ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਮਨਾਈ ਜਾਵੇਗੀ ਪਹਿਲੀ ਬਰਸੀ

03/03/2021 4:59:18 PM

ਅੰਮ੍ਰਿਤਸਰ (ਸੁਮੀਤ) - ਬੀਤੇ ਸਾਲ ਸਿੱਖ ਜਗਤ ਦੇ ਅਨਮੋਲ ਹੀਰੇ ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਕੋਰੋਨਾ ਵਾਇਰਸ ਦੀ ਬੀਮਾਰੀ ਦੇ ਕਾਰਨ ਪਰਿਵਾਰ ਅਤੇ ਸਿੱਖ ਸੰਗਤਾਂ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੀ ਪਹਿਲੀ ਬਰਸੀ ਬਟਾਲੇ ਦੇ ਨੇੜਲੇ ਪਿੰਡ ਸ਼ੁਕਰ ਚੱਕ ਵਿੱਚ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉਸ ਜਗ੍ਹਾ ’ਤੇ 2 ਅਪ੍ਰੈਲ ਨੂੰ ਮਨਾਈ ਜਾਏਗੀ। ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਪਿੰਡ ਵੇਰਕਾ, ਜੋ ਅੰਮ੍ਰਿਤਸਰ ਤੋਂ 8 ਕੁ ਕਿਲੋਮੀਟਰ ਦੇ ਨੇੜੇ-ਤੇੜੇ ਹੈ, ਉੱਥੋਂ ਦੇ ਰਹਿਣ ਵਾਲੇ ਸਨ। ਸਿੱਖ ਜਗਤ ਦੇ ਪ੍ਰਸਿੱਧ ਕਰਤਾਨੀਏ ਹੋਣ ਦੇ ਨਾਲ-ਨਾਲ ਭਾਈ ਨਿਰਮਲ ਸਿੰਘ ਖਾਲਸਾ 2009 ਵਿੱਚ ਪਦਮ ਸ੍ਰੀ ਪੁਰਸਕਾਰ ਵੀ ਪ੍ਰਾਪਤ ਚੁੱਕੇ ਸਨ । 

ਕਿਹਾ ਜਾਂਦਾ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਦਰਜ ਗੁਰਬਾਣੀ ਦੇ ਸਾਰੇ 31 ਰਾਗਾਂ ਦਾ ਗਿਆਨ ਸੀ ਅਤੇ ਉਹ ਆਪਣੀ ਕਲਾ ’ਚੋਂ ਪਦਮ ਸ਼੍ਰੀ ਪ੍ਰਾਪਤ ਕਰਨ ਵਾਲੇ ਇਕਲੌਤੇ ਵਿਅਕਤੀ ਸਨ। ਭਾਈ ਨਿਰਮਲ ਸਿੰਘ ਖਾਲਸਾ ਜੀ ਦੀ ਬਰਸੀ ਸਮਾਗਮ ਦੇ ਸਬੰਧ ਵਿੱਚ ਉਨ੍ਹਾਂ ਦੇ ਪੁੱਤਰ ਨੇ ਕੁੱਝ ਦਿਨ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਬਰਸੀ ਵਿੱਚ ਸ਼ਾਮਲ ਹੋਣ ਕਿਹਾ। ਇਸਦੇ ਨਾਲ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ ਸਮੂਹ ਸੰਗਤ ਅਤੇ ਸਾਰੇ ਹੀ ਰਾਜਨੀਤਿਕ ਦਲਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। 

ਭਾਈ ਨਿਰਮਲ ਸਿੰਘ ਦੇ ਪੁੱਤਰ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਚਲਦਿਆਂ ਆਪਣੇ ਪਿਤਾ ਦੀਆਂ ਅਸਤੀਆਂ ਨੂੰ ਬਹਾ ਨਹੀਂ ਸਕੇ। ਉਨ੍ਹਾਂ ਨੇ ਆਪਣੇ ਪਿਤਾ ਦੇ ਸਸਕਾਰ ਵਾਲੀ ਥਾਂ ਨੂੰ ਇੱਕ ਯਾਦਗਾਰੀ ਜਗ੍ਹਾ ਬਣਾਉਣ ਦੀ ਅਪੀਲ ਕੀਤੀ, ਤਾਂ ਕਿ ਸੰਗਤ ਉਨ੍ਹਾਂ ਨੂੰ ਯਾਦ ਕਰਕੇ ਉਸ ਜਗ੍ਹਾ ’ਤੇ ਆ ਸਕੇ। 

rajwinder kaur

This news is Content Editor rajwinder kaur