ਪਤਨੀ ਦੀ ਕੁੱਟਮਾਰ ਕੀਤੇ ਜਾਣ ਸਬੰਧੀ ਪਤਾ ਲੈਣ ਆਏ ਪੇਕੇ ਪਰਿਵਾਰ ''ਤੇ ਸਹੁਰੇ ਪਰਿਵਾਰ ਵਲੋਂ ਹਮਲਾ

10/22/2020 10:56:56 AM

ਤਰਨਤਾਰਨ (ਰਾਜੂ): ਜ਼ਿਲ੍ਹਾ ਤਰਨਤਾਰਨ ਦੇ ਪਿੰਡ ਚੁਤਾਲਾ ਵਿਖੇ ਪਤੀ ਵਲੋਂ ਪਤਨੀ ਦੀ ਕੁੱਟਮਾਰ ਕਰਨ 'ਤੇ ਪੁੱਛ ਪੜਤਾਲ ਕਰਨ ਗਏ ਪੇਕੇ ਪਰਿਵਾਰ ਦੇ ਮੈਂਬਰਾਂ ਉੱਪਰ ਹਮਲਾ ਕਰਦਿਆਂ ਇਕ ਨੌਜਵਾਨ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰਨ ਅਤੇ ਸੱਟਾਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਪੁਲਸ ਨੇ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਪਿਓ-ਪੁੱਤ ਦੀ ਦਰਦਨਾਕ ਮੌਤ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਰਜਿੰਦਰ ਕੌਰ ਪੁੱਤਰੀ ਗੁਰਨਾਮ ਸਿੰਘ ਵਾਸੀ ਕੱਕਾ ਕੰਡਿਆਲਾ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2016 'ਚ ਚਮਕੌਰ ਸਿੰਘ ਪੁੱਤਰ ਮੁਖਤਾਰ ਸਿੰਘ ਨਾਲ ਪੂਰੇ ਰੀਤੀ ਰਵਾਜ਼ਾਂ ਅਨੁਸਾਰ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਪਰ ਉਹ ਸਮਾਂ ਕੱਟਦੀ ਰਹੀ। ਕੁਝ ਸਮੇਂ ਤੋਂ ਉਸ ਦਾ ਪਤੀ ਉਸ ਦੇ ਮੋਬਾਈਲ ਤੋਂ ਜੇਲ 'ਚ ਬੰਦ ਆਪਣੇ ਸਾਥੀਆਂ ਨਾਲ ਫੋਨ 'ਤੇ ਗੱਲ ਕਰਦਾ ਸੀ ਜਿਸ ਦਾ ਉਹ ਵਿਰੋਧ ਕਰਦੀ ਸੀ। ਇਸੇ ਗੱਲ ਨੂੰ ਲੈ ਕੇ ਉਸ ਦੇ ਪਤੀ ਨੇ ਕੁੱਟ ਮਾਰ ਕੀਤੀ, ਜਿਸ ਸਬੰਧੀ ਮੇਰੇ ਵਲੋਂ ਆਪਣੇ ਪੇਕੇ ਪਰਿਵਾਰ ਨੂੰ ਦੱਸਣ 'ਤੇ ਉਹ ਜਦ ਮੇਰੇ ਸਹੁਰੇ ਘਰ ਪਤਾ ਲੈਣ ਆਏ ਤਾਂ ਮੇਰੇ ਪਤੀ ਅਤੇ ਬਾਕੀ ਸਹੁਰੇ ਪਰਿਵਾਰ ਨੇ ਉਨਾਂ ਨਾਲ ਬਹੁਤ ਮਾੜਾ ਵਰਤਾਰਾ ਕੀਤਾ ਅਤੇ ਮੇਰੇ ਪਤੀ ਨੇ ਤੈਸ਼ ਵਿਚ ਆ ਕੇ ਮੇਰੇ ਚਾਚੇ ਦੇ ਮੁੰਡੇ ਬਿਕਰਮਜੀਤ ਸਿੰਘ ਦੇ ਪੇਟ ਵਿਚ ਚਾਕੂ ਮਾਰ ਦਿੱਤਾ ਅਤੇ ਬਾਕੀ ਰਿਸ਼ਤੇਦਾਰਾਂ ਦੀ ਕੁੱਟ ਮਾਰ ਕੀਤੀ ਅਤੇ ਉਨਾਂ ਦੇ ਮੋਟਰਸਾਈਕਲਾਂ ਦੀ ਵੀ ਭੰਨਤੋੜ ਕੀਤੀ। ਜਿਸ 'ਤੇ ਉਨ੍ਹਾਂ ਤੁਰੰਤ ਜ਼ਖ਼ਮੀ ਬਿਕਰਮਜੀਤ ਸਿੰਘ ਨੂੰ ਸਿਵਲ ਹਸਪਤਾਲ ਤਰਨਤਾਰਨ ਦਾਖਲ ਕਰਵਾਇਆ ਅਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ।

ਇਹ ਵੀ ਪੜ੍ਹੋ : ਆਪਣੇ ਹੀ ਰੱਖਣ ਲੱਗੇ ਬੱਚੀਆਂ 'ਤੇ ਗੰਦੀ ਨਜ਼ਰ, ਹੁਣ ਮਾਮੇ ਵਲੋਂ ਮਾਸੂਮ ਭਾਣਜੀ ਦਾ ਜਬਰ-ਜ਼ਿਨਾਹ ਤੋਂ ਬਾਅਦ ਕਤਲ

ਇਸ ਸਬੰਧੀ ਏ.ਐੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨਾਂ 'ਤੇ ਚਮਕੌਰ ਸਿੰਘ, ਮੁਖਤਾਰ ਸਿੰਘ, ਜਸਪਾਲ ਸਿੰਘ, ਪ੍ਰਮਜੀਤ ਕੌਰ, ਗੁਰਜੰਟ ਸਿੰਘ, ਅਵਤਾਰ ਸਿੰਘ, ਬਲਬੀਰ ਸਿੰਘ ਵਾਸੀਆਨ ਚੁਤਾਲਾ ਅਤੇ 3 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 297 ਧਾਰਾ 307/323/427/506/148/149 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।


Baljeet Kaur

Content Editor

Related News