ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ’ਚ ਮੰਡਰਾਉਣ ਲੱਗੇ ਕੋਰੋਨਾ ਦੇ ਬੱਦਲ, ਡੇਂਗੂ ਦਾ ਡਰ ਵੀ ਲੱਗਾ ਸਤਾਉਣ

07/20/2022 11:33:05 AM

ਬਾਬਾ ਬਕਾਲਾ ਸਾਹਿਬ (ਰਾਕੇਸ਼)- ਜ਼ਿਲ੍ਹਾ ਅੰਮ੍ਰਿਤਸਰ ਸ਼ਹਿਰੀ ਤੋਂ ਬਾਅਦ ਹੁਣ ਪਿੰਡਾਂ ਵਿਚ ਵੀ ਕੋਰੋਨਾ ਦਾ ਖੌਫ ਵੱਧਦਾ ਜਾ ਰਿਹਾ ਹੈ ਅਤੇ ਤਹਿਸੀਲ ਬਾਬਾ ਬਕਾਲਾ ਸਾਹਿਬ ਵਿਚਲੇ ਪਿੰਡਾਂ ’ਚ ਵੀ ਕੋਰੋਨਾ ਦੇ ਬੱਦਲ ਫਿਰ ਤੋਂ ਮੰਡਰਾਉਣ ਲੱਗ ਪਏ ਹਨ। ਸਰਕਾਰੀ ਹਵਾਲੇ ਅਨੁਸਾਰ ਤਹਿਸੀਲ ਵਿਚਲੇ ਪਿੰਡ ਯੋਧੇ ਅਤੇ ਪਿੰਡ ਜਲਾਲ ਤੋਂ ਇਕ-ਇਕ ਕੋਰੋਨਾ ਦਾ ਕੇਸ ਪਾਜ਼ੇਟਿਵ ਪਾਏ ਜਾਣ ਸਬੰਧੀ ਸੂਚਨਾ ਪ੍ਰਾਪਤ ਹੋਈ ਹੈ। ਸਿਹਤ ਵਿਭਾਗ ਵੱਲੋਂ ਇਕ ਵਾਰ ਮੁੜ ਤੋਂ ਕੋਰੋਨਾ ਸਬੰਧੀ ਗਾਈਡਲਾਈਨਜ਼ ਨੂੰ ਲਾਗੂ ਕਰਨ ਲਈ ਸਖਤੀ ਵਰਤੀ ਹੈ ਅਤੇ ਹਰੇਕ ਸਰਕਾਰੀ ਕਰਮਚਾਰੀ ਨੂੰ ਕੋਰੋਨਾ ਦੀ ਦੂਸਰੀ ਖੁਰਾਕ ਅਤੇ ਬੂਸਟਰ ਡੋਜ਼ ਨੂੰ ਲਾਜ਼ਮੀ ਕਰਾਰ ਦੇ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸੋਸ਼ਲ ਡਿਸਟੈਂਸ ਅਤੇ ਮਾਸਕ ਦੀ ਜ਼ਰੂਰਤ ਨੂੰ ਲਾਜ਼ਮੀ ਕਰਾਰ ਦਿੱਤਾ ਗਿਆ ਹੈ। ਅਜਿਹਾ ਨਾ ਕਰਨ ਵਾਲੇ ਵਿਰੁੱਧ ਵਿਭਾਗੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਜਾ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ: ਮਜੀਠਾ ’ਚ ਦਿਲ ਕੰਬਾਊ ਵਾਰਦਾਤ: ਬਹਿਸਬਾਜ਼ੀ ਰੋਕਣ ’ਤੇ ਮੁੰਡੇ ਨੂੰ ਦਾਤਰ ਮਾਰ ਕੇ ਉਤਾਰਿਆ ਮੌਤ ਦੇ ਘਾਟ

ਡੇਂਗੂ ਦਾ ਡਰ ਵੀ ਸਤਾਉਣ ਲੱਗਾ
ਇਸ ਖੇਤਰ ਵਿਚ ਡੇਂਗੂ ਦੇ ਡੰਗ ਤੋਂ ਬਚਣ ਲਈ ਸਥਾਨਕ ਸਿਹਤ ਵਿਭਾਗ ਮੁਸਤੈਦ ਹੋਇਆ ਬੈਠਾ ਹੈ, ਹੁਣ ਤੱਕ ਕਈ ਜਗ੍ਹਾ ਤੋਂ ਡੇਂਗੂ ਦਾ ਲਾਰਵਾ ਮਿਲਣ ਦੀ ਪੁਸ਼ਟੀ ਵੀ ਹੋ ਚੁੱਕੀ ਹੈ। ਇਸ ’ਤੇ ਕਾਰਵਾਈ ਕਰਦਿਆਂ ਸਿਹਤ ਵਿਭਾਗ ਵੱਲੋਂ ਜਿਥੇ ਦਵਾਈ ਦਾ ਛਿੜਕਾਓ ਕਰਵਾਇਆ ਜਾ ਰਿਹਾ ਹੈ, ਉਥੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਦਿਆਂ ਉਨ੍ਹਾਂ ਦੇ ਘਰਾਂ ਕੋਲ ਪਾਣੀ ਇਕੱਠਾ ਨਾ ਹੋਣ ਦੇਣ, ਵਾਟਰ ਕੂਲਰਾਂ ਤੇ ਗਮਲਿਆਂ ਅਤੇ ਹੋਰ ਫਾਲਤੂ ਚੀਜ਼ਾਂ ਜਿਨ੍ਹਾਂ ਵਿਚ ਪਾਣੀ ਜਮ੍ਹਾਂ ਰਹਿੰਦਾ ਹੈ, ਨੂੰ ਤਰੁੰਤ ਖੁਸ਼ਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਲੋਕਾਂ ਨੂੰ ਸੁਚੇਤ ਕਰਦਿਆਂ ਐੱਸ. ਐੱਮ. ਓ. ਬਾਬਾ ਬਕਾਲਾ ਸਾਹਿਬ ਨੇ ਕਿਹਾ ਕਿ ਡੇਂਗੂ ਦੇ ਲੱਛਣ ਹੁੰਦਿਆਂ ਹੀ ਤਰੁੰਤ ਨੇੜਲੇ ਸਰਕਾਰੀ ਹਸਪਤਾਲਾਂ ਵਿਚ ਆਪਣੇ ਖੂਨ ਦੀ ਮੁਫ਼ਤ ਜਾਂਚ ਕਰਵਾਉ ਅਤੇ ਇਥੋਂ ਹੀ ਮੁਫ਼ਤ ਇਲਾਜ ਵੀ ਕਰਵਾਓ। ਉਨ੍ਹਾਂ ਕਿਹਾ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ, ਜਿਸਦੇ ਨਾਲ ਤੇਜ਼ ਬੁਖ਼ਾਰ ਹੁੰਦਾ ਹੈ। ਇਸ ਲਈ ਸਭ ਨੂੰ ਪੂਰੇ ਤਨ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ।

ਪੜ੍ਹੋ ਇਹ ਵੀ ਖ਼ਬਰ: ਸਰਹੱਦ ਪਾਰ : 10 ਮਹੀਨੇ ਪਹਿਲਾਂ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਾਉਣ ਵਾਲੇ ਮੁੰਡੇ-ਕੁੜੀ ਦਾ ਗੋਲ਼ੀਆਂ ਮਾਰ ਕੇ ਕਤਲ

ਅਲਟਰਾਸਾਊਡ ਕੇਂਦਰਾ ਦੀ ਲੁੱਟ
ਇਸ ਖੇਤਰ ਅਧੀਨ ਕੰਮ ਕਰਦੇ ਅਲਟਰਾਸਾਊਡ ਕੇਂਦਰ ਦੇ ਮਾਲਕਾਂ ਵੱਲੋਂ ਮਰੀਜ਼ਾਂ ਦੀ ਭਾਰੀ ਲੁੱਟ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਮਰੀਜ਼ਾਂ ਨੂੰ ਰੱਜ ਕੇ ਪ੍ਰੇਸ਼ਾਨ ਵੀ ਕੀਤਾ ਜਾ ਰਿਹਾ ਹੈ। ਕੁਝ ਅਜਿਹਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣਾ ਅਲਟਰਾਸਾਊਂਡ ਕਰਵਾਉਣ ਲਈ ਸਵੇਰ ਤੋਂ ਹੀ ਅਲਟਰਾਸਾਊਂਡ ਕੇਂਦਰ ਵਿਚ ਜਾ ਕੇ ਹੁੰਮਸ ਭਰੀ ਗਰਮੀ ਵਿਚ ਲੰਬਾ ਸਮਾਂ ਡਾਕਟਰ ਦੀ ਇੰਤਜ਼ਾਰ ਕਰਨੀ ਪੈਂਦੀ ਹੈ। ਆਪਣੇ ਪਿਸ਼ਾਬ ਦੀ ਹਾਜਤ ਨੂੰ ਘੰਟਿਆਬੰਧੀ ਰੋਕਣਾ ਪੈਂਦਾ ਹੈ, ਪਰ ਅਲਟਰਾਸਾਊਂਡ ਕਰਨ ਵਾਲੇ ਡਾਕਟਰ ਆਪਣੀ ਮਰਜ਼ੀ ਨਾਲ ਬਾਅਦ ਦੁਪਹਿਰ 2 ਵਜੇ ਆਪਣੇ ਕੇਂਦਰ ਵਿਚ ਪੁੱਜਦੇ ਹਨ। ਉਸ ਤੋਂ ਪਹਿਲਾਂ ਉਹ ਕਿਸੇ ਹੋਰ ਕੇਂਦਰ ਵਿਚ ਕੰਮ ਕਰਦੇ ਹਨ। ਇਥੇ ਹੀ ਬੱਸ ਨਹੀ ਇੰਨ੍ਹਾਂ ਕੇਂਦਰਾ ਵੱਲੋਂ ਲੋੜ ਤੋਂ ਵਧੇਰੇ ਫੀਸ ਵਸੂਲੀ ਜਾਂਦੀ ਹੈ। ਲੋਕਾਂ ਦੀ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪਾਸੋਂ ਮੰਗ ਹੈ ਕਿ ਇਨ੍ਹਾਂ ਕੇਂਦਰਾਂ ਦੀ ਫੀਸ ਤੈਅ ਕੀਤੀ ਜਾਵੇ ਅਤੇ ਕੇਂਦਰ ਦੇ ਖੁੱਲ੍ਹਣ ਅਤੇ ਬੰਦ ਕਰਨ ਲਈ ਸਮਾਂ ਸਾਰਨੀ ਨਿਰਧਾਰਤ ਕੀਤੀ ਜਾਵੇ ਤਾਂ ਕਿ ਮਰੀਜ਼ਾਂ ਦੀ ਹੁੰਦੀ ਲੁੱਟ ਖਸੁੱਟ ਅਤੇ ਖੱਜਲ-ਖੁਆਰੀ ਨੂੰ ਬੰਦ ਕੀਤਾ ਜਾ ਸਕੇ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਜੀਜੇ ਦੀ ਮਦਦ ਲਈ ਘਰੋਂ ਗਏ 2 ਸਕੇ ਭਰਾਵਾਂ ਦੀ ਸ਼ੱਕੀ ਹਾਲਤ ’ਚ ਮੌਤ, ਖੇਤਾਂ ’ਚੋਂ ਮਿਲੀਆਂ ਲਾਸ਼ਾਂ


rajwinder kaur

Content Editor

Related News