ਚੌਧਰੀ ਨੇ ਆਰ. ਟੀ. ਏ.’ਤੇ ਬੱਸਾਂ ਦੇ ਨਾਜਾਇਜ਼ ਚਲਾਨ ਕਰਨ ਦੇ ਲਾਏ ਦੋਸ਼

01/13/2019 5:59:00 AM

ਅੰਮ੍ਰਿਤਸਰ,   (ਛੀਨਾ)-  ਅੰਮ੍ਰਿਤਸਰ ਗੁਰਦਾਸਪੁਰ ਬੱਸ ਯੂਨੀਅਨ ਦੇ ਪ੍ਰਧਾਨ ਚੌਧਰੀ ਅਸ਼ੋਕ ਕੁਮਾਰ ਮੰਨਣ ਨੇ ਆਰ. ਟੀ. ਏ. ਸੈਕਟਰੀ ਰਜਨੀਸ਼ ਅਰੋਡ਼ਾ ’ਤੇ ਨਾਜਾਇਜ਼ ਬੱਸਾਂ ਦੇ ਚਲਾਨ ਕਰਨ ਦੇ ਦੋਸ਼ ਲਾਏ ਹਨ। ਅੱਜ ਇਥੇ ਗੱਲਬਾਤ ਦੌਰਾਨ ਚੌਧਰੀ ਅਸ਼ੋਕ ਕੁਮਾਰ ਮੰਨਣ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਆਰ. ਟੀ. ਏ. ਸੈਕਟਰੀ ਰਜਨੀਸ਼ ਅਰੋਡ਼ਾ ਬੱਸਾਂ ਵਾਲਿਆਂ ਕੋਲੋਂ ਨਾਜਾਇਜ਼ ਉਗਰਾਹੀ ਕਰਨ ਦੇ ਮਕਸਦ ਨਾਲ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਿਸ ਦੀ ਤਾਜ਼ਾ ਮਿਸਾਲ ਉਹ (ਚੌਧਰੀ) ਖੁਦ ਹਨ। ਚੌਧਰੀ ਮੰਨਣ ਨੇ ਦੋਸ਼ ਲਗਾਉਦਿਆਂ ਕਿਹਾ ਕਿ ਆਰ. ਟੀ. ਏ. ਅਰੋਡ਼ਾ ਨੇ ਅੰਮ੍ਰਿਤਸਰ ’ਚ ਭ੍ਰਿਸ਼ਟਾਚਾਰ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆ ਹਨ ਜਿਸ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਟਰਾਂਸਪੋਰਟ ਮੰਤਰੀ ਪੰਜਾਬ ਤੇ ਵਿਜੀਲੈਂਸ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਵੀ ਚਿੱਠੀਆਂ ਕੱਢ ਕੇ ਜਾਣੂ ਕਰਵਾਇਆ ਗਿਆ ਹੈ। ਚੌਧਰੀ ਮੰਨਣ ਨੇ ਕਿਹਾ ਕਿ ਆਰ. ਟੀ. ਏ. ਅਰੋਡ਼ਾ ਨੇ ਮੈਨੂੰ ਵੀ ਮਹੀਨਾ ਭਰਨ ਦਾ ਸੁਨੇਹਾ ਭੇਜਿਆ ਸੀ ਜਿਸ ਨੂੰ ਮੈਂ ਮੁੱਢੋਂ ਨਕਾਰ ਦਿੱਤਾ ਸੀ ਕਿਉਂਕਿ ਮੇਰੀ ਕੋਈ ਵੀ ਬੱਸ ਨਾਜਾਇਜ਼ ਨਹੀਂ ਚਲਦੀ ਜਿਸ ਕਾਰਨ ਮੈਂ ਨਾਜਾਇਜ਼ ਪੈਸੇ ਨਹੀਂ ਭਰ ਸਕਦਾ। ਉਨ੍ਹਾਂ ਕਿਹਾ ਕਿ ਇਸੇ ਰੰਜਿਸ਼ ਕਾਰਨ ਆਰ. ਟੀ. ਏ. ਅਰੋਡ਼ਾ ਨੇ ਮੇਰੀਆਂ ਬੱਸਾਂ ਦੇ ਚਲਾਨ ਕਰਕੇ ਮੈਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਰ. ਟੀ. ਏ. ਅਰੋਡ਼ਾ ਟੂਰਿਸਟ ਬੱਸਾਂ ਦੇ ਟੈਕਸ ਜਮ੍ਹਾਂ ਕਰਵਾਉਣ ਦੀ ਬਜਾਏ ਖੁਦ ਮੁਨਾਫਾ ਲੈ ਰਿਹਾ ਹੈ ਜਿਸ ਕਾਰਨ ਸਰਕਾਰ ਦੇ ਖਜ਼ਾਨੇ ਨੂੰ ਵੀ ਭਾਰੀ ਚੂਨਾ ਲਗਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਂ ਸਮੂਹ ਟਰਾਂਸਪੋਰਟ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਟਰਾਂਸਪੋਰਟਰਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਇਸ ਆਰ.ਟੀ.ਏ. ਨੂੰ ਇਕ ਵੀ ਬਸ ਵੰਗਾਂਰ ’ਤੇ ਨਾ ਦਿੱਤੀ ਜਾਵੇ। ਇਸ ਸਬੰਧ ’ਚ ਆਰ. ਟੀ. ਏ. ਸੈਕਟਰੀ ਰਜਨੀਸ਼ ਅਰੋਡ਼ਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਚੌਧਰੀ ਅਸ਼ੋਕ ਕੁਮਾਰ ਮੰਨਣ ਵਲੋਂ ਨਾਜਾਇਜ ਤੰਗ ਪ੍ਰੇਸ਼ਾਨ ਕਰਨ ਸਮੇਤ ਲਗਾਏ ਗਏ ਸਾਰੇ ਹੀ ਦੋਸ਼ਾਂ ਨੂੰ ਨਕਾਰਦਿਆ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਉਨ੍ਹਾਂ ਵਲੋਂ ਬਿਨਾਂ ਰੂਟ ਪਰਮਿਟ ਅਤੇ ਬਿਨਾਂ ਟਾਈਮ ਟੇਬਲ ਤੋਂ ਚੱਲਣ ਵਾਲੀਆਂ ਬੱਸਾਂ ਦੇ ਰੂਟੀਨ ਨਾਲ ਚਲਾਨ ਕੀਤਾ ਜਾ ਰਹੇ ਸਨ, ਜਿਸ ਦੌਰਾਨ ਚੌਧਰੀ ਮੰਨਣ ਦੀ ਬੱਸ ਦਾ ਵੀ ਚਲਾਨ ਕੀਤਾ ਗਿਆ ਸੀ। ਆਰ. ਟੀ. ਏ. ਨੇ ਕਿਹਾ ਕਿ ਚੌਧਰੀ ਵਲੋਂ ਮਹੀਨਾ ਮੰਗਣ ਦੇ ਜੋ ਵੀ ਦੋਸ਼ ਲਾਏ ਗਏ ਹਨ ਉਹ ਸਾਰੇ ਬੇਬੁਨਿਆਦ ਹਨ।