ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਅਕਾਲੀ ਦਲ ਦੇ ਰੁੱਸੇ ਆਗੂਆਂ ਨੇ ਬਖਸ਼ਾਈ ਭੁੱਲ

10/16/2018 11:28:39 PM

ਚੰਡੀਗੜ੍ਹ/ਅੰਮ੍ਰਿਤਸਰ— ਸ੍ਰੋਮਣੀ ਅਕਾਲੀ ਦਲ ਦੇ ਖਫਾ ਹੋਏ ਸੀਨੀਅਰ ਆਗੂ ਮੰਗਲਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ। ਉਨ੍ਹਾਂ ਕਿਹਾ ਕਿ ਅਸੀਂ ਇਥੇ ਮੱਥਾ ਟੇਕ ਕੇ ਆਪਣੀ ਭੁੱਲ ਬਖ਼ਸ਼ਾਈ ਹੈ। ਪਹਿਲਾਂ ਚਰਚਾ ਸੀ ਕਿ ਇਸ ਮੌਕੇ ਉਹ ਕੋਈ ਵੱਡਾ ਐਲਾਨ ਕਰ ਸਕਦੇ ਹਨ ਪਰ ਮੱਥਾ ਟੇਕਣ ਤੋਂ ਬਾਅਦ ਉਹ ਮੀਡੀਆ ਤੋਂ ਬਚਦੇ ਨਜ਼ਰ ਆਏ। ਇਨ੍ਹਾਂ ਆਗੂਆਂ 'ਚ ਡਾ. ਰਤਨ ਸਿੰਘ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਭਾਈ ਮਨਜੀਤ ਸਿੰਘ, ਮਨਮੋਹਨ ਸਿੰਘ ਸਠਿਆਲਾ, ਰਵੀਇੰਦਰ ਬ੍ਰਹਮਪੁਰਾ ਤੇ ਅਮਰਪਾਲ ਬੋਨੀ ਅਜਨਾਲਾ ਸ਼ਾਮਲ ਹਨ। ਇਸ ਮੌਕੇ 'ਤੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਕੋਈ ਰਾਜਨੀਤਕ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ ਉਹ ਸਿਰਫ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਨ ਲਈ ਇਥੇ ਪੁੱਜੇ ਅਤੇ ਉਨ੍ਹਾਂ ਦੀ ਕੋਈ ਰਾਜਨੀਤਕ ਇੱਛਾ ਨਹੀਂ ਹੈ। ਉਹ ਸਿਰਫ ਅਰਦਾਸ ਬੇਨਤੀ ਕਰਨ ਵਾਸਤੇ ਆਏ। 
ਜ਼ਿਕਰਯੋਗ ਹੈ ਕਿ ਉਕਤ ਆਗੂਆਂ ਨੇ ਪਿਛਲੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ ਸਨ। ਉਕਤ ਆਗੂ ਲੀਡਰ ਅਕਾਲੀ ਦਲ ਦੀ ਪਟਿਆਲਾ ਰੈਲੀ 'ਚ ਸ਼ਾਮਲ ਨਹੀਂ ਹੋਏ ਸਨ।