ਸ਼ਰਾਰਤੀ ਅਨਸਰਾਂ ਨੇ ਦੁਕਾਨ ’ਚ ਦਾਖ਼ਲ ਹੋ ਕੇ ਔਰਤਾਂ ਦੇ ਜੜ੍ਹੇ ਥੱਪੜ, ਪੁਰਸ਼ਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

05/26/2023 1:07:54 PM

ਅੰਮ੍ਰਿਤਸਰ (ਜ.ਬ.)- ਨਿਊ ਪ੍ਰੀਤ ਨਗਰ ਵਿਖੇ ਖਾਲੀ ਪਲਾਟ ਵਿਚ ਵਾਲੀਬਾਲ ਖੇਡ ਰਹੇ ਕਥਿਤ ਮੁਲਜ਼ਮਾਂ ਦਾ ਪੁਲਸ ਵਲੋਂ ਜਾਲ ਉਤਾਰਨ ’ਤੇ ਮੁਲਜ਼ਮਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰ ਕੇ ਸ਼ਿਕਾਇਤ ਕਰਤਾ ਔਰਤਾਂ ਨੂੰ ਸ਼ਰੇਆਮ ਥੱਪੜ ਮਾਰੇ ਅਤੇ ਔਰਤਾਂ ਦੇ ਰਿਸ਼ਤੇਦਾਰ ਪੁਰਸ਼ਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਨਿਊ ​​ਪ੍ਰੀਤ ਨਗਰ ਬਟਾਲਾ ਰੋਡ ਦੇ ਰਹਿਣ ਵਾਲੇ ਰਾਮ ਖਿਲਾਵਨ ਪੁੱਤਰ ਸ਼ਿਵ ਬਹਾਦਰ ਨੇ ਦੱਸਿਆ ਕਿ ਉਸ ਦੀ ਦੁਕਾਨ ਦੇ ਸਾਹਮਣੇ ਖਾਲੀ ਪਲਾਟ ਵਿਚ ਵਾਲੀਬਾਲ ਖੇਡਦੇ ਸਮੇਂ ਇਲਾਕੇ ਦੇ ਕੁਝ ਗੁੰਡੇ ਅਨਸਰ ਇੱਕ-ਦੂਜੇ ਨਾਲ ਗਾਲੀ-ਗਲੋਚ ਕਰਦੇ ਸਨ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸ਼ਰਾਰਤੀ ਅਨਸਰਾਂ ਨੂੰ ਗਾਲ੍ਹਾਂ ਕੱਢਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਆਪਣੇ ਮਨ ਵਿਚ ਰੰਜਿਸ਼ ਭਰ ਲਈ ਅਤੇ ਪਹਿਲਾਂ ਨਾਲੋਂ ਵੀ ਉੱਚੀ-ਉੱਚੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। 

ਇਹ ਵੀ ਪੜ੍ਹੋ- ਨੌਜਵਾਨ ਦੀ ਕਹੀ ਗੱਲ ਤੋਂ ਖਫ਼ਾ ਕੁੜੀ ਨੇ ਜੜ੍ਹਿਆ ਥੱਪੜ, ਹੈਰਾਨ ਕਰੇਗੀ ਗੁਰਦਾਸਪੁਰ ਦੀ ਇਹ ਘਟਨਾ

ਉਸ ਨੇ ਦੱਸਿਆ ਕਿ ਜਦੋਂ ਉਸ ਨੇ ਸ਼ਰਾਰਤੀ ਅਨਸਰਾਂ ਦੀਆਂ ਇਨ੍ਹਾਂ ਹਰਕਤਾਂ ਬਾਰੇ ਥਾਣਾ ਮੋਹਕਮਪੁਰਾ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਸ਼ਰਾਰਤੀ ਅਨਸਰਾਂ ਦਾ ਜਾਲ ਹਟਾ ਦਿੱਤਾ ਅਤੇ ਪੁਲਸ ਦੇ ਜਾਣ ਤੋਂ ਬਾਅਦ ਰਾਤ 8 ਵਜੇ ਦੇ ਕਰੀਬ ਸ਼ਰਾਰਤੀ ਅਨਸਰਾਂ ਨੇ ਉਸ ਦੀ ਦੁਕਾਨ ’ਤੇ ਬੈਠੀ ਉਸ ਦੀ ਪਤਨੀ ਅਸ਼ੋਕ ਕੁਮਾਰੀ, ਸਾਲੀ ਲਕਸ਼ਮੀ ਅਤੇ ਬੇਟੀ ਪੁਸ਼ਪਾ ਨੂੰ ਦੁਕਾਨ ਵਿਚ ਦਾਖ਼ਲ ਹੋ ਕੇ ਗਾਲੀ-ਗਲੋਚ ਕਰ ਕੇ ਥੱਪੜ ਮਾਰਨ ਲੱਗੇ। ਉਨ੍ਹਾਂ ਦਾ ਰੌਲਾ ਸੁਣ ਕੇ ਉਨ੍ਹਾਂ ਦੇ ਰਿਸ਼ਤੇਦਾਰ ਰਾਮ ਚੰਦਰ ਪੁੱਤਰ ਪ੍ਰੇਮ ਚੰਦਰ, ਜੰਗ ਬਹਾਦਰ ਪੁੱਤਰ ਜੱਗੂ ਰਾਮ, ਸ਼ਿਵ ਪੁੱਤਰ ਰਾਮ ਕੁਮਾਰ ਉਨ੍ਹਾਂ ਨੂੰ ਬਚਾਉਣ ਲਈ ਅੱਗੇ ਆਏ ਤਾਂ ਕਰੀਬ 30-35 ਸ਼ਰਾਰਤੀ ਅਨਸਰਾਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।

ਇਹ ਵੀ ਪੜ੍ਹੋ-  ਤਰਨਤਾਰਨ ਵਿਖੇ ਮੁਲਜ਼ਮ ਨੂੰ ਫੜਨ ਗਈ ਮਹਿਲਾ ਸਬ ਇੰਸਪੈਕਟਰ ਨਾਲ ਹੋਈ ਬਦਸਲੂਕੀ

ਪੀੜਤ ਪਰਿਵਾਰ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਝਗੜੇ ਦੇ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇ। ਵਾਲਮੀਕਿ ਅੰਬੇਡਕਰ ਮਹਾਂ ਪੰਚਾਇਤ ਦੇ ਪੰਜਾਬ ਇੰਚਾਰਜ ਦਲਜੀਤ ਸਿੰਘ, ਮਾਝਾ ਜ਼ੋਨ ਦੇ ਚੇਅਰਮੈਨ ਵਿਜੇ ਨਾਹਰ, ਭਾਰਤੀ ਮੂਲਨਿਵਾਸੀ ਮੁਕਤੀ ਮੋਰਚਾ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਮੂਲ ਵਾਸੀ ਪੀੜਤ ਪਰਿਵਾਰ ਦੇ ਹੱਕ ਵਿਚ ਆਏ, ਜਿੱਥੇ ਪੀੜਤ ਪਰਿਵਾਰ ਦਾ ਦੁੱਖ ਸੁਣਿਆ। ਦੂਜੇ ਪਾਸੇ ਪੁਲਸ ਪ੍ਰਸ਼ਾਸਨ ਤੋਂ ਜਿੱਥੇ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ, ਉਥੇ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਨਾ ਕੀਤਾ ਤਾਂ ਉਹ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੜਕਾਂ ’ਤੇ ਉਤਰਨ ਲਈ ਤਿਆਰ ਰਹਿਣਗੇ। 

ਇਹ ਵੀ ਪੜ੍ਹੋ- ਨੌਜਵਾਨ ਤੋਂ ਦੁਖੀ ਹੋ 2 ਬੱਚਿਆਂ ਦੀ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan