ਗੈਸ ਚਡ਼੍ਹਨ ਨਾਲ ਸੀਵਰਮੈਨ ਦੀ ਮੌਤ

02/26/2020 9:42:35 PM

ਅੰਮ੍ਰਿਤਸਰ, (ਰਮਨ)- ਨਗਰ ਨਿਗਮ ਦੇ ਅਧੀਨ ਪੈਂਦੀ ਮੁਹੱਲਾ ਸੁਧਾਰ ਕਮੇਟੀ ’ਚ ਕੰਮ ਕਰਦੇ ਸੀਵਰਮੈਨ ਜਾਗੀਰ ਸਿੰਘ ਦੀ ਮੌਤ ’ਤੇ ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਗੈਸ ਚਡ਼੍ਹਨ ਨਾਲ ਉਸ ਦੀ ਮੌਤ ਹੋਈ ਹੈ। ਉਕਤ ਕਰਮਚਾਰੀ ਜਾਗੀਰ ਸਿੰਘ ਵਾਰਡ ਨੰਬਰ 7 ਜ਼ੋਨ ਨੰਬਰ 6 ’ਚ ਕਮੇਟੀ ਦੇ ਅਧੀਨ ਕੰਮ ਕਰਦਾ ਸੀ। ਪਿਛਲੇ ਦਿਨ ਮੰਗਲਵਾਰ ਨੂੰ ਦੁਪਹਿਰ ਇਕ ਵਜੇ ਆਪਣੇ ਸਾਥੀ ਬਿੱਟੂ ਤੇ ਜਸਪਾਲ ਨਾਲ ਬਾਲਟੀਆਂ ਨਾਲ ਸੀਵਰੇਜ ਦਾ ਟੋਇਆ ਕੱਢਣ ਲਈ ਸਫਾਈ ਕਰ ਰਿਹਾ ਸੀ। ਉਸ ਦੇ ਸਾਥੀਆਂ ਨੇ ਦੱਸਿਆ ਕਿ ਸੀਵਰੇਜ ਸਾਫ਼ ਕਰਨ ਦੌਰਾਨ ਉਨ੍ਹਾਂ ਨੇ ਕੋਈ ਸੇਫਟੀ ਕਿੱਟ ਨਹੀਂ ਪਾਈ ਸੀ, ਜਿਸ ਨਾਲ ਜਾਗੀਰ ਸਿੰਘ ਦੀ ਤਬੀਅਤ ਖ਼ਰਾਬ ਹੋਈ। ਉਸ ਨੂੰ ਤੁਰੰਤ ਘਰ ਲਿਜਾਇਆ ਗਿਆ ਉਸ ਨੇ ਦੱਸਿਆ ਕਿ ਉਸ ਨੂੰ ਗੈਸ ਚਡ਼੍ਹ ਗਈ ਹੈ। ਜਦੋਂ ਘਰ ਪੁੱਜੇ ਤਾਂ ਉਸ ਦੀ ਕੁਝ ਦੇਰ ਬਾਅਦ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਰੋਸ ਸਵਰੂਪ ਲਾਸ਼ ਨੂੰ ਘਰ ’ਚ ਹੀ ਰੱਖਿਆ। ਅਧਿਕਾਰੀਆਂ ਨੂੰ ਮਿਲਣ ਦੇ ਬਾਅਦ ਉਨ੍ਹਾਂ ਨੇ ਪੁਲਸ ਦੀ ਕਾਰਵਾਈ ਕਰਵਾਉਣ ’ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ। ਇਸ ਦੌਰਾਨ ਸੀਵੇਰਜ ਯੂਨੀਅਨ ਦੇ ਦੀਪਕ ਗਿੱਲ, ਗੌਰਵ ਕੁਮਾਰ, ਵਿੱਕੀ, ਅਨਿਲ ਭੱਟੀ, ਵਿਕਾਸ, ਸੰਜੇ ਖੋਸਲਾ, ਵਿਸ਼ੂ ਖੋਸਲਾ ਤੇ ਮ੍ਰਿਤਕ ਦੇ ਭਤੀਜੇ ਰਾਜਵਿੰਦਰ ਸਿੰਘ ਆਦਿ ਨੇ ਨਿਗਮ ’ਚ ਅਧਿਕਾਰੀਆਂ ਨਾਲ ਬੈਠਕ ਕੀਤੀ ਅਤੇ ਕਿਹਾ ਕਿ ਨਿਗਮ ਦੇ ਕਿਸੇ ਅਧਿਕਾਰੀ ਨੇ ਉਸ ਦੀ ਮੌਤ ਨੂੰ ਲੈ ਕੇ ਜਾਂਚ ਨਹੀਂ ਕੀਤੀ ਅਤੇ ਪਰਿਵਾਰ ਦੇ ਮੈਂਬਰ ਤੋਂ ਕੋਈ ਹਾਲ ਨਹੀਂ ਪੁੱਛਿਆ। ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਵੀ. ਆਈ. ਪੀ. ਆਏ ਤਾਂ ਸੀਵਰਮੈਨਾਂ ਨੂੰ ਸੀਵਰੇਜ ਹੋਲਾਂ ਵਿਚ ਸਫਾਈ ਕਰਨ ਲਈ ਭੇਜ ਦਿੱਤਾ ਜਾਂਦਾ ਹੈ ਅਤੇ ਜਦੋਂ ਕਿਸੇ ਦੀ ਮੌਤ ਹੋ ਜਾਵੇ ਤਾਂ ਉਸ ਦੇ ਬਾਰੇ ਪੁੱਛਿਆ ਤੱਕ ਨਹੀਂ ਜਾਂਦਾ ਹੈ। ਉਕਤ ਸੀਵਰਮੈਨ ਪਿਛਲੇ 18 ਸਾਲਾਂ ਤੋਂ ਨਿਗਮ ’ਚ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਘਰ ’ਚ ਹੀ ਇਹੀ ਇਕ ਕਮਾਉਣ ਵਾਲਾ ਸੀ। ਮ੍ਰਿਤਕ ਸੀਵਰਮੈਨ ਆਪਣੇ ਪਿੱਛੇ ਪਤਨੀ ਤੇ ਤਿੰਨ ਬੱਚੇ ਛੱਡ ਗਿਆ ਹੈ। ਉਨ੍ਹਾਂ ਦੇ ਘਰ ’ਚ ਹੋਰ ਕੋਈ ਕਮਾਈ ਕਰਨ ਵਾਲਾ ਨਹੀਂ ਹੈ ਇਸ ਲਈ ਜਿਸ ਤਰ੍ਹਾਂ ਪੱਕੇ ਕਰਮਚਾਰੀਆਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਵੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਸ ਦੇ ਘਰ ਦਾ ਗੁਜ਼ਾਰਾ ਚੱਲ ਸਕੇ।


Bharat Thapa

Content Editor

Related News