ਲੁਟੇਰਿਆਂ ਵੱਲੋਂ ਸੈਂਟਰਲ ਬੈਂਕ ਆਫ ਇੰਡੀਆ ਨੂੰ ਲੁੱਟਣ ਦੀ ਕੋਸ਼ਿਸ਼

01/13/2019 4:35:52 AM

ਤਰਨਤਾਰਨ,  (ਰਮਨ)-  ਸ਼ਹਿਰ ’ਚ ਰੋਜ਼ਾਨਾ ਹੋਣ ਵਾਲੀਆਂ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ’ਚ ਸਿਟੀ ਪੁਲਸ ਕਾਮਯਾਬ ਨਹੀਂ ਹੋ ਰਹੀ, ਜਿਸ ਦੀ ਇਕ ਮਿਸਾਲ ਬੀਤੀ ਰਾਤ ਸਥਾਨਕ ਪਲਾਸੌਰ ਰੋਡ ’ਤੇ ਸਥਿਤ ਇਕ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਤੋਂ ਮਿਲਦੀ ਹੈ। ਭਾਵੇਂ ਕਿ ਲੁਟੇਰਿਆਂ ਵੱਲੋਂ ਕੀਤੀ ਇਹ ਕੋਸ਼ਿਸ਼ ਨਾਕਾਮ ਰਹੀ ਹੈ ਪਰੰਤੂ ਇਸ ਤੋਂ ਸਥਾਨਕ ਸ਼ਹਿਰ ਦੀ ਪੁਲਸ ਦੀ ਗਸ਼ਤ ਪ੍ਰਣਾਲੀ ਦੀ ਢਿੱਲ਼ੀ ਕਾਰਵਾਈ ਦਾ ਸਬੂਤ ਸਾਹਮਣੇ ਆਉਂਦਾ ਨਜ਼ਰ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਮੁਖੀ ਸੁਖਰਾਜ ਸਿੰਘ ਅਤੇ ਪੁਲਸ ਚੌਕੀ ਟਾਉੂਨ ਦੇ ਇੰਚਾਰਜ ਵੱਲੋਂ ਮੌਕੇ ’ਤੇ ਪੁੱਜ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਪਲਾਸੌਰ ਰੋਡ ’ਤੇ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੀ ਇਕ ਸ਼ਾਖਾ ਨੂੰ ਕੁੱਝ ਅਣਪਛਾਤੇ ਲੁਟੇਰੇ ਬੀਤੀ ਰਾਤ 12.30 ਵਜੇ ਗੈਸ ਕਟਰ ਦੀ ਮਦਦ ਨਾਲ ਬੈਂਕ ਦੇ ਮੁੱਖ ਗੇਟ ਦੇ ਸ਼ਟਰ ਨੂੰ ਕੱਟਣ ਉਪਰੰਤ ਅੰਦਰ ਦਾਖਲ ਹੋ ਗਏ। ਇਹ ਸਾਰੀ ਘਟਨਾ ਬੈਂਕ ਦੇ ਅੰਦਰ ਅਤੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਰਿਕਾਰਡ ਹੋ ਚੁੱਕੀ ਹੈ। ਲੋਈਆਂ ਦੀਆਂ ਬੁੱਕਲਾਂ ’ਚ ਆਏ 4-5 ਅਣਪਛਾਤੇ ਲੁਟੇਰਿਆਂ ਨੇ ਬੈਂਕ ਅੰਦਰ ਦਾਖਲ ਹੋ ਕੇ ਦੁਬਾਰਾ ਅੰਦਰ ਵਾਲੇ ਕੈਂਚੀ ਗੇਟ ਨੂੰ ਲੱਗੇ ਤਾਲੇ ਵੀ ਤੋਡ਼ ਦਿੱਤੇ ਅਤੇ ਬੈਂਕ ਦੀ ਸੇਫ ਤੱੱਕ ਪੁੱਜਣ ਹੀ ਵਾਲੇ ਸਨ ਕਿ ਉਹ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਤੋਂ ਬਾਅਦ ਸਥਾਨਕ ਸ਼ਹਿਰ ਦੀ ਪੁਲਸ ’ਤੇ ਕਈ ਤਰ੍ਹਾਂ ਦੇ ਸਵਾਲ ਖਡ਼੍ਹੇ ਕਰ ਦਿੱਤੇ ਹਨ, ਜਿਸ ਤੋਂ ਸ਼ਹਿਰ ਵਾਸੀਆਂ ਦੀ ਨੀਂਦ ਹਰਾਮ ਹੋ ਰਹੀ ਹੈ। ਇਸ ਸਬੰਧੀ ਬੈਂਕ ਮੈਨੇਜਰ ਰਾਹੁਲ ਨੇ ਦੱਸਿਆ ਕਿ ਬੈਂਕ ਦੀ ਸਾਰੀ ਰਿਕਾਰਡਿੰਗ ਪੁਲਸ ਨੂੰ ਸੌਂਪ ਦਿੱਤੀ ਗਈ ਹੈ, ਜਿਸ ਦੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਹਾਲੇ ਬਿਜ਼ੀ ਹਨ ਅਤੇ ਬਾਅਦ ’ਚ ਗੱਲ ਕਰ ਸਕਣਗੇ।