ਫਿੱਟ ਗੁਰੂ ਮੁਹਿੰਮ ਲਈ ਸਿੱਖਿਆ ਵਿਭਾਗ ਦਾ ਐਪ ਅਧਿਆਪਕਾਂ ਲਈ ਜਾਰੀ

10/04/2019 6:00:13 PM

ਤਰਨਤਾਰਨ : ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਮਾਰਚ 2019 ਦੇ ਬੋਰਡ ਦੇ ਨਤੀਜਿਆਂ 'ਚ 100 ਫੀਸਦੀ ਨਤੀਜੇ ਦੇਣ ਵਾਲੇ ਅਤੇ ਸਮਾਰਟ ਸਕੂਲ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਤਸ਼ਾਹਿਤ ਕਰ ਰਿਹਾ ਹੈ। ਇਸੇ ਲੜੀ ਤਹਿਤ ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਨੇ ਤਰਨਤਾਰਨ ਜ਼ਿਲੇ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ 1300 ਦੇ ਕਰੀਬ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜਿਆ।ਇਸ ਮੌਕੇ ਸ੍ਰੀ ਸੰਦੀਪ ਕੁਮਾਰ ਆਈ. ਏ. ਐੱਸ., ਵਧੀਕ ਡਿਪਟੀ ਕਮਿਸ਼ਨਰ ਜਨਰਲ ਤਰਨਤਾਰਨ, ਸ੍ਰੀ ਸੁਰਿੰਦਰ ਸਿੰਘ ਐੱਸ. ਡੀ. ਐੱਮ. ਤਰਨ ਤਾਰਨ ਵੀ ਉਚੇਚੇ ਤੌਰ ਤੇ ਹਾਜ਼ਰ ਰਹੇ।

ਇਸ਼ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦਾ ਮਿਆਰ ਅਧਿਆਪਕਾਂ ਦੇ ਯਤਨਾਂ ਨਾਲ ਉਚੇਰਾ ਹੋਇਆ ਹੈ। ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੇ ਪਿਛਲੇ ਸਾਲ ਕੀਤੇ ਗਏ ਅਣਥੱਕ ਯਤਨਾਂ ਅਤੇ ਅਧਿਆਪਕਾਂ ਦੁਆਰਾ ਦਿੱਤੇ ਜਾਂਦੇ ਸੁਝਾਵਾਂ ਦੇ ਮੱਦੇਨਜ਼ਰ ਇਸ ਸਾਲ ਸਤੰਬਰ ਮਹੀਨੇ 'ਚ 'ਮਿਸ਼ਨ ਸ਼ਤ-ਪ੍ਰਤੀਸ਼ਤ' ਦਾ ਅਹਿਦ ਲਿਆ ਗਿਆ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਇਸ ਮਿਸ਼ਨ ਤਹਿਤ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਵਾਧੂ ਕਲਾਸਾਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਤਰਨਤਾਰਨ ਜ਼ਿਲੇ ਦੇ ਅਧਿਆਪਕਾਂ ਦਾ ਦਾਖਲਾ ਮੁਹਿੰਮ, ਲਾਇਬ੍ਰੇਰੀ ਲੰਗਰ ਮੁਹਿੰਮ, ਅੱਜ ਦੇ ਸ਼ਬਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਕੁਇਜ਼ 'ਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਧੰਨਵਾਦ ਕੀਤਾ ਅਤੇ ਅੱਗੇ ਤੋਂ ਹੋਰ ਵੀ ਜ਼ਿਆਦਾ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰਰਿਤ ਕੀਤਾ।

ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਸਮੂਹ ਅਧਿਆਪਕਾਂ ਨੂੰ ਸਿਹਤਯਾਬੀ ਲਈ ਫਿੱਟ ਗੁਰੂ” ਮੁਹਿੰਮ 'ਚ ਅੱਗੇ ਆ ਕੇ ਭਾਗ ਲੈਣ ਲਈ ਕਿਹਾ। ਉਨ੍ਹਾਂ“ਫਿੱਟ ਗੁਰੂ”ਐਪ ਦੇ ਲਿੰਕ ਨੂੰ ਵੀ ਸਿੱਖਿਆ ਵਿਭਾਗ ਦੀ ਵੈੱਬਸਾਈਟ ਉੱਤੇ ਜਾਰੀ ਕੀਤਾ। ਮਿਸ਼ਨ ਦੀ ਟੈਗ ਲਾਇਨ ਨਾਲ ਐਪ ਦੀ ਤਸਵੀਰ ਵੀ ਸਿੱਖਿਆ ਵਿਭਾਗ ਦੀ ਅੰਬੈਸਡਰ ਜਸ਼ਨੀਤ ਕੌਰ ਵਿਦਿਆਥਣ ਵਾੜਾ ਭਾਈ ਕਾ ਦੇ ਨਾਲ ਜਾਰੀ ਕੀਤੀ। ਇਸ ਮੌਕੇ ਸਿੱਖਿਆ ਵਿਭਾਗ ਵਲੋਂ ਤਿਆਰ ਕੀਤੇ ਗਏ ਈ-ਕੰਟੈਂਟ ਨੂੰ ਸਕੂਲਾਂ 'ਚ ਵਰਤੋਂ 'ਚ ਲਿਆਉਣ ਲਈ ਸਮਾਗਮ 'ਚ ਹਾਜਰ ਹਜ਼ਾਰਾਂ ਅਧਿਆਪਕਾਂ ਨੂੰ ਬਲਵਿੰਦਰ ਸਿੰਘ ਏ.ਐੱਸ.ਪੀ.ਡੀ. ਮੀਡੀਆ ਨੇ ਵਿਸਥਾਰ 'ਚ ਜਾਣਕਾਰੀ ਦਿੱਤੀ।

ਸਮਰੋਹ ਦੌਰਾਨ ਸਹਾਇਕ ਡਾਇਰੈਕਟਰ ਟਰੇਨਿੰਗਾਂ ਡਾ ਜਰਨੈਲ ਸਿੰਘ ਕਾਲੇਕੇ, ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤਰਨਤਾਰਨ ਸਤਨਾਮ ਸਿੰਘ, ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਤਰਨਤਾਰਨ ਕੰਵਲਜੀਤ ਸਿੰਘ ਨੇ ਵੀ ਸੰਬੋਧਨ ਕੀਤਾ.ਇਸ ਮੌਕੇ ਦੀਦਾਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਤਿਹਗੜ੍ਹ ਸਾਹਿਬ ਆਦਿ ਹਾਜ਼ਰ ਹੋਏ। 


Baljeet Kaur

Content Editor

Related News