ਜਨਮ ਦਿਨ ਦੀ ਪਾਰਟੀ ''ਚ ਚੱਲੀ ਗੋਲੀ, 1 ਜ਼ਖਮੀ

08/01/2019 1:21:48 AM

ਅੰਮ੍ਰਿਤਸਰ (ਸੰਜੀਵ)-ਜਨਮ ਦਿਨ ਦੀ ਪਾਰਟੀ 'ਚ ਹੋਈ ਤੂੰ-ਤੂੰ, ਮੈਂ-ਮੈਂ ਦੌਰਾਨ ਚੱਲੀ ਗੋਲੀ 'ਚ ਇਕ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਪਹੁੰਚੀ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਜ਼ਖਮੀ ਹੋਏ ਤਨਵੀਰ ਸਿੰਘ ਦੀ ਸ਼ਿਕਾਇਤ 'ਤੇ ਰਾਜਨ ਸ਼ਰਮਾ ਵਾਸੀ ਬਸੰਤ ਵਿਹਾਰ ਛੇਹਰਟਾ, ਜਸਪ੍ਰੀਤ ਸਿੰਘ ਵਾਸੀ ਸੰਨ੍ਹ ਸਾਹਿਬ ਰੋਡ ਛੇਹਰਟਾ, ਸੌਰਵ ਰਾਣਾ ਵਾਸੀ ਗੁਰੂ ਨਾਨਕ ਐਵੀਨਿਊ ਅਤੇ ਅਕਾਸ਼ ਰੰਧਾਵਾ ਵਿਰੁੱਧ ਹੱਤਿਆ ਦੀ ਕੋਸ਼ਿਸ਼ ਅਤੇ ਆਮਰਜ਼ ਐਕਟ ਅਧੀਨ ਕੇਸ ਦਰਜ ਕੀਤਾ ਹੈ।

ਇਹ ਹੈ ਮਾਮਲਾ -
ਤਨਵੀਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਪਿਛਲੇ ਦਿਨੀਂ ਉਹ ਆਪਣੇ ਦੋਸਤ ਸੌਰਵ ਮੋਰੇ, ਭਰਾ ਜਸਬੀਰ ਸਿੰਘ ਅਤੇ ਨਵਜੋਤ ਸਿੰਘ ਨਾਲ ਟ੍ਰਿਲੀਅਮ ਮਾਲ 'ਚ ਫਿਲਮ ਦੇਖਣ ਗਿਆ ਸੀ। ਟਿਕਟਾਂ ਨਾ ਮਿਲਣ ਕਾਰਨ ਉਹ ਆਪਣੀ ਕਾਰ ਨੰ. ਪੀ ਬੀ 02 ਐੱਨ 9090 'ਚ ਵਾਪਸ ਆ ਗਏ ਅਤੇ ਖਾਣਾ ਖਾਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਸਥਿਤ ਮਾਰਕੀਟ 'ਚ ਚਲੇ ਗਏ, ਜਦੋਂ ਉਹ ਡਾਮੀਨੋਸ ਰੈਸਟੋਰੈਂਟ 'ਚ ਗਏ ਤਾਂ ਉਥੇ ਸ਼ੁਭਮਦੀਪ ਸਿੰਘ ਨੂੰ ਮਿਲੇ, ਜਿਸ ਦੇ ਜਨਮ ਦਿਨ ਦੀ ਪਾਰਟੀ ਚੱਲ ਰਹੀ ਸੀ, ਜਦੋਂ ਉਹ ਬੇਸਮੈਂਟ 'ਚ ਗਏ ਤਾਂ ਉਥੇ ਪਹਿਲਾਂ ਤੋਂ ਹੀ 15 ਦੇ ਕਰੀਬ ਨੌਜਵਾਨ ਬੈਠੇ ਸਨ ਅਤੇ ਸਾਰੇ ਸ਼ਰਾਬ ਦੇ ਨਸ਼ੇ ਵਿਚ ਸਨ, ਜਿਨ੍ਹਾਂ ਨੂੰ ਦੇਖ ਕੇ ਉਹ ਬਾਹਰ ਆਉਣ ਲੱਗੇ ਤਾਂ ਉਨ੍ਹਾਂ 'ਚੋਂ ਉਕਤ ਮੁਲਜ਼ਮ ਉਨ੍ਹਾਂ ਨਾਲ ਬਹਿਸ ਕਰਨ ਲੱਗੇ ਅਤੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਇੰਨੇ 'ਚ ਇਕ ਨੌਜਵਾਨ ਨੇ ਮਾਰ ਦੇਣ ਦੀ ਨੀਅਤ ਨਾਲ ਉਨ੍ਹਾਂ 'ਤੇ 4-5 ਫਾਇਰ ਕੀਤੇ, ਜਿਨ੍ਹਾਂ 'ਚੋਂ ਇਕ ਗੋਲੀ ਉਸ ਦੇ ਹੱਥ 'ਤੇ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਉਹ ਇਲਾਜ ਲਈ ਹਸਪਤਾਲ ਜਾ ਰਹੇ ਸਨ ਕਿ ਉਨ੍ਹਾਂ ਦਾ ਪਿੱਛਾ ਕਰ ਰਹੇ ਹਮਲਾਵਰਾਂ ਨੇ ਇਕ ਵਾਰ ਫਿਰ ਉਨ੍ਹਾਂ ਦੀ ਕਾਰ 'ਤੇ ਗੋਲੀ ਚਲਾਈ, ਜੋ ਕਾਰ ਦੇ ਟਾਇਰ 'ਤੇ ਲੱਗੀ, ਜਿਸ ਤੋਂ ਬਾਅਦ ਮੁਲਜ਼ਮ ਉਥੋਂ ਫਰਾਰ ਹੋ ਗਏ।

ਕੀ ਕਹਿਣਾ ਹੈ ਪੁਲਸ ਦਾ- ਪੁਲਸ ਦਾ ਕਹਿਣਾ ਹੈ ਕਿ ਹਮਲਾਵਰਾਂ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਗਿਆ ਹੈ, ਉਥੇ ਹੀ ਦੂਜੇ ਪਾਸੇ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Karan Kumar

This news is Content Editor Karan Kumar