ਦਿੱਲੀ ਤੋਂ ਪਹੁੰਚੀ ਟੀਮ ਨੇ ਰੋਬੋਟ ਦੀ ਸਹਾਇਤਾ ਨਾਲ ਨਸ਼ਟ ਕੀਤੇ ਟਿਫਨ ਬੰਬ ਤੇ ਗ੍ਰਨੇਡ

12/04/2021 10:46:24 PM

ਗੁਰਦਾਸਪੁਰ (ਜੀਤ ਮਠਾਰੂ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਪੁਲਸ ਵੱਲੋਂ ਸਲੀਮਪੁਰ ਅਰਾਈਆਂ ਤੋਂ ਬਰਾਮਦ ਕੀਤੇ ਟਿਫਨ ਬੰਬ ਅਤੇ ਹੈਂਡ ਗ੍ਰਨੇਡਾਂ ਨਾਲ ਸਬੰਧਿਤ ਕਿਸੇ ਵੀ ਦੋਸ਼ੀ ਤਾਂ ਪਤਾ ਨਹੀਂ ਲਗਾਇਆ ਜਾ ਸਕਿਆ ਪਰ ਪੁਲਸ ਨੇ ਅਦਾਲਤ ਦੀ ਮਨਜ਼ੂਰੀ ਲੈ ਕੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ’ਚ ਇਹ ਟਿਫਨ ਬੰਬ ਤੇ ਗ੍ਰਨੇਡ  ਨਸ਼ਟ ਕਰਵਾ ਦਿੱਤੇ ਹਨ। ਇਸ ਮੰਤਵ ਲਈ ਅਦਾਲਤ ਦੀ ਕਾਰਵਾਈ ਮੁਕੰਮਲ ਨਾ ਹੋਣ ਕਾਰਨ ਪੁਲਸ ਬੀਤੇ ਕੱਲ੍ਹ ਇਨ੍ਹਾਂ ਗ੍ਰਨੇਡਾਂ ਨੂੰ ਨਸ਼ਟ ਨਹੀਂ ਕਰਵਾ ਸਕੀ ਸੀ ਪਰ ਅੱਜ ਸਾਰੀ ਕਾਰਵਾਈ ਮੁਕੰਮਲ ਹੋਣ ’ਤੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ’ਚ ਪੁਲਸ ਅਧਿਕਾਰੀਆਂ ਨੇ ਪਿੰਡ ਅਮੀਪੁਰ ਨੇੜੇ ਡਰੇਨ ਕਿਨਾਰੇ ਟਿਫਨ ਬੰਬ ਤੇ ਗ੍ਰਨੇਡ ਨਸ਼ਟ ਕਰਵਾ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਪੁਲਸ ਨੇ ਪਿਛਲੇ ਕੁਝ ਹੀ ਦਿਨਾਂ ’ਚ ਜ਼ਿਲ੍ਹੇ ਅੰਦਰ ਵੱਖ- ਵੱਖ ਥਾਵਾਂ ਤੋਂ ਤਿੰਨ ਵਿਅਕਤੀ ਗ੍ਰਿਫ਼ਤਾਰ ਕੀਤੇ ਸਨ, ਜਿਨ੍ਹਾਂ ਕੋਲੋਂ ਇਕ ਪਿਸਤੌਲ, 2 ਹੈਂਡ ਗ੍ਰਨੇਡ, ਤਕਰੀਬਨ ਇਕ ਕਿੱਲੋ ਆਰ. ਡੀ. ਐਕਸ, 8 ਡੈਟੋਨੇਟਰ ਬਰਾਮਦ ਹੋਏ ਸਨ। ਇਨ੍ਹਾਂ ਦੋਸ਼ੀਆਂ ਦੀਆਂ ਤਾਰਾਂ ਪਾਕਿਸਤਾਨ ਨਾਲ ਜੁੜਨ ਸਬੰਧੀ ਪਤਾ ਲੱਗਣ ’ਤੇ ਖੁਫ਼ੀਆ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਪੁਲਸ ਵੱਲੋਂ ਦੋਸ਼ੀਆਂ ਕੋਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਦੋ ਦਿਨ ਪਹਿਲਾਂ ਪੁਲਸ ਨੇ ਥਾਣਾ ਸਦਰ ਅਧੀਨ ਪਿੰਡ ਸਲੀਮਪੁਰ ਅਰਾਈਆਂ ਤੋਂ ਲਾਵਾਰਿਸ ਹਾਲਤ ’ਚ ਪਏ 4 ਗ੍ਰਨੇਡ ਅਤੇ ਇਕ ਟਿਫਨ ਬੰਬ ਵੀ ਬਰਾਮਦ ਕੀਤਾ ਸੀ।

ਪੁਲਸ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਕਿ ਇਹ ਬੰਬ ਕਿਸ ਨੇ ਲਿਆਂਦੇ ਅਤੇ ਕਿੱਥੇ ਵਰਤੇ ਜਾਣੇ ਸਨ। ਪੁਲਸ ਤੇ ਖੁਫ਼ੀਆ ਏਜੰਸੀਆਂ ਬਹੁਤ ਬਾਰੀਕੀ ਨਾਲ ਮਾਮਲੇ ਦੀ ਜਾਂਚ ਵਿਚ ਜੁਟੀਆਂ ਹੋਈਆਂ ਹਨ ਅਤੇ ਲਾਵਾਰਿਸ ਹਾਲਤ ’ਚ ਮਿਲੇ ਟਿਫਨ ਬੰਬ ਤੇ ਗ੍ਰਨੇਡਾਂ ਨੂੰ ਨਸ਼ਟ ਕਰਨ ਲਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਬਾਅਦ ਅਦਾਲਤ ਦੀ ਪ੍ਰਵਾਨਗੀ ਮਿਲਣ ’ਤੇ ਦਿੱਲੀ ਤੋਂ ਐੱਨ.ਐੱਸ.ਜੀ. ਦੀ ਟੀਮ ਅਤੇ ਪੰਜਾਬ ਪੁਲਸ ਦੀ ਬਾਰਡਰ ਰੇਂਜ ਦੀ ਬੰਬ ਨਿਰੋਧਕ ਟੀਮ ਮੰਗਵਾਈ ਗਈ। ਐੱਨ.ਐੱਸ.ਜੀ. ਦੀ ਟੀਮ ਨੇ ਰੋਬੋਟ ਅਤੇ ਹੋਰ ਤਕਨੀਕਾਂ ਨਾਲ ਟਿਫਨ ਬੰਬ ਨਸ਼ਟ ਕੀਤਾ, ਜਦਕਿ ਪੰਜਾਬ ਪੁਲਸ ਦੀ ਟੀਮ ਨੇ ਗ੍ਰਨੇਡ ਨਸ਼ਟ ਕੀਤੇ। ਇਸ ਮੌਕੇ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਇਹ ਬੰਬ ਕਿਸ ਦੇ ਸਨ ਅਤੇ ਕਿੱਥੇ ਵਰਤੇ ਜਾਣੇ ਸਨ।

Manoj

This news is Content Editor Manoj