ਰਹਿੰਦ-ਖੂੰਹਦ ਨੂੰ ਅੱਗ ਲਗਾਏ ਬਿਨਾਂ ਖੇਤੀ ਕਰਦਾ ਹੈ ਇਹ ਕਿਸਾਨ

10/09/2019 5:44:11 PM

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਪਿੰਡ ਬੰਗਲਾ ਰਾਏ ਦਾ ਅਗਾਂਹ-ਵਧੂ ਕਿਸਾਨ ਬਲਜੀਤ ਸਿੰਘ ਪਿਛਲੇ 3 ਸਾਲਾਂ ਤੋਂ ਪਰਾਲੀ ਤੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾ ਕੇ ਸਿੱਧੀ ਖੇਤੀ ਕਰ ਰਿਹਾ ਹੈ। ਇਸ ਨਾਲ ਉਸ ਨੂੰ ਜਿਥੇ ਫਸਲ ਦਾ ਝਾੜ ਵੱਧ ਪ੍ਰਾਪਤ ਹੋਇਆ ਹੈ, ਉਥੇ ਨਾਲ ਹੀ ਉਹ ਬੇਲੋੜੇ ਖਰਚੇ ਵੀ ਘਟਾ ਸਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਵਲੋਂ ਪਿਛਲੇ 3 ਸਾਲਾਂ ਤੋਂ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਗਈ। ਉਨ੍ਹਾਂ ਦੱਸਿਆ ਕਿ ਪਰਾਲੀ ਦੇ ਪ੍ਰਬੰਧਨ ਦਾ ਕੰਮ ਉਸ ਨੇ 2017-18 'ਚ ਸ਼ੁਰੂ ਕੀਤਾ ਸੀ। ਉਸ ਨੇ ਦੱਸਿਆ ਕਿ ਪਰਾਲੀ ਦੀ ਸੰਭਾਲ ਵੱਖ-ਵੱਖ ਸੰਦਾਂ ਰਾਹੀਂ ਕਰ ਰਿਹਾ ਹੈ। ਹੁਣ ਉਹ 70 ਏਕੜ ਜ਼ਮੀਨ 'ਚ ਪਰਾਲੀ ਪ੍ਰਬੰਧਨ ਕਰਕੇ ਕਣਕ ਦੀ ਬਿਜਾਈ ਕਰਨਗੇ। ਉਨ੍ਹਾਂ ਦੱਸਿਆ ਕਿ ਉਹ ਝੋਨੇ ਦੀ ਕਟਾਈ ਸੁਪਰ ਐੱਸ. ਐੱਮ. ਐੱਸ. ਨਾਲ ਕਰਾ ਕੇ ਹੈਪੀ ਸੀਡਰ ਨਾਲ ਬੀਜਾਈ ਕਰਨਗੇ। ਫਸਲ ਦੀ ਕਟਾਈ ਸੁਪਰ ਮੈਨੇਜਮੈਂਟ ਸਿਸਟਮ (ਐੱਸ.ਐੱਮ.ਐੱਸ) ਵਾਲੀਆਂ ਕੰਬਾਇਨਾਂ ਰਾਹੀਂ ਕੀਤੀ ਜਾਵੇ ਤਾਂ ਹੋਰ ਫਾਇਦਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਧਰਤੀ ਦੀ ਉਪਜਾਊ ਸ਼ਕਤੀ 'ਤੇ ਵੀ ਅਸਰ ਪੈਂਦਾ ਹੈ ਅਤੇ ਖਰਚੇ ਵੀ ਵੱਧਦੇ ਹਨ।

ਇਸ ਦੌਰਾਨ ਖੇਤੀਬਾੜੀ ਅਫਸਰ ਡਾ. ਭੁਪਿੰਦਰ ਸਿੰਘ ਅਤੇ ਸੰਦੀਪ ਸਿੰਘ ਨੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਕਿਸਾਨ ਦੀ ਤਰ੍ਹਾਂ ਉਹ ਵੀ ਪਰਾਲੀ ਅਤੇ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਦੀਆਂ ਸਲਾਹਾਂ ਨੂੰ ਮੰਨ ਕੇ ਖੇਤੀ ਕੀਤੀ ਜਾਵੇ ਤਾਂ ਜੋ ਫਸਲ ਦਾ ਝਾੜ ਵੀ ਵੱਧ ਪ੍ਰਾਪਤ ਹੋਵੇ ਅਤੇ ਸਮੇਂ ਤੇ ਪੈਸ ਦੀ ਵੀ ਬੱਚਤ ਹੋਵੇ।  
 


Baljeet Kaur

Content Editor

Related News