ਸਿਹਤ ਵਿਭਾਗ ਨੇ ਬਟਾਲਾ ਦੀ ਸਬਜ਼ੀ ਮੰਡੀ ’ਚੋਂ ਆਮ ਲੋਕਾਂ ਦੇ ਲਏ 31 ਸੈਂਪਲ

06/03/2020 11:43:21 PM

ਬਟਾਲਾ,(ਬੇਰੀ)- ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੀ ਜਾਂਚ ਲਈ ਆਮ ਨਾਗਰਿਕਾਂ ਦੇ ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਸਿਵਲ ਹਸਪਤਾਲ ਬਟਾਲਾ ਦੇ ਐੱਸ. ਐੱਮ. ਓ. ਡਾ. ਸੰਜੀਵ ਕੁਮਾਰ ਭੱਲਾ ਦੀ ਅਗਵਾਈ ਹੇਠ ਅੱਜ ਸਿਹਤ ਵਿਭਾਗ ਦੀ ਟੀਮ ਨੇ ਬਟਾਲਾ ਦੀ ਸਬਜ਼ੀ ਮੰਡੀ ’ਚ ਪਹੁੰਚ ਕੇ ਦੁਕਾਨ ਮਾਲਕਾਂ, ਉਨ੍ਹਾਂ ਦੇ ਕਾਮਿਆਂ ਅਤੇ ਸਬਜ਼ੀ ਲੈਣ ਆਏ ਗ੍ਰਾਹਕਾਂ ਦੇ 31 ਸੈਂਪਲ ਲਏ ਗਏ। ਇਨ੍ਹਾਂ ਸੈਂਪਲਾਂ ਦੇ ਨਤੀਜੇ ਕੱਲ ਸ਼ਾਮ ਤੱਕ ਆ ਜਾਣਗੇ।

ਇਸ ਸਬੰਧੀ ਐੱਸ. ਐੱਮ. ਓ. ਡਾ. ਸੰਜੀਵ ਕੁਮਾਰ ਭੱਲਾ ਨੇ ਦੱਸਿਆ ਕਿ ਇਹ ਸੈਂਪਲ ਮਿਸ਼ਨ ਫਤਿਹ ਤਹਿਤ ਲਏ ਜਾ ਰਹੇ ਹਨ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਕਿਤੇ ਕੋਰੋਨਾ ਵਾਇਰਸ ਦਾ ਕਮਿਊਨਿਟੀ ਸਪਰੈਡ ਤਾਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਭਵਿੱਖ ’ਚ ਰੁਟੀਨ ਵਿਚ ਮੰਡੀ, ਸ਼ਹਿਰ ਦੇ ਬਜ਼ਾਰਾਂ ’ਚੋਂ ਆਮ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ। ਡਾ. ਭੱਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਜਿਥੇ ਲੋਕਾਂ ਦੇ ਸੈਂਪਲ ਲਏ ਹਨ ਉਥੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਮੰਡੀ, ਬਜ਼ਾਰ ਆਦਿ ’ਚ ਸੈਂਪਲ ਲੈਣ ਆਈ ਮੈਡੀਕਲ ਟੀਮ ਨੂੰ ਪੂਰਾ ਸਹਿਯੋਗ ਕਰਨ।

Bharat Thapa

This news is Content Editor Bharat Thapa