ਪੰਜਾਬ ਵਕਫ ਬੋਰਡ ਦੇ ਚੇਅਰਮੈਨ ਦਾ ਫੂਕਿਆ ਪੁਤਲਾ

01/12/2019 5:51:17 AM

ਅੰਮ੍ਰਿਤਸਰ, (ਜਸ਼ਨ/ਕਮਲ)- ਪੰਜਾਬ ਵਕਫ  ਬੋਰਡ ਕਿਰਾਏਦਾਰ ਯੂਨੀਅਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਨਵੇਂ ਕਾਲੇ ਕਾਨੂੰਨ ਦੇ ਵਿਰੋਧ ’ਚ ਹਾਲ ਗੇਟ ਚੌਕ ’ਤੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਾਰੇ ਪ੍ਰੋੋਗਰਾਮ ਦੀ ਪ੍ਰਧਾਨਗੀ ਉਕਤ ਯੂਨੀਅਨ ਦੇ ਪ੍ਰਧਾਨ ਰਾਜਪਾਲ ਨੇ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜੋਨਸਨ ਮਾਰਕੀਟ ਐਸੋ., ਹਾਲ ਬਾਜ਼ਾਰ ਐਸੋ. ਦੇ ਪ੍ਰਧਾਨ ਸੁਨੀਲ ਕੋਂਟੀ, ਹਿੰਦੂ ਸੰਘਰਸ਼ ਸੈਨਾ ਦੇ ਰਾਸ਼ਟਰੀ ਪ੍ਰਧਾਨ ਅਰੁਣ ਕੁਮਾਰ ਪੋਪਾ ਆਦਿ ਸ਼ਾਮਿਲ ਹੋਏ। ਇਸ ਰੋਸ ਪ੍ਰਦਰਸ਼ਨ ਦੌਰਾਨ ਆਪਣੇ ਸੰਬੋਧਨ ’ਚ ਉਕਤ ਸਾਰੇ ਅਹੁਦੇਦਾਰਾਂ ਨੇ ਇਕਸੁਰ ਪੱਤਰਕਾਰਾਂ ਨੂੰ ਕਿਹਾ ਕਿ ਵਕਫ ਬੋਰਡ ਵੱਲੋਂ ਕਈ ਸਾਲਾਂ ਤੋਂ ਪੁਰਾਣੇ ਕਿਰਾਏਦਾਰਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ, ਇਸ ਧੱਕੇਸ਼ਾਹੀ ਨੂੰ ਹੁਣ ਕਿਸੇ ਵੀ ਕੀਮਤ ’ਤੇ ਸਹਿਣ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਲ 2013-14 ’ਚ ਮਨਮੋਹਨ ਸਿੰਘ ਸਰਕਾਰ ਨੇ ਇਕ ਨਵਾਂ ਕਾਨੂੰਨ ਪਾਸ ਕੀਤਾ ਸੀ, ਜਿਸ ਤਹਿਤ ਵਕਫ ਬੋਰਡ ਨਵੇਂ ਸਿਰੇ ਤੋਂ ਕਿਰਾਏਦਾਰਾਂ ਦੀ ਬੋਲੀ ਤੱਕ ਕਰਵਾ ਸਕਦਾ ਹੈ। ਉਹ ਇਸ ਕਾਲੇ ਕਾਨੂੰਨ ਤਹਿਤ ਕਈ ਵਾਰ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ ਪਰ ਅਜੇ ਵੀ ਤੱਕ ਇਸ ਪ੍ਰਤੀ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਨਵੇਂ ਕਾਲੇ ਕਾਨੂੰਨ ਤਹਿਤ ਸਿਰਫ ਅੰਮ੍ਰਿਤਸਰ ਵਿਚ ਹੀ 12500 ਦੇ ਲਗਭਗ ਪਰਿਵਾਰ ਪ੍ਰਭਾਵਿਤ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਪਰਿਵਾਰਾਂ ਨੂੰ 2013-14 ਦੇ ਐਕਟ ਵਿਚ ਲਿਆ ਕੇ ਜਗ੍ਹਾ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਤੇ ਕਿਹਾ ਗਿਆ ਹੈ ਕਿ 11 ਮਹੀਨੇ ਬਾਅਦ ਇਸ ਜਗ੍ਹਾ ਦੀ ਨੀਲਾਮੀ ਕੀਤੀ ਜਾਵੇਗੀ, ਇਹ ਸਰਾਸਰ ਧੱਕੇਸ਼ਾਹੀ ਨਹੀਂ ਤਾਂ ਹੋਰ ਕੀ ਹੈ?
ਇਸ ਮੌਕੇ ਪ੍ਰਦੀਪ ਸਿੰਘ,  ਰਮਿੰਦਰ ਸਿੰਘ, ਰਾਕੇਸ਼ ਮਹਾਜਨ, ਸੁਰਜੀਤ ਸਿੰਘ, ਪਵਨ ਮਹਾਜਨ, ਰਵੀ ਮਹਾਜਨ, ਜੋਗਿੰਦਰਪਾਲ ਮਹਾਜਨ, ਕੈਲਾਸ਼ ਚੰਦਰ ਮਹਾਜਨ, ਵਿਸ਼ਾਲ ਸ਼ਰਮਾ, ਵਿਵੇਕ ਸ਼ਰਮਾ, ਦਿਪਾਂਸ਼ੂ ਸੱਭਰਵਾਲ, ਸੂਰਜ ਭਾਰਦਵਾਜ ਆਦਿ ਮੌਜੂਦ ਸਨ।