ਸਰਕਾਰ ਦੇ ਖੋਖਲੇ ਪ੍ਰਬੰਧਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਡੀ. ਸੀ. ਨੂੰ ਦਿੱਤਾ ਮੈਮੋਰੰਡਮ

04/24/2021 3:09:33 PM

ਤਰਨਤਾਰਨ (ਰਾਜੂ)-ਤਰਨਤਾਰਨ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿਚ ਕਣਕ ਦੇ ਖ੍ਰੀਦ ਪ੍ਰਬੰਧਾਂ ਵਿਚ ਆ ਰਹੀਆਂ ਭਾਰੀ ਤੁਰੱਟੀਆਂ ਅਤੇ ਸਰਕਾਰ ਦੇ ਖੋਖਲੇ ਪ੍ਰਬੰਧਾਂ ਖਿਲਾਫ ਅੱਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਥੇ ਵਲੋਂ ਪੰਜਾਬ ਦੇ ਰਾਜਪਾਲ ਦੇ ਨਾਂ ’ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਮੈਮੋਰੰਡਮ ਸੌਂਪਿਆ ਗਿਆ। ਵਫਦ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਪ੍ਰੋ. ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ ਸਾਬਕਾ ਸੰਸਦੀ ਸਕੱਤਰ ਪੰਜਾਬ, ਭਾਈ ਮਨਜੀਤ ਸਿੰਘ ਸਾਬਕਾ ਚੇਅਰਮੈਨ, ਇਕਬਾਲ ਸਿੰਘ ਸੰਧੂ ਸਾਬਕਾ ਮੈਂਬਰ ਐੱਸ. ਐੱਸ. ਬੋਰਡ ਅਤੇ ਜਥੇਦਾਰ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕੀਤੀ। ਇਸ ਮੌਕੇ ’ਤੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਪ੍ਰੋ. ਵਿਰਸਾ ਸਿੰਘ ਵਲਟੋਹਾ ਅਤੇ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਕਣਕ ਦੀ ਖ੍ਰੀਦ ਨੂੰ ਲੈ ਕੇ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਹਾਹਾਕਾਰ ਮਚੀ ਹੋਈ ਹੈ ਅਤੇ ਬਾਰਦਾਨੇ ਦੀ ਕਿੱਲਤ ਕਾਰਨ ਫਸਲ ਦੀ ਲਿਫਟਿੰਗ ਮੰਡੀਆਂ ਵਿਚ ਨਾ ਹੋਣ ਕਾਰਨ ਫਸਲਾਂ ਰੁਲ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਫਸਲਾਂ ਦੀ ਅਦਾਇਗੀ ਲਈ ਸ਼ੁਰੂ ਕੀਤਾ ਨਵਾਂ ਪੋਰਟਲ ਲਗਾਤਾਰ ਕਈ ਕਈ ਦਿਨ ਬੰਦ ਪਿਆ ਰਹਿੰਦਾ ਹੈ, ਜਿਸ ਕਰਕੇ ਜਿਣਸ ਦਾ ਵੇਰਵਾ ਅੰਕਿਤ ਕਰਨਾ ਬਹੁਤ ਮੁਸ਼ਕਿਲ ਕੰਮ ਹੋ ਗਿਆ ਹੈ ਅਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਣਾ ਵੀ ਸ਼ੁਰੂ ਹੋ ਗਿਆ ਹੈ। ਜਿਣਸ ਦੇ ਵੇਰਵੇ ਪੋਰਟਲ ’ਤੇ ਅਪਲੋਡ ਨਾ ਹੋਣ ਕਰਕੇ ਕਿਸਾਨਾਂ ਨੂੰ ਅਦਾਇਗੀ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੰਡੀਆਂ ਵਿਚ ਕਿਸਾਨ ਮਜ਼ਦੂਰ ਰੁਲਣ ਲਈ ਮਜਬੂਰ ਹਨ ਪਰ ਤਰਾਸਦੀ ਦੀ ਗੱਲ ਹੈ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਪੁਰਾਣਾ ਬਾਰਦਾਨਾ ਖ੍ਰੀਦਣ ਸਬੰਧੀ ਆੜ੍ਹਤੀਆਂ ਨੂੰ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ, ਉਸ ਤੋਂ ਆੜ੍ਹਤੀ ਵਰਗ ਵੀ ਸੰਤੁਸ਼ਟ ਨਹੀਂ ਕਿਉਂਕਿ ਮਹਿਕਮਿਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਚੋਰ ਬਜ਼ਾਰੀ ਸਦਕਾ ਪੁਰਾਣੇ ਬਾਰਦਾਨੇ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ ਅਤੇ ਆੜ੍ਹਤੀਏ ਵੀ ਇਸ ਬਾਰਦਾਨੇ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ 131 ਕਰੋੜ ਦੇ ਬਕਾਏ ਵੀ ਜਾਰੀ ਨਹੀਂ ਕੀਤੇ, ਜਿਸ ਕਰਕੇ ਆੜ੍ਹਤੀ ਵਰਗ ਹੋਰ ਜੋਖਮ ਉਠਾਉਣ ਲਈ ਤਿਆਰ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਏਨੇ ਘਟੀਆ ਖ੍ਰੀਦ ਪ੍ਰਬੰਧਾਂ ਲਈ ਫੂਡ ਸਪਲਾਈ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ, ਇਸ ਲਈ ਭਾਰਤ ਭੂਸ਼ਣ ਆਸ਼ੂ ਨੂੰ ਤੁਰੰਤ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਇਸ ਦੇ ਨਾਲ ਹੀ ਸਮੇਂ ਸਿਰ ਜਿਊਟ ਦੀਆਂ ਬੋਰੀਆਂ ਦੇ ਆਰਡਰ ਕਿਉਂ ਨਹੀਂ ਦਿੱਤੇ ਗਏ ਅਤੇ ਸਮੇਂ ਸਿਰ ਬਾਰਦਾਨਾ ਕਿਉਂ ਨਹੀਂ ਖ੍ਰੀਦਿਆ ਗਿਆ, ਇਸ ਮਾਮਲੇ ਦੀ ਵੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਮੌਕੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਭੁਪਿੰਦਰ ਸਿੰਘ ਖੇੜਾ ਸਾਬਕਾ ਪ੍ਰਧਾਨ ਨਗਰ ਕੌਂਸਲ ਤਰਨਤਾਰਨ, ਅਮਰੀਕ ਸਿੰਘ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਔਲਖ ਜਨਰਲ ਸਕੱਤਰ, ਰਮਨਦੀਪ ਸਿੰਘ ਭਰੋਵਾਲ, ਸ਼ਮਸ਼ੇਰ ਸਿੰਘ ਸ਼ੇਰਾ ਆਦਿ ਹਾਜ਼ਰ ਸਨ।


Manoj

Content Editor

Related News