ਇਕੋ ਰਾਤ ''ਚ 3 ਗੁਰਦੁਆਰਿਆਂ ਅਤੇ 3 ਦੁਕਾਨਾਂ ''ਤੇ ਚੋਰਾਂ ਨੇ ਬੋਲਿਆ ਧਾਵਾ

07/22/2019 7:28:08 PM

ਕਾਹਨੂੰਵਾਨ (ਸੁਨੀਲ)-ਥਾਣਾ ਭੈਣੀ ਮੀਆਂ ਖਾਂ ਦੇ ਅਧੀਨ ਪੈਂਦੇ ਵੱਖ-ਵੱਖ ਪਿੰਡਾਂ 'ਚ ਚੋਰੀਆਂ ਹੋਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਬੀਤੀ ਰਾਤ ਚੋਰਾਂ ਨੇ ਗੁਰਦੁਆਰਿਆਂ ਅਤੇ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਗੁਰਦੁਆਰਾ ਨਾਨੋਵਾਲ ਕਲਾਂ ਦੇ ਗ੍ਰੰਥੀ ਸਿੰਘ ਨੇ ਸਵੇਰ ਸਮੇਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਦੇਖਿਆ ਕਿ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਹੈ ਅਤੇ ਮੁੱਖ ਹਾਲ 'ਚ ਪਈ ਗੋਲਕ ਗ਼ਾਇਬ ਸੀ। ਗੁਰਦੁਆਰਾ ਪ੍ਰਧਾਨ ਨੇ ਦੱਸਿਆ ਕਿ ਗੋਲਕ 'ਚ 8 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ। ਇਸ ਤਰ੍ਹਾਂ ਨਾਨੋਵਾਲ ਖ਼ੁਰਦ ਅਤੇ ਨਾਨੋਵਾਲ ਜੀਂਦੜ ਦੇ ਗੁਰਦੁਆਰਿਆਂ ਦੇ ਵੀ ਮੇਨ ਗੇਟ ਦੇ ਤਾਲੇ ਟੁੱਟੇ ਹੋਏ ਸਨ। ਗੁਰਦੁਆਰਾ ਸਾਹਿਬ 'ਚੋਂ ਕੋਈ ਵੀ ਪੈਸਾ ਚੋਰੀ ਨਹੀਂ ਹੋਇਆ। ਨਾ ਹੀ ਬੇਅਦਬੀ ਦੀ ਕੋਈ ਘਟਨਾ ਵਾਪਰੀ ਹੈ। ਇਸ ਤੋਂ ਇਲਾਵਾ ਨਾਨੋਵਾਲ ਜੀਂਦੜ 'ਚ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਤਿੰਨ ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਨੇ ਕੁੱਝ ਸਾਮਾਨ ਅਤੇ ਨਕਦੀ ਚੋਰੀ ਕੀਤੀ ਹੈ।

ਦੁਕਾਨ ਮਾਲਕ ਅਜੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਨਾਨੋਵਾਲ ਜੀਂਦੜ ਨੇ ਸਵੇਰੇ ਆ ਕੇ ਦੇਖਿਆ ਕਿ ਉਸ ਦੀ ਦੁਕਾਨ ਦੇ ਸ਼ਟਰ ਦਾ ਮੇਨ ਤਾਲਾ ਟੁੱਟਾ ਹੋਇਆ ਹੈ। ਦੁਕਾਨ ਅੰਦਰ ਗੱਲੇ 'ਚ ਪਏ 7 ਹਜ਼ਾਰ ਰੁਪਏ ਦੇ ਕਰੀਬ ਗ਼ਾਇਬ ਹਨ। ਨਾਨੋਵਾਲ ਵਾਸੀ ਕਿਸ਼ਨ ਸਿੰਘ ਦੀ ਦੁਕਾਨ ਦਾ ਤਾਲਾ ਵੀ ਟੁੱਟਿਆ ਹੋਇਆ ਸੀ। ਉਸ ਦੀ ਦੁਕਾਨ ਅੰਦਰ ਪਿਆ 20 ਲਿਟਰ ਪੈਟਰੋਲ ਚੋਰੀ ਹੋ ਗਿਆ ਸੀ। ਜਬਰਜੰਗ ਸਿੰਘ ਦੀ ਦੁਕਾਨ ਦਾ ਤਾਲਾ ਵੀ ਚੋਰਾਂ ਵੱਲੋਂ ਤੋੜ ਦਿੱਤਾ ਗਿਆ। ਉਸ ਦੀ ਦੁਕਾਨ ਅੰਦਰੋਂ ਕੋਈ ਸਾਮਾਨ ਚੋਰੀ ਨਹੀਂ ਕੀਤਾ ਗਿਆ। ਇੱਥੇ ਵਰਣਨਯੋਗ ਹੈ ਕਿ ਬੇਟ ਖੇਤਰ ਅੰਦਰ ਚੋਰੀਆਂ ਦਾ ਸਿਲਸਿਲਾ ਪਿਛਲੇ ਕੁੱਝ ਦਿਨਾਂ ਤੋਂ ਸ਼ੁਰੂ ਹੋ ਕੇ ਬੇਲਗਾਮ ਅੱਗੇ ਵਧਦਾ ਜਾ ਰਿਹਾ ਹੈ। ਪੁਲਸ ਨੂੰ ਅਜੇ ਤੱਕ ਚੋਰਾਂ ਦਾ ਕੋਈ ਸੁਰਾਗ ਲਾਉਣ 'ਚ ਕਾਮਯਾਬੀ ਨਹੀਂ ਮਿਲੀ। ਹਲਕੇ ਦੇ ਲੋਕਾਂ ਦੀ ਮੰਗ ਹੈ ਕਿ ਪੁਲਸ ਰਾਤ ਸਮੇਂ ਪਿੰਡਾਂ 'ਚ ਗਸ਼ਤ ਕਰੇ ਤਾਂ ਜੋ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਨੱਥ ਪਾਈ ਜਾ ਸਕੇ।

Karan Kumar

This news is Content Editor Karan Kumar