ਸ੍ਰੀ ਹਰਗੋਬਿੰਦਪੁਰ ਵਿਖੇ ਚਿਰਾਂ ਤੋਂ ਚਲਿਆ ਆ ਰਿਹਾ ਹੱਡਾਰੋਡ਼ੀ ਦਾ ਅੱਡਾ ਸੀਲ

10/04/2018 4:58:30 AM

 ਸ੍ਰੀ ਹਰਗੋਬਿੰਦਪੁਰ,   (ਬਾਬਾ)-  ਸ੍ਰੀ ਹਰਗੋਬਿੰਦਪੁਰ ਵਿਖੇ ਘਾਟੀ ਦੇ ਹੇਠਾਂ ਚਿਰਾਂ ਤੋਂ ਚਲਿਆ ਆ ਰਿਹਾ ਹੱਡਾਰੋਡ਼ੀ ਦਾ ਅੱਡਾ ਪੂਰੇ ਸ਼ਹਿਰ ਵਿਚ ਤੇਜ਼ ਹਵਾ ਆਉਣ ਨਾਲ ਪ੍ਰਦੂਸ਼ਣ ਫੈਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡ ਰਿਹਾ, ਜਿਸ ਨਾਲ ਕਈ ਬੀਮਾਰੀਆਂ ਪੈਦਾ ਹੋਣ ਦਾ ਖਦਸ਼ਾ ਵੀ ਬਣਦਾ ਜਾ ਰਿਹਾ ਸੀ। ਜੇਕਰ ਕਿਧਰੇ ਹਨੇਰੀ ਆ ਜਾਂਦੀ ਸੀ ਤਾਂ ਲੋਕਾਂ ਦਾ ਘਰਾਂ ਵਿਚ ਰਹਿਣਾ ਮੁਹਾਲ ਹੋ ਜਾਂਦਾ ਸੀ, ਜਿਸ ਕਰ ਕੇ ਲੋਕ ਘਰਾਂ ਵਿਚ ਖਾਣਾ ਤੱਕ ਨਹੀਂ ਬਣਾ ਸਕਦੇ ਸੀ। ਇਸ ਹਨੇਰੀ ਨਾਲ ਹੱਡਾਰੋਡ਼ੀ ਦੀ ਬਦਬੂ ਚਾਰ-ਚੁਫੇਰੇ ਫੈਲ ਕੇ ਸ਼ਹਿਰਵਾਸੀਆਂ ਲਈ ਮੁਸ਼ਕਿਲਾਂ ਪੈਦਾ ਕਰ ਰਹੀ ਸੀ ਅਤੇ ਬੀਤੇ  ਦਿਨ ਜਦੋਂ ਸ਼ਹਿਰ ਵਾਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੂੰ ਮਾਰਕੀਟ ਕਮੇਟੀ ਦਫਤਰ ਸ੍ਰੀ ਹਰਗੋਬਿੰਦਪੁਰ ਵਿਖੇ ਮਿਲੇ ਅਤੇ ਹੱਡਾਰੋਡ਼ੀ ਦੀ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਿਸ ’ਤੇ ਵਿਧਾਇਕ ਲਾਡੀ ਨੇ ਈ.ਓ. ਨਗਰ ਕੌਂਸਲ ਜਤਿੰਦਰ ਮਹਾਜਨ ਨੂੰ ਹੱਡਾਰੋਡ਼ੀ ਦਾ ਮੇਨ ਗੇਟ ਤੁਰੰਤ ਸੀਲ ਕਰਨ ਦੇ  ਹੁਕਮ ਦਿੱਤੇ ਜਿਸ ’ਤੇ  ਕਾਰਵਾਈ ਕਰਦਿਆਂ ਈ.ਓ. ਨੇ ਹੱਡਾਰੋਡ਼ੀ ਦਾ ਮੇਨ ਗੇਟ ਸੀਲ ਕਰ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਬਾਵਾ ਹਰਜੀਤ ਸਿੰਘ ਭੱਲਾ, ਕਲਰਕ ਸੁਰੇਸ਼ ਕੁਮਾਰ, ਹੱਡਾਰੋਡ਼ੀ ਦਾ ਠੇਕੇਦਾਰ ਬਲਦੇਵ ਰਾਜ ਅਤੇ ਸਮੂਹ ਸ਼ਹਿਰਵਾਸੀਆਂ ਸਮੇਤ ਮੁਹੱਲਾ ਸੰਤੋਖਪੁਰ ਦੇ ਲੋਕ ਹਾਜ਼ਰ ਸਨ।
 


Related News