ਮਾਲ ਆਫ਼ ਅੰਮ੍ਰਿਤਸਰ ਦੇ ਫੂਡ ਕੋਰਟ ’ਚ ਸਿਹਤ ਵਿਭਾਗ ਦੀ ਛਾਪੇਮਾਰੀ, ਸਿੰਗਲ ਯੂਜ਼ ਪਲਾਸਟਿਕ ਵੀ ਕੀਤਾ ਜ਼ਬਤ

01/29/2023 12:03:22 PM

ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਿਹਤ ਵਿਭਾਗ ਦੀ ਟੀਮ ਨੇ ਮਾਲ ਆਫ਼ ਅੰਮ੍ਰਿਤਸਰ ਦੇ ਫੂਡ ਕੋਰਟ ’ਤੇ ਛਾਪੇਮਾਰੀ ਕੀਤੀ। ਚੀਫ਼ ਸੈਨੇਟਰੀ ਇੰਸਪੈਕਟਰ ਜਗਦੀਪ ਸਿੰਘ, ਵਿਜੇ ਗਿੱਲ ਨੇ ਸਿਹਤ ਅਧਿਕਾਰੀ ਡਾ. ਕਿਰਨ ਨਾਲ ਮਿਲ ਕੇ ਫੂਡ ਕੋਰਟ ’ਚ ਡੇਢ ਦਰਜਨ ਤੋਂ ਵੱਧ ਆਊਟਲੈਟਸਾਂ ਦੀ ਚੈਕਿੰਗ ਕੀਤੀ, ਜਿਨ੍ਹਾਂ ਵਿਚ ਸਿੰਗਲ ਯੂਜ਼ ਪਲਾਸਟਿਕ ਵੀ ਪਾਇਆ ਗਿਆ, ਜਿਸ ਨੂੰ ਟੀਮ ਨੇ ਜ਼ਬਤ ਕਰ ਲਿਆ। ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਾਈ ਗਈ ਹੈ ਪਰ ਇਸ ਦੇ ਬਾਵਜ਼ੂਦ ਸ਼ਹਿਰ ਵਿਚ ਇਸ ਦੀ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਇਸ ਦੀ ਵਰਤੋਂ ਸ਼ਹਿਰ ਵਿਚ ਰੇਹੜੀ ਵਿਕਰੇਤਾਵਾਂ ਤੋਂ ਲੈ ਕੇ ਮਾਲ ਦੇ ਅੰਦਰ ਤੱਕ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਨਸ਼ੇ 'ਚ ਟੱਲੀ ਪੰਜਾਬ ਪੁਲਸ ਮੁਲਾਜ਼ਮ ਦਾ ਕਾਰਾ, ਟਰੈਕਟਰ ਸਵਾਰ ਨੌਜਵਾਨ ਨੂੰ ਜ਼ਖ਼ਮੀ ਕਰਕੇ ਕੀਤਾ ਹਾਈ ਵੋਲਟੇਜ਼ ਡਰਾਮਾ

ਨਗਰ ਨਿਗਮ ਪ੍ਰਸ਼ਾਸਨ ਵੱਲੋਂ ਪਿਛਲੇ ਕਈ ਸਮੇਂ ਤੋਂ ਗਿੱਲੇ ਅਤੇ ਸੁੱਕੇ ਕੂੜੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਸ਼ਹਿਰ ਦੇ ਮਸ਼ਹੂਰ ਮਾਲਜ਼ ਦੇ ਅੰਦਰ ਕੂੜੇਦਾਨ ਤਾਂ ਲੱਗੇ ਹਨ ਪਰ ਇਨ੍ਹਾਂ ’ਚ ਗਿੱਲਾ ਅਤੇ ਸੁੱਕਾ ਕੂੜਾ ਇਕੱਠਾ ਹੀ ਪਾਇਆ ਜਾ ਰਿਹਾ ਹੈ, ਜਿਸ ਲਈ ਟੀਮ ਨੇ ਆਊਟਲੈਂਟਸ ਨੂੰ ਤਾੜਨਾ ਕੀਤੀ।

ਆਊਟਲੈਂਟਸ ਦੇ ਕੱਟੇ ਗਏ ਚਲਾਨ

ਮਾਲ ਦੇ ਅੰਦਰ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਅਤੇ ਗੰਦਗੀ ਫ਼ੈਲਾਉਣ ਵਾਲੇ ਆਊਟਲੈਂਟਸ ਦੇ ਚਲਾਨ ਕੀਤੇ ਗਏ ਅਤੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਦੁਬਾਰਾ ਗੰਦਗੀ ਦਾ ਆਲਮ ਪਾਇਆ ਗਿਆ ਜਾਂ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਿਹਤ ਅਧਿਕਾਰੀ ਨੇ ਕਿਹਾ ਕਿ ਟੀਮ ਵੱਲੋਂ ਦੁਬਾਰਾ ਚੈਕਿੰਗ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਮੋਟਰਸਾਈਕਲ ਸਵਾਰਾਂ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਹਮਲਾਵਰ ਹੋਏ ਫ਼ਰਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan