ਮਾਮਲਾ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਦਾ, 2 ਦਿਨ ਬਾਅਦ ਵੀ ਪੁਲਸ ਦੇ ਹੱਥ ਖਾਲ੍ਹੀ

10/18/2020 12:19:32 PM

ਤਰਨਤਾਰਨ (ਰਮਨ) : ਬੀਤੇ ਕੱਲ ਕਸਬਾ ਭਿੱਖੀਵਿੰਡ ਵਿਖੇ ਸ਼ੌਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਦੀ ਦੋ ਨਕਾਬਪੋਸ਼ਾਂ ਵਲੋਂ ਸ਼ਰੇਆਮ ਘਰ 'ਚ ਦਾਖ਼ਲ ਹੋ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਦੇ 2 ਦਿਨ ਬਾਅਦ ਵੀ ਪੁਲਸ ਅਸਲ ਕਾਤਲਾਂ ਨੂੰ ਫੜਨ 'ਚ ਅਸਫਲ ਸਾਬਤ ਹੋਈ ਹੈ। ਮ੍ਰਿਤਕ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪੁਲਸ ਵਲੋਂ ਇਸ ਹੱਤਿਆ ਕਾਂਡ ਨੂੰ ਲੈ ਕੇ 8 ਵਿਅਕਤੀਆਂ ਨੂੰ ਰਾਉਂਡ ਅੱਪ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦਰਦਨਾਕ ਹਾਦਸਾ : ਕ੍ਰੈਸ਼ਰ ਨਾਲ ਲੱਦੇ ਟਰਾਲੇ ਨੇ 6 ਲੋਕਾਂ ਨੂੰ ਕੁਚਲਿਆ, ਕਹੀ ਨਾਲ ਇਕੱਠੀਆਂ ਕੀਤੀਆਂ ਲਾਸ਼ਾਂ

ਪੁਲਸ ਕਈ ਪੱਖਾਂ ਨੂੰ ਲੈ ਕਰ ਰਹੀ ਜਾਂਚ
ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਕਰਨ ਵਾਲੇ ਦੋਵੇਂ ਨਕਾਬ ਪੋਸ਼ ਨੌਜਵਾਨਾਂ ਦੀ ਉਮਰ ਕਰੀਬ 25 ਤੋਂ 30 ਸਾਲ ਦਰਮਿਆਨ ਨਜ਼ਰ ਆ ਰਹੀ ਹੈ ਜੋ ਪਲਸਰ ਮੋਟਰ ਸਾਈਕਲ 'ਤੇ ਸਵਾਰ ਹੋ ਘਟਨਾ ਨੂੰ ਅੰਜ਼ਾਮ ਦੇਣ ਉਪਰੰਤ ਫ਼ਰਾਰ ਹੋ ਜਾਂਦੇ ਹਨ। ਇਸ ਘਟਨਾ ਨੂੰ ਜਿੱਥੇ ਪੁਲਸ ਅੱਤਵਾਦ ਨਾਲ ਜੋੜਦੀ ਹੋਈ ਜਾਂਚ ਕਰ ਰਹੀ ਹੈ, ਉੱਥੇ ਮ੍ਰਿਤਕ ਦੇ ਬੇਟੇ ਖ਼ਿਲਾਫ਼ ਦਰਜ ਮੁਕੱਦਮਿਆਂ ਨੂੰ ਵੀ ਬਾਰੀਕੀ ਨਾਲ ਵੇਖਦੀ ਹੋਈ ਜਾਂਚ ਅੱਗੇ ਵਧਾ ਰਹੀ ਹੈ। ਪੁਲਸ ਨੇ ਮ੍ਰਿਤਕ ਦੇ ਬੇਟੇ ਖ਼ਿਲਾਫ਼ ਦਰਜ ਮੁਕੱਦਮਿਆਂ ਨਾਲ ਸਬੰਧਤ ਅਤੇ ਇਲਾਕੇ ਦੇ ਕਰੀਬ 8 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ 'ਤੇ ਰਾਉਂਡ ਅੱਪ ਕਰ ਜਾਂਚ ਸ਼ੁਰੂ ਕੀਤੀ ਹੋਈ ਹੈ। ਪੁਲਸ ਇਸ ਕੇਸ ਸਬੰਧੀ ਪੁਰਾਣੇ ਸਮੇਂ ਦੌਰਾਨ ਸੋਸ਼ਲ ਮੀਡੀਆ 'ਚ ਕਈ ਤਰ੍ਹਾਂ ਦੀਆਂ ਪੋਸਟਾਂ ਨੂੰ ਵੀ ਜਾਂਚ ਦੌਰਾਨ ਸ਼ਾਮਲ ਕਰ ਰਹੀ ਹੈ। ਡੀ.ਜੀ.ਪੀ ਦਿਨਕਰ ਗੁਪਤਾ ਦੇ ਹੁਕਮਾਂ ਤਹਿਤ ਜ਼ਿਲੇ ਅੰਦਰ 4 ਟੀਮਾਂ ਉੱਪਰ ਅਧਾਰਤ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਜਿਹੀ ਮਾਂ ਜੋ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਪਰਿਵਾਰ ਦਾ ਖਰਚਾ

ਵਿਧਾਨ ਸਭਾ ਚੋਣ ਵੀ ਲੜ ਚੁੱਕਾ ਹੈ ਬਹਾਦੁਰ ਕਾਮਰੇਡ
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 1997 ਨੂੰ ਹਲਕਾ ਪੱਟੀ ਤੋਂ ਸ਼ੌਰੀਆ ਚੱਕਰ ਵਿਜੇਤਾ ਕਾਮਰੇਡ ਬਲਵਿੰਦਰ ਸਿੰਘ ਨੇ ਸੀ.ਪੀ.ਆਈ. (ਐੱਮ) ਵਲੋਂ , ਹਲਕਾ ਵਲਟੋਹਾ ਤੋਂ ਕਾਮਰੇਡ ਮੇਜਰ ਸਿੰਘ, ਹਲਕਾ ਤਰਨਤਾਰਨ ਤੋਂ ਕਾਮਰੇਡ ਜਸਪਾਲ ਸਿੰਘ ਨੇ ਚੋਣ ਲੜੀ ਸੀ।

ਇਹ ਵੀ ਪੜ੍ਹੋ : ਕਲਯੁੱਗੀ ਪੁੱਤਾਂ ਨੇ ਜ਼ਬਰਦਸਤੀ ਜਾਇਦਾਦ ਲਿਖਵਾ ਕੇ ਘਰੋਂ ਕੱਢੀ ਬਜ਼ੁਰਗ ਮਾਂ

ਮੁੱਖ ਮੰਤਰੀ ਨੂੰ ਭੇਜੀ ਜਾ ਰਹੀ ਹੈ ਮੰਗ
ਐੱਸ.ਡੀ.ਐੱਮ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੀ ਮੰਗ ਜਿਸ 'ਚ ਸਰਕਾਰੀ ਨੌਂਕਰੀ ਅਤੇ ਸ਼ਹੀਦ ਦਾ ਦਰਜਾ ਦੇਣਾ ਸ਼ਾਮਲ ਹੈ, ਸਬੰਧੀ ਲਿਖਤੀ ਰੂਪ 'ਚ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵਲੋਂ ਮੁਖ ਮੰਤਰੀ ਨੂੰ ਭੇਜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪਰਿਵਾਰ ਦੀ ਮੰਗ ਨੂੰ ਪੂਰਾ ਕਰਦੇ ਹੋਏ ਮ੍ਰਿਤਕ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਾਮਰੇਡ ਬਲਵਿੰਦਰ ਸਿੰਘ ਦੀ ਮੌਤ 'ਤੇ ਪਤਨੀ ਦਾ ਵੱਡਾ ਬਿਆਨ,ਕਿਹਾ- ਪਤੀ 'ਤੇ ਹੋਇਆ ਅੱਤਵਾਦੀ ਹਮਲਾ

ਜਲਦ ਕਾਬੂ ਕਰ ਲਏ ਜਾਣਗੇ ਮੁਲਜ਼ਮ
ਐੱਸ. ਪੀ. (ਡੀ) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਪੁਲਸ ਟੀਮਾਂ ਵਲੋਂ ਇਸ ਕਤਲ ਕੇਸ ਨੂੰ ਜਲਦ ਹੱਲ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਜਿਸ ਤਹਿਤ ਇਸ ਕੇਸ ਨੂੰ ਜਲਦ ਹਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਅਤੇ ਮ੍ਰਿਤਕ ਦੇ ਮੋਬਾਇਲ ਫੋਨ ਨੂੰ ਬਾਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਲੋੜ ਪੈਣ 'ਤੇ ਨਜ਼ਦੀਕੀਆਂ ਦੇ ਫੋਨਾਂ ਨੂੰ ਵੀ ਕਬਜ਼ੇ 'ਚ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ।
 

Baljeet Kaur

This news is Content Editor Baljeet Kaur