ਤਸਕਰੀ ਲਈ ਟਰੱਕ ’ਚ ਲਿਜਾਈਆਂ ਜਾ ਰਹੀਆਂ 9 ਗਾਵਾਂ, 2 ਮੱਝਾਂ ਤੇ 2 ਬੱਚਿਆਂ ਨੂੰ ਸ਼ਿਵ ਸੈਨਾ ਨੇ ਕੀਤਾ ਕਾਬੂ

04/20/2022 10:53:38 AM

ਤਰਨਤਾਰਨ (ਰਮਨ) - ਬੀਤੀ ਦੇਰ ਰਾਤ ਟਰੱਕ ਵਿੱਚ ਤਸਕਰੀ ਲਈ ਲਿਜਾਈਆਂ ਜਾ ਰਹੀਆਂ 9 ਗਾਵਾਂ, 2 ਮੱਝਾਂ ਅਤੇ 2 ਬੱਚਿਆਂ ਨੂੰ ਸ਼ਿਵ ਸੈਨਾ ਭਗਵਾ ਅੰਮ੍ਰਿਤਸਰ ਦੀ ਟੀਮ ਨੇ ਪੁਲਸ ਨਾਲ ਮਿਲ ਕੇ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ ਪੁਲਸ ਨੇ ਟਰੱਕ ਡਰਾਈਵਰ ਅਤੇ ਇਕ ਹੋਰ ਵਿਅਕਤੀ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। 

ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਉਕਤ ਗਾਵਾਂ ਅਤੇ ਮੱਝਾਂ ਨੂੰ ਇਕ ਟਰੱਕ ਵਿਚ ਅੰਮ੍ਰਿਤਸਰ ਤੋਂ ਨੈਸ਼ਨਲ ਹਾਈਵੇ 54 ਰਾਹੀਂ ਹੋਰ ਜ਼ਿਲ੍ਹੇ ਵਿਚ ਲਿਜਾਇਆ ਜਾ ਰਿਹਾ ਸੀ। ਇਸ ਦਾ ਪਿੱਛਾ ਕਰ ਰਹੇ ਸ਼ਿਵ ਸੈਨਾ ਭਗਵਾ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਟਰੱਕ ਨੂੰ  ਪਿੰਡ ਸੇਰੋਂ ਨਜ਼ਦੀਕ ਉਸਮਾ ਟੋਲ ਪਲਾਜ਼ਾ ਵਿਖੇ ਜਾ ਘੇਰਿਆ। ਇਸ ਦੌਰਾਨ ਟੀਮ ਵੱਲੋਂ ਥਾਣਾ ਸਰਹਾਲੀ ਅਧੀਨ ਆਉਂਦੇ ਪੁਲਸ ਚੌਕੀ ਨੌਸ਼ਹਿਰਾ ਪਨੂੰਆਂ ਦੇ ਇੰਚਾਰਜ ਏ.ਐੱਸ.ਆਈ. ਗੁਰਪਾਲ ਸਿੰਘ ਨੂੰ ਸੂਚਨਾ ਦਿੱਤੀ ਗਈ। 

ਇਸ ਸਬੰਧ ’ਚ ਪੁੱਛਗਿੱਛ ਕਰਨ ’ਤੇ ਟਰੱਕ ਡਰਾਈਵਰ ਅਤੇ ਇਕ ਹੋਰ ਵਿਅਕਤੀ ਪੁਲਸ ਨੂੰ ਉਕਤ ਗਾਵਾਂ ਸਬੰਧੀ ਕੋਈ ਠੋਸ ਜਾਣਕਾਰੀ ਨਹੀਂ ਦੇ ਪਾਏ, ਜਿਸ ਕਾਰਨ ਪੁਲਸ ਨੇ ਦੋਵਾਂ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਗਊਆਂ ਅਤੇ ਮੱਝਾਂ ਨੂੰ ਰਾਧੇ ਕ੍ਰਿਸ਼ਨ ਗਊਸ਼ਾਲਾ ਤਰਨਤਾਰਨ ਵਿਖੇ ਭੇਜ ਦਿੱਤਾ ਗਿਆ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਪੁਲਸ ਵੱਲੋਂ ਕੀਤੀ ਜਾ ਰਹੀ ਹੈ। 


rajwinder kaur

Content Editor

Related News