ਬਾਰਿਸ਼ ਕਾਰਨ ਸ਼ਹਿਰ ਹੋਇਆ ਜਲਥਲ, ਸਿਵਲ ਹਸਪਤਾਲ ਪਠਾਨਕੋਟ ’ਚ ਭਰਿਆ ਪਾਣੀ

08/24/2023 3:59:07 PM

ਪਠਾਨਕੋਟ (ਅਦਿੱਤਿਆ)- ਬੀਤੀ ਰਾਤ ਤੋਂ ਲੈ ਕੇ ਸਵੇਰੇ 4 ਵਜੇ ਤੱਕ ਲਗਾਤਾਰ ਪਈ ਬਾਰਿਸ਼ ਕਾਰਨ ਸ਼ਹਿਰ ’ਚ ਜਲਥਲ ਹੋ ਗਿਆ, ਜਿਸ ਕਾਰਨ ਸਿਵਲ ਹਸਪਤਾਲ ਪਠਾਨਕੋਟ ਦੇ ਬਾਹਰ ਅਤੇ ਅੰਦਰ ਪਾਣੀ ਭਰ ਜਾਣ ਕਾਰਨ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਨਾਲ ਹੀ ਕਾਲੀ ਮਾਤਾ ਮੰਦਰ ਰੋਡ, ਡਾਕਖਾਨਾ ਚੌਕ, ਪਟੇਲ ਚੌਕ, ਢਾਂਗੂ ਰੋਡ, ਗਾਂਧੀ ਚੌਕ, ਡਲਹੌਜ਼ੀ ਰੋਡ ਆਦਿ ਵੀ ਪਾਣੀ ਦੀ ਨਿਕਾਸੀ ਤੋਂ ਅਛੂਤੇ ਨਹੀਂ ਰਹੇ ਅਤੇ ਨਿਕਾਸੀ ਨਾ ਹੋਣ ਕਾਰਨ ਪਾਣੀ ਦੁਕਾਨਾਂ ਅੰਦਰ ਵੜ ਗਿਆ ਅਤੇ ਕਈ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ।

 

ਇਹ ਵੀ ਪੜ੍ਹੋ- ਦੇਸ਼ ਲਈ ਪਾਕਿ 'ਚ ਜਾਸੂਸੀ ਕਰਨ ਵਾਲੇ 8 ਜਾਸੂਸਾਂ 'ਚੋਂ 6 ਨੇ ਦੁਨੀਆ ਨੂੰ ਕਿਹਾ ਅਲਵਿਦਾ, 2 ਦੀ ਹਾਲਾਤ ਬਦ ਤੋਂ ਬਦਤਰ

ਇੱਥੇ ਹੀ ਬੱਸ ਨਹੀਂ ਉਕਤ ਪਾਣੀ ਭਰਨ ਕਾਰਨ ਸਵੇਰੇ ਸਕੂਲ-ਕਾਲਜ ਜਾਣ ਵਾਲੇ ਬੱਚਿਆਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਨਾਲ ਹੀ ਸਿਵਲ ਹਸਪਤਾਲ ਦੇ ਸਾਹਮਣੇ ਪਾਣੀ ਭਰ ਜਾਣ ਕਾਰਨ ਕਈ ਲੋਕਾਂ ਦੇ ਵਾਹਨ ਪਾਣੀ ’ਚ ਰੁਕ ਗਏ, ਜਿਨ੍ਹਾਂ ਨੂੰ ਬਾਹਰ ਕੱਢਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰ ’ਚੋਂ ਪਾਣੀ ਦੀ ਨਿਕਾਸੀ ਲਈ ਠੋਸ ਕਦਮ ਚੁੱਕੇ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਝੇਲਣੀ ਪਵੇ।

ਇਹ ਵੀ ਪੜ੍ਹੋ- ਪਾਕਿ ਵਲੋਂ ਭਾਰਤ ਭੇਜੀ ਹੈਰੋਇਨ ਦੀ ਵੱਡੀ ਖੇਪ ਬਰਾਮਦ, ਪਿਸਤੌਲ ਤੇ ਡਰੱਗ ਮਨੀ ਸਣੇ 3 ਨਸ਼ਾ ਤਸਕਰ ਗ੍ਰਿਫ਼ਤਾਰ

ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਸੁਨੀਲ ਚੰਦ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਬਾਰਿਸ਼ ਕਾਰਨ ਸਿਵਲ ਹਸਪਤਾਲ ’ਚ ਪਾਣੀ ਭਰ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਵਾਰਡ ’ਚ ਦਾਖ਼ਲ ਮਰੀਜ਼ਾਂ ਨੂੰ ਬਾਹਰ ਕੱਢ ਕੇ ਦੂਜੇ ਵਾਰਡ ’ਚ ਸ਼ਿਫਟ ਕਰ ਦਿੱਤਾ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਝੱਲਣੀ ਪਵੇ, ਇਸ ਸਮੇਂ ਪਾਣੀ ਦਾ ਪੱਧਰ ਘੱਟ ਗਿਆ ਹੈ ਅਤੇ ਉਨ੍ਹਾਂ ਵੱਲੋਂ ਵਾਰਡ ਅਤੇ ਹਸਪਤਾਲ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਜੋ ਚੈੱਕਅਪ ਲਈ ਆਉਣ ਵਾਲੇ ਮਰੀਜ਼ਾਂ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ-  9ਵੀਂ ਜਮਾਤ ਦੇ ਨਾਬਾਲਗ ਮੁੰਡੇ ਦੀ ਕਰਤੂਤ, 11ਵੀਂ 'ਚ ਪੜ੍ਹਦੀ ਕੁੜੀ ਨਾਲ ਕੀਤੀ ਇਹ ਘਟੀਆ ਹਰਕਤ

ਚੇਅਰਮੈਨ ਵਿਭੂਤੀ ਸ਼ਰਮਾ ਨੇ ਸਿਵਲ ਹਸਪਤਾਲ ’ਚ ਸਥਿਤੀ ਦਾ ਲਿਆ ਜਾਇਜ਼ਾ

ਪੰਜਾਬ ਸੈਰ ਸਪਾਟਾ ਵਿਕਾਸ ਨਿਗਮ ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੂੰ ਸਿਵਲ ਹਸਪਤਾਲ ’ਚ ਬਰਸਾਤੀ ਪਾਣੀ ਭਰਨ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਮੌਕੇ ’ਤੇ ਹਸਪਤਾਲ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਦੱਸਿਆ ਕਿ ਬਾਰਿਸ਼ ਦੌਰਾਨ ਹਸਪਤਾਲ ਦੇ ਪਿੱਛੇ ਦੀ ਕੰਧ ਕਿਸੇ ਵਿਅਕਤੀ ਵੱਲੋਂ ਤੋੜਨ ਕਾਰਨ ਉਕਤ ਇਲਾਕੇ ਦਾ ਸਾਰਾ ਪਾਣੀ ਹਸਪਤਾਲ ’ਚ ਦਾਖਲ ਹੋ ਗਿਆ, ਜਿਸ ਕਾਰਨ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਅਤੇ ਇਸ ਕਾਰਨ ਹਸਪਤਾਲ ’ਚ ਪਈ ਮਸ਼ੀਨਰੀ ਵੀ ਖ਼ਰਾਬ ਹੋ ਗਈ ਹੈ। ਇਸ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਭਵਿੱਖ ’ਚ ਅਜਿਹੇ ਹਾਲਾਤ ਪੈਦਾ ਨਾ ਹੋਣ। ਦੂਜੇ ਪਾਸੇ ਪਾਣੀ ਕਾਰਨ ਖ਼ਰਾਬ ਹੋਈ ਮਸ਼ੀਨਰੀ ਬਾਰੇ ਰਿਪੋਰਟ ਤਿਆਰ ਕਰਨ ਲਈ ਕਿਹਾ ਤਾਂ ਜੋ ਉਸ ਨੂੰ ਸਰਕਾਰ ਨੂੰ ਭੇਜੀ ਜਾ ਸਕੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan