤਾਂ ਕਰ ਲੈਂਦੀ ਹੈ ਪਰ ਉਸ ਦੀ ਮਾਲਕੀ ਸਿੱਧ ਨਾ ਹੋ ਸਕਣ ਕਾਰਣ ਉਸ ਵਾਹਨ ਨੂੰ ਉਸ ਦੇ ਅਸਲ ਮਾਲਕ ਦੇ ਹਵਾਲੇ ਕਰਨਾ ਵੀ ਪੁਲਸ ਲਈ ਸੰਭਵ ਨਹੀਂ ਹੁੰਦਾ। ਇਸੇ ਤਰ੍ਹਾਂ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਟੈਕਸ ਅਤੇ ਹੋਰ ਦਸਤਾਵੇਜ਼ਾਂ ਦੇ ਬਗੈਰ ਕਬਜ਼ੇ ਵਿਚ ਲਏ ਵਾਹਨਾਂ ਨੂੰ ਵੀ ਕਈ ਵਾਰ ਸਬੰਧਤ ਮਾਲਕ ਇਸ ਕਰ ਕੇ ਨਹੀਂ ਛੁਡਵਾਉਂਦੇ ਕਿ ਉਨ੍ਹਾਂ ਨੂੰ ਛੁਡਵਾਉਣ ਲਈ ਲੋੜੀਂਦੀ ਸਰਕਾਰੀ ਫੀਸ ਹੀ ਵਾਹਨ ਦੀ ਕੀਮਤ ਤੋਂ ਜ਼ਿਆਦਾ ਹੋ ਜਾਂਦੀ ਹੈ। ਇਸੇ ਕਾਰਣ ਹੀ ਗੁਰਦਾਸਪੁਰ ਸਦਰ ਥਾਣੇ 'ਚ ਕਈ ਬੱਸਾਂ ਅਤੇ ਵਾਹਨ ਕਈ ਸਾਲਾਂ ਤੋਂ ਗਲ-ਸੜ ਰਹੇ ਹਨ। ਕਈ ਕੇਸਾਂ 'ਚ ਲੋੜੀਂਦੇ ਵਾਹਨਾਂ ਨੂੰ ਲੋਕ ਇਸ ਲਈ ਵੀ ਨਹੀਂ ਛੁਡਾਉਂਦੇ ਕਿ ਬਾਅਦ ਵਿਚ ਉਨ੍ਹਾਂ ਨੂੰ ਅਦਾਲਤ 'ਚ ਪੇਸ਼ੀ ਮੌਕੇ ਲਿਜਾਣ ਦਾ ਕੰਮ ਵੀ ਉਨ੍ਹਾਂ ਲਈ ਸਿਰਦਰਦੀ ਬਣ ਜਾਂਦਾ ਹੈ।

'ਇਸ ਮਾਮਲੇ ਦੇ ਹੱਲ ਲਈ ਪਹਿਲਾਂ ਹੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਅਜਿਹੇ ਵਾਹਨਾਂ ਦੀ ਨੀਲਾਮੀ ਕਰਵਾਈ ਜਾ ਸਕੇ ਜਾਂ ਫਿਰ ਸਾਰੀਆਂ ਕਾਰਵਾਈਆਂ ਕਰ ਕੇ ਉਨ੍ਹਾਂ ਨੂੰ ਮਾਲਕਾਂ ਦੇ ਸਪੁਰਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਕਈ ਥਾਣਿਆਂ 'ਚ ਅਜਿਹੇ ਕਈ ਵਾਹਨ ਕਈ ਸਾਲਾਂ ਤੋਂ ਪਏ ਹੋਏ ਹਨ। ਹੁਣ ਉਨ੍ਹਾਂ ਸਬੰਧਤ ਪੁਲਸ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਹਰੇਕ ਮਹੀਨੇ ਅਜਿਹੇ ਵਾਹਨਾਂ ਦੀ ਰਿਪੋਰਟ ਉਨ੍ਹਾਂ ਨੂੰ ਸੌਂਪੀ ਜਾਵੇ।' -ਸਵਰਨਦੀਪ ਸਿੰਘ, ਜ਼ਿਲਾ ਪੁਲਸ ਮੁਖੀ।

Anuradha

This news is Content Editor Anuradha