ਲਾਪਤਾ ਅੌਰਤ ਤੇ ਉਸ ਦੀ  ਬੱਚੀ ਨੂੰ ਪੁਲਸ ਨੇ ਕੀਤਾ ਵਾਰਿਸਾਂ ਹਵਾਲੇ

09/23/2018 7:20:11 AM

ਤਰਨਤਾਰਨ (ਰਮਨ)- ਪਿਛਲੇ ਚਾਰ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਕਾਰਨ ਲਾਪਤਾ ਇਕ ਅੌਰਤ ਅਤੇ ਉਸ ਦੀ ਛੋਟੀ ਬੱਚੀ ਨੂੰ ਥਾਣਾ ਸਿਟੀ ਦੀ ਪੁਲਸ ਨੇ ਉਸ ਦੇ ਵਾਰਿਸਾਂ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਅਰਜਨ ਹਸਪਤਾਲ, ਨੇਡ਼ੇ ਭਾਗ ਸ਼ਾਹ ਮੁਹੱਲਾ ਤਰਨਤਾਰਨ ਦੇ ਨਜ਼ਦੀਕ  ਬਲਵਿੰਦਰ ਕੌਰ ਪਤਨੀ ਬੂਟਾ ਸਿੰਘ ਵਾਸੀ ਪਿੰਡ ਚੀਚਾ ਜ਼ਿਲਾ ਅੰਮ੍ਰਿਤਸਰ ਅਤੇ ਉਸ ਦੀ ਢਾਈ ਸਾਲਾ ਬੱਚੀ ਮਨਦੀਪ ਕੌਰ ਪ੍ਰੇਸ਼ਾਨ ਹਾਲਤ ਵਿਚ ਸਡ਼ਕ ’ਤੇ ਘੁੰਮ ਰਹੀਆਂ ਸਨ। ਥੋਡ਼੍ਹੀ ਦੇਰ ਬਾਅਦ ਇਹ ਅੌਰਤ ਆਪਣੀ ਬੱਚੀ ਨੂੰ ਉਕਤ ਹਸਪਤਾਲ ਵਿਚ ਛੱਡਣ ਲਈ ਕਿਸੇ ਮੌਕੇ ਦੀ ਇੰਤਜ਼ਾਰ ਵਿਚ ਸੀ ਜਿਸ ਨੂੰ ਵੇਖਦੇ ਹੋਏ ਹਸਪਤਾਲ ਵਿਚ ਮੌਜੂਦ ਮੈਡੀਕਲ ਸਟੋਰ ਮਾਲਕ ਮੰਗਲ ਦੀਪ ਸਿੰਘ ਮੌਂਟੂ ਨੇ ਉਕਤ ਅੌਰਤ ਨੂੰ ਛੱਕ ਪੈਣ ’ਤੇ ਹਸਪਤਾਲ ਵਿਚ ਸਟਾਫ ਨਰਸਾਂ ਦੀ ਮਦਦ ਨਾਲ ਕਿਸੇ ਬਹਾਨੇ ਰੋਕ ਲਿਆ। ਅੌਰਤ ਦੇ ਕਪਡ਼ੇ ਕਾਫੀ ਮੈਲੇ ਸਨ ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਇਹ ਕਿਸੇ ਸਮੱਸਿਆ ਵਿਚ ਹੈ। ਇਸ ਦੌਰਾਨ ਮੰਗਲ ਦੀਪ ਮੌਂਟੂ ਨੇ ਇਸ ਸਬੰਧੀ ਸੂਚਨਾਂ ਤੁਰੰਤ ਥਾਣਾ ਸਿਟੀ ਦੇ ਮੁੱਖੀ ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ਨੂੰ ਦਿੱਤੀ ਜਿਨ੍ਹਾਂ ਨੇ ਮੌਕੇ  ’ਤੇ ਏ.ਐੱਸ.ਆਈ ਗੁਰਮੀਤ ਸਿੰਘ ਧਾਰਡ਼ ਸਮੇਤ ਮਹਿਲਾ ਪੁਲਿਸ ਨੂੰ ਮੌਕੇ ’ਤੇ ਭੇਜਿਆ। ਇੰਸਪੈਕਟਰ ਚੰਦਰ ਭੂਸ਼ਣ ਸ਼ਰਮਾ ਨੇ ਦੱਸਿਆ ਕਿ ਉਕਤ ਅੌਰਤ ਪਿਛਲੇ ਕਰੀਬ ਚਾਰ ਦਿਨਾਂ ਤੋਂ ਆਪਣੀ ਬੱਚੀ ਮਨਦੀਪ ਕੌਰ ਨਾਲ ਘਰੋਂ ਚੱਲੀ ਗਈ ਸੀ ਜੋ ਮਾਨਸਿਕ ਤੌਰ ’ਤੇ ਕੁੱਝ ਪ੍ਰੇਸ਼ਾਨ ਹੈ। ਇਸ ਅੌਰਤ ਨੂੰ ਪੁਲਸ ਪਾਰਟੀ ਨੇ ਉਸ ਦੀ ਮਾਤਾ ਗੁਰਦੀਪ ਕੌਰ ਪਤਨੀ ਕੁੰਨਣ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਦੇ ਹਵਾਲੇ ਸਹੀ ਸਲਾਮਤ ਕਰ ਦਿੱਤਾ ਹੈ। ਥਾਣਾ ਮੁੱਖੀ ਨੇ ਕਿਹਾ ਕਿ ਪੁਲਸ ਆਪਣੀ ਡਿਊਟੀ ਸਹੀ ਢੰਗ ਨਾਲ ਕਰ ਰਹੀ ਹੈ। ਇਸ ਮੌਕੇ ਏ.ਐੱਸ.ਆਈ ਗੁਰਮੀਤ ਸਿੰਘ ਧਾਰਡ਼, ਐੱਚ.ਸੀ ਬਲਰਾਜ ਕੌਰ, ਕਾਂਸਟੇਬਲ ਗੁਰਪਿੰਦਰ ਕੌਰ, ਮੁੱਖ ਮੁਨਸ਼ੀ ਦਰਸ਼ਨ ਸਿੰਘ ਆਦਿ ਹਾਜ਼ਰ ਸਨ।