ਸ਼੍ਰੋਮਣੀ ਅਕਾਲੀ ਦਲ ਨੇ ਫੂਕੇ ਪੰਜਾਬ ਸਰਕਾਰ ਦੇ ਪੁਤਲੇ ਤੇ ਜੰਮ ਕੇ ਕੀਤੀ ਹਾਏ-ਹਾਏ

07/08/2020 3:06:07 AM

ਤਰਨ ਤਾਰਨ,(ਰਮਨ, ਬਲਵਿੰਦਰ ਕੌਰ, ਵਾਲੀਆ, ਰਾਜੂ)- ਲੋਕ ਮੁੱਦਿਆਂ ਹਿੱਤ ਬੀਤੇ ਕੱਲ ਜਿਥੇ ਪੰਜਾਬ ਭਰ ’ਚ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ, ਉਥੇ ਸਥਾਨਕ ਮੁੱਖ ਬਾਜ਼ਾਰਾਂ ਅਤੇ ਚੌਕਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਕੈਪਟਨ ਸਰਕਾਰ ਦਾ ਪੁਤਲਾ ਫੂਕਦੇ ਹੋਏ ਜੰਮ ਕੇ ਹਾਏ-ਹਾਏ ਦੀ ਨਾਅਰੇਬਾਜ਼ੀ ਕੀਤੀ ਗਈ। ਜਾਣਕਾਰੀ ਅਨੁਸਾਰ ਸਥਾਨਕ ਤਹਿਸੀਲ ਚੌਕ ਤੋਂ ਬੋਹਡ਼ੀ ਚੌਕ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਅਕਾਲੀ ਦਲ ਦੇ ਵਰਕਰ ਅਤੇ ਅਹੁਦੇਦਾਰ ਸ਼ਾਮਲ ਸਨ, ਜਿਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇੇ ਬੋਹਡ਼ੀ ਚੌਕ ਵਿਖੇ ਇਕੱਤਰ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਹੋਂਦ ’ਚ ਆਉਣ ਦੌਰਾਨ ਬਾਦਲ ਸਰਕਾਰ ਵੱਲੋਂ ਲੋਡ਼ਵੰਦਾਂ ਲਈ 2007 ਤੋਂ 2017 ਤੱਕ ਜਾਰੀ ਕੀਤੇ ਗਏ ਨੀਲੇ ਕਾਰਡਾਂ ਨੂੰ ਬੰਦ ਕਰ ਦਿੱਤਾ ਗਿਆ, ਜਿਸ ਨਾਲ ਲੱਖਾਂ ਪਰਿਵਾਰ ਇਸ ਸਹੂਲਤ ਤੋਂ ਵਾਂਝੇ ਰਹਿ ਗਏ। ਸੰਧੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਬਿਜਲੀ ਦੇ ਮੋਟੇ-ਮੋਟੇ ਬਿੱਲ ਭੇਜਣਾ, ਸ਼ਗਨ ਸਕੀਮ ਨੂੰ ਬੰਦ ਕਰਨਾ, ਕੇਂਦਰ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਸਬੰਧੀ ਕੈਪਟਨ ਸਰਕਾਰ ਵੱਲੋਂ ਘਪਲੇ ਕੀਤੇ ਗਏ, ਕਾਂਗਰਸ ਰਾਜ ’ਚ ਕਾਗਰਸੀਆਂ ਦੀ ਮਿਲੀ ਭੁਗਤ ਨਾਲ ਨਕਲੀ ਬੀਜ ਵੇਚੇ ਜਾ ਰਹੇ ਹਨ, ਜਿਸ ਨਾਲ ਕਿਸਾਨੀ ਤਬਾਹ ਹੋਣ ਕੰਡੇ ਆ ਗਈ ਹੈ। ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਗਏ ਪੰਜਾਬ ਵਾਸੀਆਂ ਨਾਲ ਵਾਅਦਿਆਂ ’ਚੋਂ ਇਕ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ, ਜਿਸ ਤੋਂ ਪੰਜਾਬ ਵਾਸੀ ਕਾਫੀ ਦੁਖੀ ਹੋ ਗਏ ਹਨ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੁਝ ਦਿਨਾਂ ਦੀ ਮਹਿਮਾਨ ਬਣ ਕੇ ਰਹਿ ਗਈ ਹੈ। ਇਸ ਮੌਕੇ ਪੰਜਾਬ ਸਰਕਾਰ ਦਾ ਪੁਤਲਾ ਸਾਡ਼ਦੇ ਸਮੂਹ ਵਰਕਰਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਨੋਜ ਕੁਮਾਰ ਟਿੰਮਾਂ, ਸਰਬਜੀਤ ਸਿੰਘ ਲਾਲੀ, ਨਰਿੰਦਰਪਾਲ ਸਿੰਘ, ਬਲਜੀਤ ਸਿੰਘ ਗਿੱਲ, ਸਰਬਰਿੰਦਰ ਸਿੰਘ ਭਰੋਵਾਲ, ਨਵਰੂਪ ਸਿੰਘ ਸੰਧਾਵਾਲੀਆ, ਦੀਪਕ ਕੈਰੋ, ਯਾਦਵਿੰਦਰ ਸਿੰਘ ਯਾਦੂ, ਰਣਜੀਤ ਸਿੰਘ ਚੀਮਾਂ ਪਹਿਲਵਾਨ, ਸਰਬਜੀਤ ਸਿੰਘ ਭੁੱਲਰ, ਅਮਰਜੀਤ ਸਿੰਘ ਲਾਡਾ, ਜਸਬੀਰ ਸਿੰਘ ਮਿੰਟੂ ਕੌਂਸਲਰ, ਦਿਲਬਾਗ ਸਿੰਘ, ਸਤਨਾਮ ਸਿੰਘ, ਭੁਪਿੰਦਰ ਸਿੰਘ ਖੇਡ਼ਾ, ਸਵਿੰਦਰ ਸਿੰਘ ਸ਼ਿੰਦਾ, ਦਿਲਬਾਗ ਸਿੰਘ ਕੈਰੋਵਾਲ ਤੋਂ ਇਲਾਵਾ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।


Bharat Thapa

Content Editor

Related News