ਗੰਨ ਹਾਊਸ ਦੇ ਮਾਲਕ ਸਮੇਤ 10 ਖਿਲਾਫ ਮਾਮਲਾ ਦਰਜ

09/29/2018 2:39:39 AM

ਅੰਮ੍ਰਿਤਸਰ, (ਅਰੁਣ)- ਬੀਤੇ ਕੱਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਜਾਨਲੇਵਾ ਹਮਲਾ ਕਰਦਿਆਂ ਇਕ ਵਿਅਕਤੀ ’ਤੇ ਗੋਲੀਆਂ ਚਲਾਉਣ ਵਾਲੇ 10 ਦੇ ਕਰੀਬ ਹਮਲਾਵਰਾਂ ਖਿਲਾਫ ਥਾਣਾ ਛੇਹਰਟਾ ਦੀ ਪੁਲਸ  ਨੇ ਇਰਾਦਾ ਕਤਲ ਦੋਸ਼ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਵਿਚ ਵਿਕਾਸ ਖੋਸਲਾ ਨੇ ਦੱਸਿਆ ਕਿ ਮੈਟਰੋ ਸਿਟੀ ਰਾਮਤੀਰਥ ਰੋਡ ਵਿਖੇ ਲਏ ਇਕ ਪਲਾਟ ਜਿਸ ਵਿਚ ਉਹ ਹਰ ਵੀਰਵਾਰ ਪੀਰ ਬਾਬਾ ਦੇ ਚਿਰਾਗ ਜਗਾਉਂਦਾ ਹੈ। ਹਮੇਸ਼ਾਂ ਦੀ ਤਰ੍ਹਾਂ ਬੀਤੀ ਸ਼ਾਮ ਵੀ ਉਹ ਜਦੋਂ ਆਪਣੇ ਸਾਥੀਆਂ ਨਾਲ ਚਿਰਾਗ ਜਗਾਉਣ ਆਇਆ ਤਾਂ ਹਥਿਆਰਾਂ ਨਾਲ ਲੈਸ ਹੋ ਕੇ ਪੁੱਜੇ ਕਰਮਜੀਤ ਸਿੰਘ ਕਰਮਾ ਵਾਸੀ ਅਜੀਤ ਗੰਨ ਹਾਊਸ ਛੇਹਰਟਾ, ਸੁਖਵਿੰਦਰ ਸਿੰਘ ਵਾਸੀ ਰਾਜਾਸਾਂਸੀ ਤੇ 7-8 ਹੋਰ ਅਣਪਛਾਤੇ ਵਿਅਕਤੀਆਂ ਨੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਉਸ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਸ ਨੇ ਦੌਡ਼ ਕੇ ਆਪਣੀ ਜਾਨ ਬਚਾਈ।
ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਵਿਕਾਸ ਖੋਸਲਾ ਨੇ ਦੋਸ਼ ਲਾਇਆ ਕਿ ਹਮਲਾਵਰ ਜਿਨ੍ਹਾਂ ਦੇ ਅਪਰਾਧਿਕ ਕਿਸਮ ਦੇ ਲੋਕਾਂ ਨਾਲ ਸਬੰਧ ਹਨ, ਉਸ ਕੋਲੋਂ ਲੱਖਾਂ ਰੁਪਏ ਦੀ ਫਿਰੌਤੀ ਮੰਗ ਰਹੇ ਸਨ। ਇਸ ਤੋਂ ਪਹਿਲਾਂ ਵੀ ਜਦੋਂ ਉਹ ਬੁਕੀ ਦਾ ਕੰਮ ਕਰਦਾ ਸੀ ਤਾਂ ਉਹ ਲੱਖਾਂ ਰੁਪਏ ਫਿਰੌਤੀ ਦੀ ਰਕਮ ਦੇ ਚੁੱਕਾ ਹੈ। ਪੁਲਸ ਨੇ ਇਰਾਦਾ ਕਤਲ ਤੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਮਾਮਲੇ ਦੀ ਗੰਭੀਰਤਾ ਨਾਲ ਕਰ ਰਹੀ ਹੈ ਜਾਂਚ : ਏ. ਸੀ. ਪੀ. ਪੱਛਮੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਪੱਛਮੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪੈਸਿਅਾਂ ਦੇ ਲੈਣ-ਦੇਣ ਦਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਹਮਲਾਵਰਾਂ ’ਤੇ ਲਾਏ ਜਾਣ ਵਾਲੇ ਅਪਰਾਧਿਕ ਵਿਅਕਤੀਅਾਂ ਨਾਲ ਸਬੰਧਾਂ ਨੂੰ ਨਕਾਰਦਿਆਂ ਕਿਹਾ ਕਿ ਪੁਲਸ ਇਸ ਮਾਮਲੇ ਨੂੰ ਬਾਰੀਕੀ ਨਾਲ ਖੰਗਾਲ ਰਹੀ ਹੈ, ਜਾਂਚ ਮਗਰੋਂ ਹੀ ਪੂਰੇ ਤੱਥ ਖੁੱਲ੍ਹ ਕੇ ਸਾਹਮਣੇ ਆਉਣਗੇ। ਇਕ ਸਵਾਲ ਦੇ ਜਵਾਬ ’ਚ ਬੋਲਦਿਆਂ ਪੁਲਸ ਅਧਿਕਾਰੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਇਨ੍ਹਾਂ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇ ਮਾਰ ਰਹੀ ਹੈ।