ਸਿੱਧੂ ਟਕਸਾਲੀ ਦਲ ''ਚ ਆਵੇ ਤਾਂ ਨੰਗੇ ਪੈਰੀਂ ਚੁੱਕ ਕੇ ਲੈ ਆਵਾਂਗੇ : ਜਥੇ. ਬ੍ਰਹਮਪੁਰਾ

07/30/2020 1:25:36 AM

ਅੰਮ੍ਰਿਤਸਰ,(ਛੀਨਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਕਾਲੀ ਦਲ ਟਕਸਾਲੀ ਦਾ ਵਫਦ ਜਲਦ ਮਿਲੇਗਾ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਲੋਕ ਸਭਾ, ਵਿਧਾਨ ਸਭਾ, ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਸਰਪੰਚੀ ਦੀਆਂ ਚੋਣਾਂ ਜੇਕਰ ਮਿੱਥੇ ਸਮੇਂ ਤੋਂ 5 ਸਾਲ ਬਾਅਦ ਹੋ ਸਕਦੀਆਂ ਹਨ ਤਾਂ ਸਿੱਖਾ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਦੀਆ ਚੋਣਾਂ 5 ਸਾਲ ਬਾਅਦ ਕਰਵਾਉਣ ਦੀ ਬਜਾਏ 9 ਸਾਲ ਕਿਵੇਂ ਲੰਘ ਗਏ ਹਨ?

ਜਥੇ. ਬ੍ਰਹਮਪੁਰਾ ਨੇ ਕਿਹਾ ਕਿ ਬਾਦਲਾਂ ਨੂੰ ਪਤਾ ਲੱਗ ਗਿਆ ਹੈ ਕਿ ਉਨ੍ਹਾਂ ਕਾਰਣ ਇਸ ਵਾਰ ਸ਼੍ਰੋਮਣੀ ਕਮੇਟੀ 'ਚ ਉਨ੍ਹਾਂ ਦੀ ਹਾਰ ਯਕੀਨੀ ਹੈ, ਜਿਸ ਕਾਰਣ ਉਹ ਕੇਂਦਰੀ ਗ੍ਰਹਿ ਮੰਤਰੀ 'ਤੇ ਦਬਾਅ ਬਣਾ ਕੇ ਚੋਣਾਂ ਹੀ ਨਹੀਂ ਹੋਣ ਦੇ ਰਹੇ। ਜਥੇ. ਬ੍ਰਹਮਪੁਰਾ ਨੇ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਦੇਣ ਸਬੰਧੀ ਸੁਖਬੀਰ ਸਿੰਘ ਬਾਦਲ 'ਤੇ ਜੋ ਦੋਸ਼ ਲੱਗ ਰਹੇ ਹਨ ਉਸ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਸਚਾਈ ਸਾਮਣੇ ਲਿਆਉਣੀ ਚਾਹੀਦੀ ਹੈ। ਜਥੇ. ਬ੍ਰਹਮਪੁਰਾ ਨੇ ਟਕਸਾਲੀ ਦਲ ਨਾਲ ਭਾਜਪਾ ਦੇ ਸਬੰਧਾਂ ਬਾਰੇ ਗੱਲ ਕਰਦਿਆਂ ਆਖਿਆ ਕਿ ਭਾਜਪਾ ਦੀ ਗੂੜੀ ਸਾਂਝ ਸਾਡੇ ਨਾਲ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨਾਲ ਹੈ ਅਤੇ ਭਾਜਪਾ ਨੇ ਹੀ ਬਾਦਲਾਂ ਨੂੰ ਨੁੱਕਰੇ ਲਾਉਣ ਲਈ ਢੀਂਡਸਾ ਨੂੰ ਅੰਦਰਖਾਤੇ ਪੂਰੀ ਹਮਾਇਤ ਵੀ ਦਿੱਤੀ ਹੋਈ ਹੈ।

ਜਥੇ. ਬ੍ਰਹਮਪੁਰਾ ਨੇ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸ 'ਤੇ ਹੁਣ ਬਾਦਲ ਮਗਰਮੱਛ ਦੇ ਹੰਝੂ ਵਹਾ ਕੇ ਕਿਸਾਨਾਂ ਦੀ ਨਜ਼ਰ 'ਚ ਚੰਗਾ ਬਣਨ ਦੀ ਕੋਸ਼ਿਸ਼ ਕਰ ਰਹੇ ਹਨ, ਜਦ ਕਿ ਉਸ ਆਰਡੀਨੈਂਸ ਨੂੰ ਪਾਸ ਕਰਨ ਵੇਲੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਖੁੱਲ ਕੇ ਹਮਾਇਤ ਕੀਤੀ ਸੀ। ਜਥੇ. ਬ੍ਰਹਮਪੁਰਾ ਨੇ ਕਿਹਾ ਕਿ ਕਾਂਗਰਸ ਅਤੇ ਬਾਦਲਾਂ ਦੀ ਜੋੜੀ ਤੋਂ ਪੰਜਾਬ ਦਾ ਖਹਿੜਾ ਛਡਾਉਣ ਲਈ ਤੀਸਰਾ ਗੱਠਜੋੜ ਸਥਾਪਤ ਕੀਤਾ ਜਾਵੇਗਾ, ਜਿਸ ਲਈ ਆਮ ਆਦਮੀ ਪਾਰਟੀ, ਖਹਿਰਾ ਗਰੁੱਪ ਅਤੇ ਬੈਂਸ ਭਰਾ ਮੇਰੇ ਸੰਪਰਕ 'ਚ ਹਨ। ਜਥੇ. ਬ੍ਰਹਮਪੁਰਾ ਨੇ ਅਖੀਰ 'ਚ ਆਖਿਆ ਕਿ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਜੇਕਰ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਟਕਸਾਲੀ 'ਚ ਆਉਣਾ ਚਾਹੁਣ ਤਾਂ ਅਸੀਂ ਉਨ੍ਹਾਂ ਨੂੰ ਨੰਗੇ ਪੈਰੀਂ ਜਾ ਕੇ ਚੁੱਕ ਕੇ ਲੈ ਆਵਾਂਗੇ। ਇਸ ਤੋਂ ਪਹਿਲਾਂ ਬ੍ਰਹਮਪੁਰਾ ਵੱਲੋਂ ਅਕਾਲੀ ਦਲ ਟਕਸਾਲੀ ਦੇ ਨਵੇਂ ਖੋਲ੍ਹੇ ਗਏ ਦਫਤਰ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਮਨਮੋਹਨ ਸਿੰਘ ਸਠਿਆਲਾ, ਰਵਿੰਦਰ ਸਿੰਘ ਬ੍ਰਹਮਪੁਰਾ (ਦੋਵੇਂ ਸਾਬਕਾ ਵਿਧਾਇਕ), ਕਰਨੈਲ ਸਿੰਘ ਪੀਰ ਮੁਹੰਮਦ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਗੁਰਪ੍ਰਤਾਪ ਸਿੰਘ ਰਿਆੜ, ਉਜ਼ਾਗਰ ਸਿੰਘ ਬਡਾਲੀ, ਅਮਰੀਕ ਸਿੰਘ ਗਿੱਲ, ਮਹਿੰਦਰ ਸਿੰਘ ਹੁਸੈਨਪੁਰ, ਪ੍ਰਭਜੋਤ ਸਿੰਘ ਫਰੀਦਕੋਟ ਅਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।


Deepak Kumar

Content Editor

Related News