ਮਾਮੂਲੀ ਤਕਰਾਰ ਮਗਰੋਂ ਜਾਨੋਂ ਮਾਰਨ ਦੀ ਨੀਅਤ ਨਾਲ ਚਲਾਈਆਂ ਗੋਲੀਆਂ

03/10/2020 2:19:02 PM

ਤਰਨਤਾਰਨ (ਰਾਜੂ) - ਥਾਣਾ ਖਾਲੜਾ ਦੀ ਪੁਲਸ ਨੇ ਮਾਮੂਲੀ ਤਕਰਾਰ ਮਗਰੋਂ ਜਾਨੋਂ ਮਾਰਨ ਦੀ ਨੀਅਤ ਨਾਲ ਫਾਇਰ ਕਰਨ ਦੇ ਦੋਸ਼ ਹੇਠ ਮਾਂ ਪੁੱਤ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਰਮਨ ਕੁਮਾਰ ਪੁੱਤਰ ਦੇਸ ਰਾਜ ਵਾਸੀ ਮਾੜੀ ਉਧੋਕੇ ਨੇ ਦੱਸਿਆ ਕਿ ਬੀਤੇ ਦਿਨ ਉਸ ਦੀ ਭੈਣ ਅਤੇ ਭਰਾ ਘਰ ’ਚ ਚਿੜੀ ਛਿੱਕਾ ਖੇਡ ਰਹੇ ਸੀ। ਉਸ ਸਮੇਂ ਚਿੜੀ ਗੁਆਂਢੀਆਂ ਦੇ ਘਰ ਚਲੀ ਗਈ ਤਾਂ ਸਾਡੀ ਗੁਆਂਢਣ ਹਰਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਫੌਜੀ ਸਾਡੇ ਘਰ ਆ ਕੇ ਬੁਰਾ ਭਲਾ ਕਹਿਣ ਲੱਗੀ ਕਿ ਚਿੜੀ ਵੱਜਣ ਨਾਲ ਸਾਡੇ ਘਰ ਦਾ ਸ਼ੀਸ਼ਾ ਟੁੱਟ ਗਿਆ। ਉਸ ਦੀ ਮਾਂ ਨੇ ਹਰਪ੍ਰੀਤ ਕੌਰ ਨੂੰ ਸਮਝਾਉਂਦਿਆਂ ਕਿਹਾ ਕਿ ਅਸੀਂ ਸ਼ੀਸ਼ਾ ਠੀਕ ਕਰਵਾ ਦੇਵਾਂਗੇ ਪਰ ਉਕਤ ਔਰਤ ਉਸ ਦੀ ਮਾਂ ਦੇ ਗਲ ਪੈ ਗਈ ਅਤੇ ਉਸ ਨੇ ਬੜੀ ਮੁਸ਼ਕਲ ਛੁਡਵਾਇਆ ਅਤੇ ਘਰੋਂ ਬਾਹਰ ਕੱਢ ਦਿੱਤਾ। 

ਇਸ ਤੋਂ ਬਾਅਦ ਹਰਪ੍ਰੀਤ ਕੌਰ ਆਪਣੇ ਮੁੰਡੇ ਅਕਾਸ਼ਦੀਪ ਸਿੰਘ ਉਰਫ ਜੱਸੀ ਨੂੰ ਲੈ ਕੇ ਘਰ ਦੀ ਛੱਤ ’ਤੇ ਚੜ੍ਹ ਗਏ ਅਤੇ ਅਕਾਸ਼ਦੀਪ ਸਿੰਘ ਨੇ ਦੋਨਾਲੀ ਨਾਲ ਉਨ੍ਹਾਂ ਉਪਰ ਗੋਲੀਆਂ ਚਲਾਈਆਂ। ਉਂਗਲੀ ਉੱਪਰ ਗੋਲੀ ਵੱਜਣ ਨਾਲ ਉਹ ਜ਼ਖ਼ਮੀ ਹੋ ਗਿਆ ਅਤੇ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਉਸ ਦੇ ਗੁਆਂਢੀਆਂ ਨੇ ਸਵਾਰੀ ਦਾ ਪ੍ਰਬੰਧ ਕਰ ਕੇ ਸਰਕਾਰੀ ਹਸਪਤਾਲ ਸੁਰਸਿੰਘ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ। ਇਸ ਸਬੰਧੀ ਐੱਸ. ਐੱਚ. ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨਾਂ ’ਤੇ ਹਰਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਅਤੇ ਅਕਾਸ਼ਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
 


rajwinder kaur

Content Editor

Related News