ਅਮਰਕੋਟ ਦੀ ਮੰਡੀ ''ਚ ਕਣਕ ਦੀ ਆਮਦ ਜ਼ੋਰਾਂ ''ਤੇ ਪਰ ਨਹੀਂ ਹੋਈ ਖਰੀਦ ਸ਼ੁਰੂ

04/21/2018 9:49:54 AM

ਵਲਟੋਹਾ/ਅਮਰਕੋਟ, (ਗੁਰਮੀਤ ਸਿੰਘ/ਅਮਰਗੋਰ/ਸੰਦੀਪ)—ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਤੇ ਆੜ੍ਹਤੀਆਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਅਨਾਜ ਮੰਡੀਆਂ ਵਿਚ ਜਿਣਸ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਕਿਸੇ ਵੀ ਵਰਗ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਇਹ ਸਾਰੇ ਵਾਅਦੇ ਸਿਰਫ ਹਵਾਈ ਕਿਲੇ ਹੀ ਸਿੱਧ ਹੋ ਰਹੇ ਹਨ। ਜਿਸ ਦੀ ਮਿਸਾਲ ਅਨਾਜ ਮੰਡੀ ਅਮਰਕੋਟ ਵਿਖੇ ਵੇਖਣ ਨੂੰ ਮਿਲੀ, ਜਿੱਥੇ ਜਿਣਸ ਆਈ ਨੂੰ ਤਾਂ ਹਫ਼ਤੇ ਤੋਂ ਉਪਰ ਸਮਾਂ ਲੰਘ ਗਿਆ ਹੈ ਪਰ ਅਜੇ ਕਣਕ ਦੀ ਖਰੀਦ ਸ਼ੁਰੂ ਨਹੀਂ ਹੋ ਰਹੀ ਅਤੇ ਇੱਥੋਂ ਤੱਕ ਕਿ ਅਜੇ ਤੱਕ ਤਾਂ ਬਾਰਦਾਨਾਂ ਵੀ ਮੰਡੀ ਵਿਚ ਨਹੀਂ ਪਹੁੰਚਿਆ। ਜਿਸ ਦੇ ਰੋਸ ਵਜੋਂ ਅੱਜ ਆੜ੍ਹਤੀਆਂ ਐਸੋਸੀਏਸ਼ਨ, ਕਿਸਾਨ ਸੰਘਰਸ਼ ਕਮੇਟੀ ਅਤੇ ਪੱਲੇਦਾਰ ਯੂਨੀਅਨ ਵੱਲੋਂ ਸਾਂਝੇ ਤੌਰ 'ਤੇ ਅਮਰਕੋਟ ਚੌਂਕ ਵਿਚ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆੜ੍ਹਤੀਆਂ ਐਸੋਸੀਏਸ਼ਨ ਵੱਲੋਂ ਆੜ੍ਹਤੀ ਸਰਪੰਚ ਜਰਮਲ ਸਿੰਘ ਵਲਟੋਹਾ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਰਪੰਚ ਕਾਰਜ ਸਿੰਘ ਦਿਉਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਹਰੇਕ ਵਰਗ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਮੰਡੀਆਂ ਵਿਚ ਕਿਸਾਨਾਂ ਦੀ ਕਣਕ ਦੀ ਤੁਰੰਤ ਖਰੀਦ ਕਰਕੇ ਮੌਕੇ 'ਤੇ ਹੀ ਅਦਾਇਗੀ ਕੀਤੀ ਜਾਵੇਗੀ ਪਰ ਹੁਣ ਜਦੋਂ ਫਸਲ ਮੰਡੀਆਂ ਵਿਚ ਪਹੁੰਚ ਚੁੱਕੀ ਹੈ ਤਾਂ ਕਣਕ ਖਰੀਦੀ ਨਹੀਂ ਜਾ ਰਹੀ ਅਤੇ ਨਾ ਹੀ ਏਜੰਸੀਆਂ ਕੋਲ ਬਾਰਦਾਨਾਂ ਪਹੁੰਚਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਧਾਇਕ ਸੁਖਪਾਲ ਸਿੰਘ ਭੁੱਲਰ ਵੱਲੋਂ ਭਾਵੇਂ ਕਣਕ ਦੀ ਖਰੀਦ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ ਹੈ ਪਰ ਉਸ ਤੋਂ ਬਾਅਦ ਕਣਕ ਦੀ ਖਰੀਦ ਨਹੀਂ ਹੋਈ ਅਤੇ ਕਿਸਾਨ ਫਸਲ ਨੂੰ ਵੇਚਣ ਲਈ ਹਫ਼ਤੇ ਭਰ ਤੋਂ ਮੰਡੀਆਂ ਵਿਚ ਧੱਕੇ ਖਾ ਰਿਹਾ ਹੈ ਅਤੇ ਖਰੀਦ ਸ਼ੁਰੂ ਨਾ ਹੋਣ ਕਾਰਨ ਆੜ੍ਹਤੀ ਅਤੇ ਮਜ਼ਦੂਰ ਵੀ ਪਰੇਸ਼ਾਨ ਹਨ। ਉਨ੍ਹਾਂ ਨੇ ਆਖਿਆ ਕਿ ਜੇਕਰ ਸਰਕਾਰ ਨੇ ਕਣਕ ਦੀ ਖਰੀਦ ਜਲਦੀ ਤੋਂ ਜਲਦੀ ਸ਼ੁਰੂ ਕਰਕੇ ਅਦਾਇਗੀ ਨਾ ਕੀਤੀ ਤਾਂ ਜ਼ੋਰਦਾਰ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜਿੰਮੇਵਾਰੀ ਕੈਪਟਨ ਸਰਕਾਰ ਦੀ ਹੋਵੇਗੀ। ਇਸ ਮੌਕੇ ਅਸ਼ੋਕ ਕੁਮਾਰ, ਗੁਰਚੇਤ ਸਿੰਘ, ਜਰਮਲ ਸਿੰਘ, ਰਾਜਬੀਰ ਸਿੰਘ, ਸੁਖਵਿੰਦਰ ਸਿੰਘ ਬੱਬੂ, ਸੁਖਦੇਵ ਸਿੰਘ ਠੇਕੇਦਾਰ, ਦਵਿੰਦਰ ਮਲਕਾ, ਸੰਜੀਵ ਅਮਰਕੋਟ, ਡਾ. ਜਸਬੀਰ ਸਿੰਘ, ਮਨੋਜ ਕੁਮਾਰ, ਦਲਜੀਤ ਸਿੰਘ ਦਾਸੂਵਾਲ, ਮਨਦੀਪ ਸਿੰਘ, ਜਸਵਿੰਦਰ ਸਿੰਘ, ਜੀਵਨ ਕੁਮਾਰ, ਪਾਰਸ ਸ਼ਰਮਾਂ, ਦੀਦਾਰ ਸਿੰਘ ਆਸਲ, ਸੁੱਖ ਬੇਰੀਆਂ ਵਾਲੇ, ਬਲਦੇਵ ਸਿੰਘ ਬਿੱਲੂ, ਗੁਰਦੀਪ ਸਿੰਘ, ਬਲਵੰਤ ਸਿੰਘ, ਹਰਭਜਨ ਸਿੰਘ, ਸ਼ੀਤਲ ਸਿੰਘ, ਕੁਲਵੰਤ ਸਿੰਘ ਅਮੀਰਕੇ, ਸਤਨਾਮ ਸਿੰਘ ਖਾਲਸਾ, ਸੂਬਾ ਸਿੰਘ ਢੋਲਣ, ਗੁਰਪ੍ਰੀਤ ਸਿੰਘ ਵਲਟੋਹਾ, ਓਮ ਪ੍ਰਕਾਸ਼ ਸ਼ਰਮਾਂ, ਰਛਪਾਲ ਸਿੰਘ ਸਰਪੰਚ ਲਾਖਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ, ਮਜ਼ਦੂਰ ਅਤੇ ਆੜ•ਤੀਏ ਹਾਜ਼ਰ ਸਨ। ਧਰਨਾਕਾਰੀਆਂ ਦਾ ਪ੍ਰਦਰਸ਼ਨ ਵੇਖਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੰਦੀਪ ਰਿਸ਼ੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਵਿਸ਼ਵਾਸ਼ ਦਿਵਾਇਆ ਕਿ ਕਣਕ ਦੀ ਖਰੀਦ ਜਲਦ ਸ਼ੁਰੂ ਕਰਵਾਈ ਜਾਵੇਗੀ ਅਤੇ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।