ਮਾਮਲਾ ਪ੍ਰੋਗਰਾਮ ਦੌਰਾਨ ਖਾਣੇ ’ਚ ਨਿਕਲੀ ਸੁੰਡੀ ਦਾ, ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਈ ਵੱਡੀ ਕਾਰਵਾਈ

10/25/2023 2:07:56 PM

ਅੰਮ੍ਰਿਤਸਰ (ਅਵਧੇਸ਼) : ਬੀਤੇ ਦਿਨੀਂ ਇਕ ਵਿਆਹ ਸਮਾਗਮ ਨਾਲ ਸਬੰਧਤ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਵਿਚ ਮੈਰਿਜ ਪੈਲੇਸ ਵਿਚ ਸਮਾਗਮ ਕਰ ਰਹੇ ਲੋਕਾਂ ਨੇ ਮੈਰਿਜ ਪੈਲੇਸ ਮਾਲਕ ਵਲੋਂ ਸੁੰਡੀ ਵਾਲਾ ਖਾਣਾ ਪਰੋਸਣ ਦੀ ਸ਼ਿਕਾਇਤ ਕੀਤੀ ਸੀ। ਵਾਇਰਲ ਹੋਈ ਵੀਡੀਓ ਵਿਚ, ਇਹ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਿਹਾ ਸੀ ਕਿ ਮੈਰਿਜ਼ ਪੈਲੇਸ ਵਲੋਂ ਸੁੰਡੀ ਵਾਲਾ ਭੋਜਨ ਪਰੋਸਣ ’ਤੇ ਬਹਿਸ ਕਰਨ ਤੋਂ ਬਾਅਦ ਸਮਾਗਮ ਦੇ ਪ੍ਰਬੰਧਕ ਨੇ ਗੁੱਸੇ ਵਿਚ ਬਾਹਰ ਸੜਕ ਨੂੰ ਵੀ ਜਾਮ ਕਰ ਦਿੱਤਾ ਸੀ। ਜਾਮ ਤੋਂ ਬਾਅਦ ਛੇਹਰਟਾ ਥਾਣੇ ਦੀ ਪੁਲਸ ਹਰਕਤ ਵਿਚ ਆਈ ਅਤੇ ਕਾਰਵਾਈ ਦੇ ਨਾਂ ’ਤੇ ਪ੍ਰੋਗਰਾਮ ਦੇ ਪ੍ਰਬੰਧਕ ਦੇ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ। ਹਾਲਾਂਕਿ ਇਹ ਸਾਰਾ ਮਾਮਲਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪੁਲਸ ਪ੍ਰਸ਼ਾਸਨ ਦੀ ਇਸ ਕਾਰਜ ਪ੍ਰਣਾਲੀ ’ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਦੂਜੇ ਪਾਸੇ ਇਸ ਚਰਚਿਤ ਮਾਮਲੇ ਨੂੰ ਲੈ ਕੇ ਮੰਗਲਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਹਰਕਤ ਵਿਚ ਆ ਗਏ ਅਤੇ ਪੁਰਾਣੀ ਚੁੰਗੀ ਸਥਿਤ ਮੈਰਿਜ ਪੈਲੇਸ ਇਸਟਾ ’ਤੇ ਛਾਪਾ ਮਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫੂਡ ਐਂਡ ਡਰੱਗ ਕਮਿਸ਼ਨਰ ਪੰਜਾਬ ਅਭਿਨਵ ਤ੍ਰਿਖਾ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਅੰਮ੍ਰਿਤਸਰ ਜ਼ਿਲ੍ਹੇ ਦੇ ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਨੂੰ ਛਾਪੇਮਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਅੱਜ ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਚਾਰ ਮੈਂਬਰੀ ਵਿਸ਼ੇਸ਼ ਟੀਮ ਨੇ ਹੋਟਲ ਇਸਟਾ ਵਿਖੇ ਜਾ ਕੇ ਬਾਰੀਕੀ ਨਾਲ ਜਾਂਚ ਕੀਤੀ।

ਇਹ ਵੀ ਪੜ੍ਹੋ: ਸੂਬੇ ਲਈ ਰਾਹਤ ਦੀ ਖ਼ਬਰ, ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ 'ਚ ਆਈ ਗਿਰਾਵਟ

ਛਾਪੇਮਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਜਾਣਕਾਰੀ ਟੀਮ ਨੇ ਜਦੋਂ ਉਥੇ ਸਾਰੀ ਸਫਾਈ ਦਾ ਜਾਇਜ਼ਾ ਲਿਆ ਤਾਂ ਪਤਾ ਲੱਗਾ ਕਿ ਸਥਿਤੀ ਠੀਕ ਨਹੀਂ ਸੀ। ਇਸ ਤੋਂ ਬਾਅਦ ਟੀਮ ਨੇ ਰਸੋਈ ’ਤੇ ਛਾਪਾ ਮਾਰਿਆ ਤਾਂ ਉਥੇ ਹਾਲਤ ਤਰਸਯੋਗ ਪਾਈ ਗਈ। ਉੱਥੇ ਸਫ਼ਾਈ ਦੀ ਹਾਲਤ ਵੀ ਚੰਗੀ ਨਹੀਂ ਸੀ। ਇਸ ਦੇ ਨਾਲ ਹੀ ਉਥੋਂ ਦੇ ਕਿਸੇ ਵੀ ਭੋਜਨ ਵਿਚ ਸੁੰਡੀ ਆਦਿ ਨਹੀਂ ਪਾਈ ਗਈ। ਰਸੋਈ ਵਿਚ ਕੁਝ ਕਮੀਆਂ ਪਾਈਆਂ ਗਈਆਂ ਹਨ, ਜਿਸ ਸਬੰਧੀ ਹੋਟਲ ਮੈਨੇਜਰ ਨੂੰ ਅਗਲੇ 14 ਦਿਨਾਂ ਦਾ ਸਮਾਂ ਦੇਣ ਦਾ ਨੋਟਿਸ ਦਿੱਤਾ ਗਿਆ ਹੈ। ਹੋਟਲ ਪ੍ਰਬੰਧਕਾਂ ਨੂੰ ਦਿੱਤੇ ਨੋਟਿਸ ਵਿਚ ਸਿਹਤ ਵਿਭਾਗ ਨੇ ਹੋਟਲ ਕੰਪਲੈਕਸ ਖਾਸ ਕਰ ਕੇ ਰਸੋਈ ਦੀ ਸਫ਼ਾਈ ਵਿਵਸਥਾ ਵਿਚ ਸੁਧਾਰ ਕਰਨ ਅਤੇ ਰਸੋਈ ਨੂੰ ਪੂਰੀ ਤਰ੍ਹਾਂ ਸਾਫ਼ ਸੁਥਰਾ ਬਣਾਉਣ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਆਦੇਸ਼ ਦਿੱਤੇ ਹਨ।

ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਪੈਲਸ ਦੀ 14 ਦਿਨਾਂ ਬਾਅਦ ਮੁੜ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਉਕਤ ਕਮੀਆਂ ਦੁਬਾਰਾ ਪਾਈਆਂ ਗਈਆਂ ਤਾਂ ਕਾਨੂੰਨ ਅਨੁਸਾਰ ਪੈਲਸ ਨੂੰ ਸੀਲ ਕੀਤਾ ਜਾ ਸਕਦਾ ਹੈ। ਅਧਿਕਾਰੀ ਨੇ ਦੱਸਿਆ ਕਿ ਜਦੋਂ ਪੈਲਸ ਮਾਲਕ ਤੋਂ ਖਾਣੇ ਵਿਚ ਸੁੰਡੀਆਂ ਹੋਣ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਹੋਟਲ ਮਾਲਕ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਸਾਰਾ ਮਾਮਲਾ ਪੇਮੈਂਟ ਦਾ ਹੈ।

ਹਾਲਾਂਕਿ ਤਿਉਹਾਰਾਂ ਅਤੇ ਵਿਆਹਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਅਧਿਕਾਰੀ ਨੇ ਸਾਰੇ ਹੋਟਲਾਂ ਅਤੇ ਰਿਜ਼ੋਰਟ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਖਾਣ-ਪੀਣ ਦੀਆਂ ਵਸਤੂਆਂ ਅਤੇ ਆਪਣੀਆਂ ਰਸੋਈਆਂ ਨੂੰ ਪੂਰੀ ਤਰ੍ਹਾਂ ਸਾਫ਼ ਰੱਖਣ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਸ਼ੋਅਰੂਮਾਂ, ਦੁਕਾਨਾਂ ਆਦਿ ’ਤੇ ਲਗਾਤਾਰ ਨਜ਼ਰ ਰੱਖੀ ਜਾਵੇਗੀ ਅਤੇ ਛਾਪੇਮਾਰੀ ਜਾਰੀ ਰਹੇਗੀ।

ਇਹ ਵੀ ਪੜ੍ਹੋ: ਮਾੜੇ ਸਮੇਂ ਕਾਂਗਰਸ ਛੱਡ ਅਤੇ ਪਾਰਟੀ ਹਰਾਉਣ ਵਾਲੇ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ : ਰਾਜਾ ਵੜਿੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anuradha

This news is Content Editor Anuradha