ਪੁਲਸ ਚੌਕੀ ਭੰਗਾਲੀ ਕਲਾਂ ਵਿਰੁੱਧ ਨਾਅਰੇਬਾਜ਼ੀ

11/15/2018 4:30:04 AM

ਜੈਂਤੀਪੁਰ,   (ਬਲਜੀਤ)-  ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਦੇ ਹੀ ਨਸ਼ਿਆਂ ਵਿਰੁੱਧ ਮੁਹਿੰਮ ਵਿੱਢ ਕੇ ਸ਼ਲਾਘਾਯੋਗ ਕੰਮ ਕੀਤਾ ਗਿਆ ਪਰ ਹੇਠਲੇ ਪੱਧਰ ’ਤੇ ਇਸ ਮੁਹਿੰਮ ਨੂੰ ਫੇਲ ਕਰਨ ਦੀਅਾਂ ਵਿਉਂਤਾਂ ਘਡ਼ੀਅਾਂ ਜਾ ਰਹੀਅਾਂ ਹਨ, ਜਿਸ ਦੀ ਤਾਜ਼ਾ ਮਿਸਾਲ ਪੁਲਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੀ ਪੁਲਸ ਚੌਕੀ ਭੰਗਾਲੀ ਕਲਾਂ ਵੱਲੋਂ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਨਸ਼ਾ ਵਿਰੋਧੀ ਮੁਹਿੰਮ ਦੇ ਮੁੱਖ ਸੰਚਾਲਕ ਪੱਪਲਪ੍ਰੀਤ ਸਿੰਘ ਮਰਡ਼ੀ ਕਲਾਂ ਦੀ ਅਗਵਾਈ ਹੇਠ ਸੈਂਕਡ਼ੇ ਨੌਜਵਾਨਾਂ ਵੱਲੋਂ ਦਿਹਾਤੀ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ।  ਇਸ ਮੌਕੇ ਗੱਲਬਾਤ ਕਰਦਿਆਂ ਸੰਸਥਾ ਦੇ ਪ੍ਰਧਾਨ ਪੱਪਲਪ੍ਰੀਤ ਸਿੰਘ ਤੇ ਅਮਨਦੀਪ ਸ਼ਰਮਾ ਨੇ ਸਾਂਝੇ ਬਿਆਨ ’ਚ ਦੱਸਿਆ ਕਿ ਪਿੰਡ ਮਰਡ਼ੀ ਕਲਾਂ ਤੇ ਥਰੀਏਵਾਲ ’ਚ 6 ਸਮੱਗਲਰਾ ਵੱਲੋਂ ਜ਼ਹਿਰੀਲੀ ਸ਼ਰਾਬ ਸ਼ਰੇਆਮ ਵੇਚੀ ਜਾ ਰਹੀ ਹੈ, ਜਿਨ੍ਹਾਂ ਨੂੰ ਰੋਕਣ ਅਤੇ ਉਨ੍ਹਾਂ ਪਾਸੋਂ ਨਾਜਾਇਜ਼ ਸ਼ਰਾਬ ਹੋਣ ਸਬੰਧੀ ਕਈ ਵਾਰ ਪੁਲਸ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਪੁਲਸ ਵੱਲੋਂ ਕਾਰਵਾਈ ਦੀ ਬਜਾਏ ਸਮੱਗਲਰਾਂ ਨਾਲ ਗੰਡਤੁੱਪ ਕਰ ਲਈ ਜਾਂਦੀ ਹੈ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਜ਼ਿਕਰਯੋਗ ਹੈ ਕਿ ਪੱਪਲਪ੍ਰੀਤ ਸਿੰਘ ਦੀ ਅਗਵਾਈ ’ਚ ਬਣੀ ਸੰਸਥਾ ਦੇ ਮੈਂਬਰਾਂ ਵੱਲੋਂ ਦਰਜਨਾਂ ਨਸ਼ਾ ਸਮੱਗਲਰਾਂ ਨੂੰ ਪੁਲਸ ਹਵਾਲੇ ਕੀਤਾ ਜਾ ਚੁੱਕਾ ਹੈ, ਜਿਸ ਦੀ ਸ਼ਲਾਘਾ ਆਈ. ਜੀ. ਬਾਰਡਰ ਰੇਂਜ ਸੁਰਿੰਦਰ ਸਿੰਘ ਪਰਮਾਰ ਵੀ ਕਰ ਚੁੱਕੇ ਹਨ। ਹੁਣ ਦੇਖਣਾ ਇਹ ਹੈ ਕਿ ਪੁਲਸ ਸਮਾਜਸੇਵੀ ਨੌਜਵਾਨਾਂ ਦਾ ਸਾਥ ਦਿੰਦਿਅਾਂ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਦੀ ਹੈ ਜਾਂ ਸ਼ਰੇਆਮ ਨਸ਼ਾ ਵੇਚਣ ਦੀ ਖੁੱਲ੍ਹ ਦੇ ਕੇ ਨਸ਼ਾ ਵਿਰੋਧੀ ਚਲਾਈ ਮੁਹਿੰਮ ਨੂੰ ਠੁੱਸ ਕਰਦੀ ਹੈ।
 ਇਸ ਸਬੰਧੀ ਜਦੋਂ ਪੁਲਸ ਚੌਕੀ ਇੰਚਾਰਜ ਭੰਗਾਲੀ ਕਲਾਂ ਸਰਬਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਥੇ ਵੀ ਸੂਚਨਾ ਮਿਲਦੀ ਹੈ ਤਾਂ ਰੇਡ ਕੀਤੀ ਜਾਂਦੀ ਹੈ ਪਰ ਜੇਕਰ ਕਿਸੇ ਕੋਲ ਕੋਈ ਇਤਰਾਜ਼ਯੋਗ ਵਸਤੂ ਨਹੀਂ ਮਿਲਦੀ ਤਾਂ ਉਸ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਜਦ ਵੀ ਨਸ਼ਾ ਸਮੱਗਲਰਾਂ ਪਾਸੋਂ ਸ਼ਰਾਬ ਬਰਾਮਦ ਹੋਵੇਗੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੱਪਲਪ੍ਰੀਤ ਸਿੰਘ ਤੇ ਸੰਸਥਾ ਦੇ ਆਗੂਅਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਕ ਹਫਤੇ ’ਚ ਨਸ਼ਾ ਸਮੱਗਲਰ ਕਾਬੂ ਨਾ ਕੀਤੇ ਗਏ ਤਾਂ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।
 ਇਸ ਮੌਕੇ ਤਰਲੋਕ ਸਿੰਘ, ਰਵਨੀਤ ਸਿੰਘ ਹੀਰਾ, ਰਸ਼ਪਾਲ ਸਿੰਘ, ਜਗਰੂਪ ਸਿੰਘ, ਭਗਵੰਤ ਸਿੰਘ, ਅਵਤਾਰ ਸਿੰਘ, ਬਲਰਾਜ ਸਿੰਘ ਮਰਡ਼ੀ, ਦੀਪਕ ਸ਼ਰਮਾ, ਸੋਨੂੰ, ਮੋਨੂੰ ਥਰੀਏਵਾਲ, ਜ਼ੋਰਾਵਰ ਸਿੰਘ, ਪਵਿੱਤਰ ਸਿੰਘ, ਧਰਮਵੀਰ ਸਿੰਘ, ਸਿੱਧੂ ਮਰਡ਼ੀ ਆਦਿ ਹਾਜ਼ਰ ਸਨ।