ਫਾਇਰ ਕਰਨ ਦੇ ਦੋਸ਼ 'ਚ 2 'ਤੇ ਮਾਮਲਾ ਦਰਜ

05/25/2018 6:17:02 PM

ਤਰਨਤਾਰਨ (ਰਾਜੂ) : ਥਾਣਾ ਸਦਰ ਪੱਟੀ ਦੀ ਪੁਲਸ ਨੇ ਕਮੇਟੀ ਨੂੰ ਲੈ ਕੇ ਗੋਲੀ ਚਲਾਉਣ ਦੇ ਦੋਸ਼ ਹੇਠ 2 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੁੱਦਈ ਹਰਜੀਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਚੀਮਾ ਕਲਾਂ ਹਾਲ ਵਾਸੀ ਆਸਲ ਭੱਠਾ ਨੇ ਆਪਣੇ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਲਖਵਿੰਦਰ ਸਿੰਘ ਪੁੱਤਰ ਮੇਲਾ ਰਾਮ ਅਤੇ ਪਿੰਕੀ ਪਤਨੀ ਸਵ. ਅੰਗਰੇਜ਼ ਸਿੰਘ ਵਾਸੀਆਨ ਬੱਠੇ ਭੈਣੀ ਮੇਰੇ ਘਰ ਆਏ ਤੇ ਕਹਿਣ ਲੱਗੇ ਕਿ ਅੱਜ ਤੇਰੇ ਤੋਂ ਕਮੇਟੀਆਂ ਦੇ ਪੈਸੇ ਲੈ ਕੇ ਜਾਣੇ ਹਨ ਅਤੇ ਲਖਵਿੰਦਰ ਸਿੰਘ ਨੇ ਆਪਣੇ ਹੱਥ 'ਚ ਬੰਦੂਕ ਫੜੀ ਹੋਈ ਸੀ। ਬਾਹਰ ਗਲੀ 'ਚ ਹੀ ਗੱਲਬਾਤ ਕਰਦਿਆਂ ਤਕਰਾਰ ਸ਼ੁਰੂ ਹੋ ਗਈ, ਜਿਸ 'ਤੇ ਲਖਵਿੰਦਰ ਸਿੰਘ ਨੇ ਆਪਣੀ ਬੰਦੂਕ ਨਾਲ ਫਾਇਰ ਕਰ ਦਿੱਤਾ ਅਤੇ ਸਾਡਾ ਆਂਢ-ਗੁਆਂਢ ਵੀ ਇਕੱਠਾ ਹੋਣਾ ਸ਼ੁਰੂ ਹੋ ਗਿਆ, ਜਿਸ 'ਤੇ ਉਕਤ ਦੋਵੇਂ ਦੋਸ਼ੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਭੱਜ ਗਏ। ਇਸ ਸਬੰਧੀ ਤਫਤੀਸ਼ੀ ਅਫਸਰ ਏ. ਐੱਸ. ਆਈ. ਚਰਨ ਸਿੰਘ ਨੇ ਉਕਤ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਤਫਤੀਸ਼ ਅਮਲ 'ਚ ਲਿਆਂਦੀ ਹੈ।