ਬਾਈਕ ਸਵਾਰ ਝਪਟਮਾਰਾਂ ਨੇ ਦਿਨ-ਦਿਹਾੜੇ ਪਿਸਟਲ ਦਿਖਾ ਕੇ ਐਕਟਿਵਾ ਸਵਾਰ ਤੋਂ ਲੁੱਟੀ ਨਕਦੀ

02/10/2020 6:15:15 PM

ਤਰਨਤਾਰਨ (ਰਾਜੂ): ਤਰਨਤਾਰਨ ਸ਼ਹਿਰ ਦੇ ਗੋਇੰਦਵਾਲ ਬਾਈਪਾਸ ਵਾਲੇ ਫਾਟਕ ਦੇ ਨਜ਼ਦੀਕ ਬਾਈਕ ਸਵਾਰ ਦੋ ਝਪਟਮਾਰਾਂ ਵੱਲੋਂ ਦਿਨ-ਦਿਹਾੜੇ ਪਿਸਟਲ ਦਿਖਾ ਕੇ ਐਕਟਿਵਾ ਸਵਾਰ ਦੋ ਔਰਤਾਂ ਕੋਲੋਂ 6 ਲੱਖ ਦੀ ਨਕਦੀ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਰਮਲ ਕੌਰ ਨਿਵਾਸੀ ਕੱਦਗਿੱਲ ਨਾਮਕ ਔਰਤ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ, ਜਿਸ ਸਬੰਧੀ ਅੱਜ ਥਾਣਾ ਸਦਰ ਤਰਨਤਾਰਨ ਵਿਖੇ ਫੈਸਲਾ ਹੋਣ ਲਈ ਬੁਲਾਇਆ ਗਿਆ ਸੀ।

ਉਹ ਆਪਣੀ ਭੈਣ ਨਾਲ 6 ਲੱਖ ਰੁਪਏ ਲੈ ਕੇ ਆਪਣੀ ਐਕਟਿਵਾ ਨੰਬਰ ਪੀ.ਬੀ.46.ਐੱਸ.7299 'ਤੇ ਸਵਾਰ ਹੋ ਕੇ ਥਾਣਾ ਸਦਰ ਤਰਨਤਾਰਨ ਨੂੰ ਆ ਰਹੀ ਸੀ ਕਿ ਜਦੋਂ ਇਹ ਫਾਟਕ ਦੇ ਕੋਲ ਪੰਜਾਬ ਚਿਲਡਰਨ ਅਕੈਡਮੀ ਨਜ਼ਦੀਕ ਗੰਦੇ ਨਾਲੇ ਕੋਲ ਪਹੁੰਚੀਆਂ ਤਾਂ ਇਕ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਨੇ ਪਿਸਟਲ ਦਿਖਾ ਕੇ ਐਕਟਿਵਾ 'ਤੇ ਬੈਠੀ ਔਰਤ ਕੋਲੋਂ ਬੈਗ ਝਪਟ ਲਿਆ ਜਿਸ ਵਿਚ 6 ਲੱਖ ਰੁਪਏ ਸਨ ਅਤੇ ਖੋਹ ਕੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਇਨ੍ਹਾਂ ਲੁਟੇਰਿਆਂ ਵੱਲੋਂ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪਿੱਛੋਂ ਆ ਰਹੇ ਪਿੰਡ ਨੌਰੰਗਾਬਾਦ ਦੇ ਸਰਪੰਚ ਨੇ ਇਨ੍ਹਾਂ ਝਪਟਮਾਰਾਂ ਨੂੰ ਕਾਬੂ ਕਰਨ ਲਈ ਪੂਰੀ ਵਾਹ ਲਗਾਈ ਪਰ ਇਹ ਲੁਟੇਰੇ ਸਰਪੰਚ ਨੂੰ ਮੋਟਰ ਸਾਈਕਲ ਤੋਂ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਧਰ ਘਟਨਾ ਦਾ ਪਤਾ ਚੱਲਦਿਆਂ ਥਾਣਾ ਸਿਟੀ ਤਰਨਤਾਰਨ ਦੇ ਐੱਸ.ਐੱਚ.ਓ. ਤੁਸ਼ਾਰ ਗੁਪਤਾ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ। ਐੱਸ.ਐੱਚ.ਓ. ਤੁਸ਼ਾਰ ਗੁਪਤਾ ਨੇ ਦੱਸਿਆ ਕਿ ਸ਼ਹਿਰ ਵਿਚ ਨਾਕੇਬੰਦੀ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।


Shyna

Content Editor

Related News