ਗੁਰਦਾਸਪੁਰ ’ਚ ਮੁੜ ਜਾਗੀ ਮੈਡੀਕਲ ਕਾਲਜ ਬਣਨ ਦੀ ਉਮੀਦ, DC ਹਿਮਾਂਸ਼ੂ ਨੇ ਸਰਕਾਰ ਨੂੰ ਭੇਜੀ ਨਕਸ਼ੇ ਸਮੇਤ ਤਜਵੀਜ

09/04/2023 5:40:00 PM

ਗੁਰਦਾਸਪੁਰ (ਹਰਮਨ)- ਆਧੁਨਿਕ ਸਮੇਂ ਦੇ ਤੇਜ਼ ਰਫ਼ਤਾਰ ਸਾਇੰਸ ਦੇ ਯੁੱਗ ਵਿਚ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਅਜੇ ਵੀ ਅੱਵਲ ਦਰਜੇ ਦੀਆਂ ਸਿਹਤ ਸਹੂਲਤਾਂ ਨੂੰ ਤਰਸ ਰਿਹਾ ਹੈ। ਬੇਸ਼ੱਕ ਪਿਛਲੀ ਸਰਕਾਰ ਮੌਕੇ ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਰਟਰ ’ਤੇ ਮੈਡੀਕਲ ਕਾਲਜ ਬਣਾਉਣ ਸਬੰਧੀ ਕਾਫ਼ੀ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਗੁਰਦਾਸਪੁਰ ਸ਼ਹਿਰ ਤਾਂ ਕੀ ਸਮੁੱਚੇ ਜ਼ਿਲ੍ਹੇ ਅੰਦਰ ਹੀ ਕਿਤੇ ਮੈਡੀਕਲ ਕਾਲਜ ਨਹੀਂ ਬਣ ਸਕਿਆ ਪਰ ਹੁਣ ਗੁਰਦਾਸਪੁਰ ਵਿਖੇ ਮੈਡੀਕਲ ਕਾਲਜ ਬਣਾਉਣ ਦੀ ਕੋਸ਼ਿਸ਼ ਅਤੇ ਪ੍ਰਕਿਰਿਆ ਮੁੜ ਸ਼ੁਰੂ ਹੋਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਲੋਕ ਨਿਰਮਾਣ ਵਿਭਾਗ, ਸਿਹਤ ਵਿਭਾਗ ਦੇ ਅਧਿਕਾਰੀਆਂ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸਿਵਲ ਹਸਪਤਾਲ ਦਾ ਦੌਰਾ ਕੀਤਾ।

ਇਸ ਦੌਰਾਨ ਡਾ. ਅਗਰਵਾਲ ਨੇ ਮੈਡੀਕਲ ਕਾਲਜ ਬਣਾਉਣ ਲਈ ਲੋੜੀਂਦੀ ਅਤੇ ਤਜਵੀਜ ਜ਼ਮੀਨ ਦਾ ਜਾਇਜ਼ਾ ਲਿਆ। ਇਕੱਤਰ ਜਾਣਕਾਰੀ ਅਨੁਸਾਰ ਜਦੋਂ ਪਿਛਲੀ ਸਰਕਾਰ ਨੇ ਮੈਡੀਕਲ ਕਾਲਜ ਬਣਾਉਣ ਦੇ ਐਲਾਨ ਕੀਤੇ ਸਨ ਤਾਂ ਉਸ ਮੌਕੇ ਪਿੰਡ ਬੱਬਰੀ ਦੀ ਕਰੀਬ 7-8 ਏਕੜ ਜ਼ਮੀਨ ਵਿਚ ਇਹ ਹਸਪਤਾਲ ਬਣਾਉਣ ਦੀ ਕਾਰਵਾਈ ਵਿਚਾਰ ਅਧੀਨ ਸੀ ਪਰ ਹੁਣ ਪ੍ਰਸ਼ਾਸਨ ਵੱਲੋਂ ਜੋ ਨਵਾਂ ਨਕਸ਼ਾ ਤਿਆਰ ਕਰਵਾਇਆ ਗਿਆ ਹੈ, ਉਸ ਅਨੁਸਾਰ ਮੈਡੀਕਲ ਕਾਲਜ ਤੇ ਹਸਪਤਾਲ ਲਈ ਕੁੱਲ 25 ਏਕੜ ਜਗ੍ਹਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ

ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਹੁਣ ਨਵੀਂ ਤਜਵੀਜ ਅਨੁਸਾਰ ਇਹ ਮੈਡੀਕਲ ਕਾਲਜ ਬੱਬਰੀ ਵਿਖੇ ਸਿਵਲ ਹਸਪਤਾਲ ਦੇ ਬਿਲਕੁੱਲ ਨਾਲ ਹੀ ਅਟੈਚ ਹੋਵੇਗਾ ਅਤੇ ਹਸਪਤਾਲ ’ਚ ਦੀ ਮੌਜੂਦਾ ਜਗ੍ਹਾ ਘੱਟ ਹੋਣ ਕਾਰਨ ਇਸ ਦੇ ਨਾਲ ਲੱਗਦੀ ਸ਼ਾਮਲਾਟ ਅਤੇ ਪਿੰਡ ਬੱਬਰੀ ਦੀ ਜ਼ਮੀਨ ਵੀ ਤਜਵੀਜ ਮੈਡੀਕਲ ਕਾਲਜ ਲਈ ਵਰਤੀ ਜਾਵੇਗੀ।

ਸਿਵਲ ਹਸਪਤਾਲ ਦੀ ਕੀ ਹੈ ਮੌਜੂਦਾ ਸਥਿਤੀ?

ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਰਟਰ ’ਤੇ ਸਥਿਤ ਮੌਜੂਦਾ ਸਿਵਲ ਹਸਪਤਾਲ 100 ਬਿਸਤਰਿਆਂ ਦੇ ਹਸਪਤਾਲ ਦੀ ਸਮਰੱਥਾ ਅਨੁਸਾਰ ਕੰਮ ਕਰ ਰਿਹਾ ਹੈ, ਜਿਸ ਨੂੰ 200 ਬੈੱਡ ਦੇ ਹਸਪਤਾਲ ਵਜੋਂ ਅਪਗ੍ਰੇਡ ਕਰਨ ਲਈ ਪਿਛਲੀ ਕਾਂਗਰਸ ਸਰਕਾਰ ਨੇ ਐਲਾਨ ਕੀਤਾ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੀ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਤੇ ਹੋਰ ਲੋੜੀਂਦੀ ਕਾਰਵਾਈ ਵੀ ਕਰ ਦਿੱਤੀ ਸੀ ਪਰ ਉਸ ਮੌਕੇ ਇਸ ਹਸਪਤਾਲ ਵਿਚ 200 ਬੈੱਡਾਂ ਦੇ ਹਸਪਤਾਲ ਦੀ ਜ਼ਰੂਰਤ ਅਨੁਸਾਰ ਨਾ ਤਾਂ ਡਾਕਟਰਾਂ ਦੀਆਂ ਆਸਾਮੀਆਂ ਵਧਾਈਆਂ ਗਈਆਂ ਅਤੇ ਨਾ ਹੀ ਇਕ ਵੱਡੇ ਹਸਪਤਾਲ ਲਈ ਲੋੜੀਂਦਾ ਹੋਰ ਸਾਜੋ-ਸਾਮਾਨ ਭੇਜਿਆ ਗਿਆ।

ਮੌਜੂਦਾ ਸਮੇਂ ਵਿਚ ਇਸ ਹਸਪਤਾਲ ਦੇ ਹਾਲਾਤ ਇਹ ਬਣੇ ਹੋਏ ਹਨ ਕਿ ਬੇਸ਼ੱਕ ਹਸਪਤਾਲ ਦੀਆਂ ਵੱਖ-ਵੱਖ ਬਰਾਂਚਾ ਅਤੇ ਵਾਰਡਾਂ ’ਚ 200 ਤੋਂ ਵੀ ਜ਼ਿਆਦਾ ਬੈੱਡ ਲੱਗੇ ਹੋਏ ਹਨ ਪਰ ਲੋੜੀਂਦਾ ਸਾਜੋ ਸਾਮਾਨ ਅਤੇ ਸਟਾਫ਼ ਨਾ ਹੋਣ ਕਾਰਨ ਆਏ ਦਿਨ ਇਥੇ ਕੋਈ ਨਾ ਕੋਈ ਸਮੱਸਿਆ ਅਤੇ ਵਿਵਾਦ ਬਣਿਆ ਰਹਿੰਦਾ ਹੈ।

ਅਜੇ ਮੁੱਢਲੀ ਅਵਸਥਾ ’ਚ ਹੈ ਕਾਰਵਾਈ

ਮੈਡੀਕਲ ਕਾਲਜ ਬਣਾਉਣ ਦੀ ਇਹ ਕਾਰਵਾਈ ਅਜੇ ਬੇਹੱਦ ਮੁਢਲੀ ਅਵਸਥਾ ’ਚ ਹੈ। ਕੁਝ ਦਿਨ ਪਹਿਲਾਂ ਵੀ ਚੰਡੀਗੜ੍ਹ ਤੋਂ ਉਚ ਅਧਿਕਾਰੀਆਂ ਦੀ ਟੀਮ ਨੇ ਬੱਬਰੀ ਸਥਿਤ ਸਿਵਲ ਹਸਪਤਾਲ ਅਤੇ ਮੈਡੀਕਲ ਕਾਲਜ ਲਈ ਰੱਖੀ ਜਗ੍ਹਾ ਦਾ ਦੌਰਾ ਕੀਤਾ ਸੀ ਅਤੇ ਹੁਣ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੁੜ ਸਬੰਧਤ ਅਧਿਕਾਰੀਆਂ ਦੀ ਟੀਮ ਨੂੰ ਨਾਲ ਲੈ ਕੇ ਬਹੁਤ ਬਾਰੀਕੀ ਨਾਲ ਕਾਲਜ ਦੇ ਨਕਸ਼ੇ ਅਤੇ ਹੋਰ ਤੱਥਾਂ ਦੀ ਸਮੀਖਿਆ ਕੀਤੀ ਹੈ। ਇਸ ਦੇ ਬਾਅਦ ਹੁਣ ਇਹ ਰਿਪੋਰਟ ਮੁੜ ਸਰਕਾਰ ਨੂੰ ਭੇਜੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ

ਮੈਡੀਕਲ ਕਾਲਜ ਬਣਾਉਣ ਨੂੰ ਲੈ ਕੇ ਬਹੁਤ ਸੰਜੀਦਗੀ ਨਾਲ ਕੀਤਾ ਜਾ ਰਿਹੈ ਕੰਮ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਗੁਰਦਾਸਪੁਰ ਵਿਚ ਮੈਡੀਕਲ ਕਾਲਜ ਬਣਾਉਣ ਨੂੰ ਲੈ ਕੇ ਬਹੁਤ ਸੰਜੀਦਗੀ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੁੱਢਲੀਆਂ ਰਿਪੋਰਟਾਂ ਸਰਕਾਰ ਨੂੰ ਭੇਜੀਆਂ ਸਨ ਅਤੇ ਹੁਣ ਵੀ ਮੈਡੀਕਲ ਕਾਲਜ ਖੋਲ੍ਹਣ ਲਈ ਸਾਈਟ ਦਾ ਨਿਰੀਖਣ ਕਰਨ ਦੇ ਬਾਅਦ ਪੂਰੀ ਵਿਸਥਾਰ ਸਹਿਤ ਤਜਵੀਜ ਸਰਕਾਰ ਨੂੰ ਭੇਜੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਵਿਚ 50 ਬੈੱਡਾਂ ਵਾਲਾ ਨਸ਼ਾ ਪੁਨਰਵਾਸ ਕੇਂਦਰ ਵੀ ਜਲਦੀ ਦੁਬਾਰਾ ਖੋਲ੍ਹਿਆ ਜਾ ਰਿਹਾ ਹੈ। ਇਸੇ ਤਰ੍ਹਾਂ ਕਰੀਬ 30 ਬੈੱਡਾਂ ਦਾ ਟੀ. ਬੀ. ਸੈਂਟਰ ਅਤੇ 50 ਬੈੱਡਾਂ ਦਾ ਆਈਸੋਲੇਸ਼ਨ ਵਾਰਡ ਵੀ ਸ਼ੁਰੂ ਹੋਵੇਗਾ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ।

ਕੀ ਕਹਿਣਾ ਹੈ ਚੇਅਰਮੈਨ ਰਮਨ ਬਹਿਲ ਦਾ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਗੁਰਦਾਸਪੁਰ ਦੀ ਨੁਮਾਇੰਦਗੀ ਕਰ ਰਹੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਮੈਡੀਕਲ ਕਾਲਜ ਦੇ ਮੁੱਦੇ ਨੂੰ ਸਿਰਫ ਵੋਟ ਬੈਂਕ ਵਧਾਉਣ ਤੱਕ ਸੀਮਤ ਰੱਖਿਆ ਸੀ। ਉਸ ਮੌਕੇ ਕਾਂਗਰਸ ਸਰਕਾਰ ਨੇ ਜੇਕਰ ਮੈਡੀਕਲ ਕਾਲਜ ਬਣਾਉਣ ਵਿਚ ਕੋਈ ਸੰਜੀਦਗੀ ਦਿਖਾਈ ਹੁੰਦੀ ਤਾਂ ਅੱਜ ਗੁਰਦਾਸਪੁਰ ਵਿਚ ਮੈਡੀਕਲ ਬਣਨ ਦੀ ਸ਼ੁਰੂਆਤ ਹੋ ਚੁੱਕੀ ਹੁੰਦੀ।

ਉਨ੍ਹਾਂ ਕਿਹਾ ਕਿ ਇਕੱਲੇ ਗੁਰਦਾਸਪੁਰ ਜ਼ਿਲ੍ਹੇ ’ਚ ਨਹੀਂ ਸਗੋਂ ਪਠਾਨਕੋਟ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਪੰਜਾਬ ਨੇੜਲੇ ਇਲਾਕਿਆਂ ਵਿਚ ਵੀ ਕੋਈ ਮੈਡੀਕਲ ਕਾਲਜ ਨਹੀਂ ਹੈ। ਇਸ ਲਈ ਗੁਰਦਾਸਪੁਰ ਵਿਚ ਜੇਕਰ ਮੈਡੀਕਲ ਕਾਲਜ ਬਣੇਗਾ ਤਾਂ ਇਸ ਦਾ ਸਰਹੱਦੀ ਜ਼ਿਲ੍ਹਿਆਂ ਦੇ ਨਾਲ-ਨਾਲ ਹਿਮਾਚਲ ਤੇ ਜੰਮੂ ਕਸ਼ਮੀਰ ਨੂੰ ਵੀ ਵੱਡਾ ਲਾਭ ਹੋਵੇਗਾ। ਬਹਿਲ ਨੇ ਕਿਹਾ ਕਿ ਉਹ ਪੂਰੀ ਕੋਸ਼ਿਸ ਕਰ ਰਹੇ ਹਨ ਕਿ ਗੁਰਦਾਸਪੁਰ ਵਿਚ ਮੈਡੀਕਲ ਕਾਲਜ ਜ਼ਰੂਰ ਬਣ ਸਕੇ ਅਤੇ ਜਲਦੀ ਉਹ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨਗੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 

Shivani Bassan

This news is Content Editor Shivani Bassan