ਸ਼੍ਰੋਮਣੀ ਕਮੇਟੀ ਦਾ ਪੁੱਤਰ ਅਕਾਲੀ ਦਲ ਉਸ ਦਿਨ ਮਰ ਗਿਆ ਸੀ ਜਦ ਪੰਜਾਬੀ ਪਾਰਟੀ ''ਚ ਬਦਲ ਗਿਆ ਸੀ: ਸਿੱਖ ਯੂਥ ਫੈਡਰੇਸ਼ਨ

11/22/2020 1:07:35 PM

ਅੰਮ੍ਰਿਤਸਰ (ਅਨਜਾਣ): ਸ਼੍ਰੋਮਣੀ ਕਮੇਟੀ ਦਾ ਪੁੱਤਰ ਅਕਾਲੀ ਦਲ ਤਾਂ ਉਸ ਦਿਨ ਹੀ ਮਰ ਗਿਆ ਸੀ ਜਦ ਪ੍ਰਕਾਸ਼ ਸਿੰਘ ਬਾਦਲ ਨੇ 1996 'ਚ ਮੋਗਾ ਵਿਖੇ ਕਾਨਫਰੰਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ 'ਚ ਬਦਲ ਦਿੱਤਾ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਵਾਈਸ ਪ੍ਰਧਾਨ ਭਾਈ ਰਣਜੀਤ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਤੋਤੇ ਵਾਂਗ ਰੱਟੀ ਰਟਾਈ ਬਾਦਲਾਂ ਦੀ ਬੋਲੀ ਬੋਲਣ ਵਾਲੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਦੇ ਸ਼ਤਾਬਦੀ ਸਮਾਗਮ ਸਮੇਂ ਇਹ ਕਹਿਣਾ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਬਾਅਦ ਅਕਾਲੀ ਦਲ ਦਾ ਜਨਮ ਹੋਇਆ ਜਿਸ ਕਰਕੇ ਸ਼੍ਰੋਮਣੀ ਕਮੇਟੀ ਮਾਂ ਹੈ ਤੇ ਅਕਾਲੀ ਦਲ ਉਸਦਾ ਪੁੱਤਰ ਹੈ, ਜਿਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਪੰਥ ਫੇਰ ਖ਼ਤਰੇ 'ਚ ਹੈ, ਉਹ ਇਹ ਦੱਸਣ ਕਿ ਪੰਥ ਨੂੰ ਖਤਰੇ 'ਚ ਕਿਸਨੇ ਪਾਇਆ।

ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰੀ ਛੱਡ ਕੇ ਰਾਜਨੀਤੀ 'ਚ ਜਾ ਕੇ ਵਿਧਾਨ ਸਭਾ ਦੀ ਸੀਟ ਲੜਣ ਕਿਉਂਕਿ ਉਨ੍ਹਾਂ 'ਚ ਜਥੇਦਾਰੀ ਵਾਲੇ ਨਹੀਂ ਬਲਕਿ ਰਾਜਨੀਤਕਾਂ ਵਾਲੇ ਗੁਣ ਮੌਜੂਦ ਨੇ ਤੇ ਖਾਲਸਾ ਪੰਥ 'ਚੋਂ ਉਨ੍ਹਾਂ ਆਪਣਾ ਮਾਣ ਸਤਿਕਾਰ ਗਵਾ ਲਿਆ ਹੈ। ਬਾਦਲਾਂ ਨੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਤੇ ਇਜ਼ਹਾਰ ਆਲਮ ਵਰਗਿਆਂ ਨੂੰ ਪਾਰਟੀ 'ਚ ਉੱਚ ਅਹੁਦੇ ਬਖਸ਼ੇ, ਪੰਜਾਬ 'ਚ ਭਾਜਪਾ ਨੂੰ ਮਜ਼ਬੂਤ ਕੀਤਾ, ਦੇਹ ਧਾਰੀ ਗੁਰੂ ਡੰਮ ਨੂੰ ਉਤਸ਼ਾਹਿਤ ਕੀਤਾ, ਪੰਜਾਬ ਦੀ ਨੌਜਵਾਨੀ ਨਸ਼ਿਆਂ 'ਚ ਡੋਬ ਦਿੱਤੀ ਤੇ ਕਿਸਾਨ ਕਰਜ਼ਾਈ ਕਰ ਦਿੱਤੇ। ਅਕਾਲੀ ਸਰਕਾਰ ਸਮੇਂ ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ ਉਸ ਦਾ ਇਨਸਾਫ਼ ਮੰਗ ਰਹੇ ਸਿੰਘਾਂ 'ਤੇ ਗੋਲੀਆਂ ਵਰ੍ਹਾਈਆਂ ਤੇ ਬੇਅਦਬੀ ਦੇ ਦੋਸ਼ੀ ਸਰਸਾ ਸਾਧ ਦੇ ਚੇਲਿਆਂ ਨੂੰ ਬਚਾਇਆ।

ਬਲਾਤਕਾਰੀ ਸਰਸੇ ਸਾਧ ਨੂੰ ਜਥੇਦਾਰਾਂ 'ਤੇ ਦਬਾਅ ਪਾ ਕੇ ਬਿਨਾਂ ਮੰਗਿਆਂ ਮੁਆਫ਼ੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤੋਹੀਨ ਕੀਤੀ। ਅਕਾਲੀ ਦਲ ਦੇ ਰਾਜ 'ਚ ਹੀ ਅਨੇਕਾਂ ਪੰਥ ਦਰਦੀ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਤੇ ਕਈਆਂ ਨੂੰ ਜੇਲ੍ਹਾਂ 'ਚ ਡੱਕਿਆ ਗਿਆ। 'ਰਾਜ ਨਹੀਂ ਸੇਵਾ' ਦੀ ਆੜ 'ਚ ਨਸ਼ਿਆਂ ਦੇ ਦਰਿਆ, ਅੰਨ•ਦਾਤਿਆਂ ਦੀਆਂ ਖੁਦਕਸ਼ੀਆਂ, ਭ੍ਰਿਸ਼ਟਾਚਾਰ, ਗੁੰਡਾਗਰਦੀ ਤੇ ਬੇਰੁਜ਼ਗਾਰੀ ਜਿਹੇ ਤੋਹਫ਼ੇ ਪੰਜਾਬ ਵਾਸੀਆਂ ਦੀ ਝੋਲੀ ਪਾਏ।

Shyna

This news is Content Editor Shyna