ਸਰਹਦੋਂ ਬਰਾਮਦ ਹੈਰੋਇਨ ਮਾਮਲੇ 'ਚ ਮਸ਼ਹੂਰ ਸਮੱਗਲਰ ਖਿਲਾਫ ਕੇਸ ਦਰਜ

01/18/2020 8:32:38 PM

ਗੁਰਦਾਸਪੁਰ, (ਵਿਨੋਦ)- ਬੀਤੇ ਦਿਨੀਂ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਚੌਤਰਾ ਬੀ. ਓ. ਪੀ. ਨੇੜੇ ਜਿਹੜੀ ਹੈਰੋਇਨ ਅਤੇ ਹੋਰ ਸਾਮਾਨ ਬਰਾਮਦ ਹੋਇਆ ਸੀ, ਉਸ ਸਬੰਧੀ ਦੋਰਾਂਗਲਾ ਪੁਲਸ ਨੇ ਮੁਖਬਰੀ ਦੇ ਆਧਾਰ 'ਤੇ ਜ਼ਿਲਾ ਗੁਰਦਾਸਪੁਰ ਦੇ ਬਹੁਤ ਹੀ ਮਸ਼ਹੂਰ ਸਮੱਗਲਰ ਸੁਖਦੀਪ ਸਿੰਘ ਉਰਫ ਘੁੱਦਾ ਪੁੱਤਰ ਨੱਥਾ ਸਿੰਘ ਨਿਵਾਸੀ ਪਿੰਡ ਰਡਿਆਣਾ ਵਿਰੁੱਧ ਕੇਸ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਦੋਰਾਂਗਲਾ ਪੁਲਸ ਸਟੇਸ਼ਨ ਅਧੀਨ ਸਰਹੱਦ 'ਤੇ ਚੌਤਰਾ ਬੀ. ਓ. ਪੀ. ਦੇ ਸਾਹਮਣੇ ਪਾਕਿਸਤਾਨ ਤੋਂ ਭਾਰਤ 'ਚ ਲਿਆਂਦੀ ਜਾ ਰਹੀ 23 ਕਿਲੋ 380 ਗ੍ਰਾਮ ਹੈਰੋਇਨ ਸਮੇਤ ਕਾਰਤੂਸ, ਮੋਬਾਇਲ ਅਤੇ ਵਾਈ. ਫਾਈ. ਕੁਨੈਕਟਰ ਆਦਿ ਬਰਾਮਦ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਬਰਾਮਦ ਹੈਰੋਇਨ ਆਦਿ ਸਬੰਧੀ ਜਾਂਚ ਤੋਂ ਬਾਅਦ ਅਤੇ ਕਿਸੇ ਮੁਖਬਰ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਾਰਾ ਸਾਮਾਨ ਕਲਾਨੌਰ ਪੁਲਸ ਸਟੇਸ਼ਨ ਅਧੀਨ ਪਿੰਡ ਰਡਿਆਣਾ ਨਿਵਾਸੀ ਸੁਖਦੀਪ ਸਿੰਘ ਉਰਫ ਘੁੱਦਾ ਨੇ ਪਾਕਿਸਤਾਨ ਤੋਂ ਮੰਗਵਾਇਆ ਸੀ ਅਤੇ ਉਸ ਨੇ ਹੀ ਇਹ ਸਰਹੱਦ ਤੋਂ ਡਲਿਵਰੀ ਲੈਣੀ ਸੀ। ਜ਼ਿਲਾ ਪੁਲਸ ਮੁਖੀ ਅਨੁਸਾਰ ਸੁਖਦੀਪ ਸਿੰਘ ਨਾਮੀ ਸਮੱਗਲਰ ਹੈ ਅਤੇ ਉਸ ਵਿਰੁੱਧ ਪਹਿਲਾਂ ਵੀ ਕਈ ਕੇਸ ਦਰਜ ਹਨ। ਉਸ ਵਿਰੁੱਧ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa