ਸਰਪੰਚੀ ਦੇ ਉਮੀਦਵਾਰਾਂ ਵਲੋਂ ਪਿੰਡਾਂ ਅੰਦਰ ਤੇਜ਼ ਕੀਤਾ ਚੋਣ ਪ੍ਰਚਾਰ

12/24/2018 3:54:42 AM

ਝਬਾਲ/ਬੀਡ਼ ਸਾਹਿਬ  ,(ਲਾਲੂਘੁੰਮਣ, ਬਖਤਾਵਰ)-  ਨਾਮਜ਼ਦਗੀਆਂ ਜਮ੍ਹਾ ਕਰਾਉਣ, ਵਾਪਸ ਲੈਣ ਤੇ ਚੋਣ ਨਿਸ਼ਾਨ ਜਾਰੀ ਹੋਣ ਦੀ ਕਾਨੂੰਨੀ ਪ੍ਰਕਿਰਿਆ ਤੋਂ ਵਿਹਲੇ ਹੁੰਦਿਆਂ ਪੰਚਾਇਤੀ ਚੋਣਾਂ ਲਈ ਚੋਣ ਮੈਦਾਨ ’ਚ ਖਡ਼੍ਹੇ ਉਮੀਦਵਾਰਾਂ ਵੱਲੋਂ ਹੁਣ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਪਿੰਡਾਂ ਅੰਦਰ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਸਰਪੰਚੀ ਦੇ ਉਮੀਦਵਾਰਾਂ ਦੇ ਘਰਾਂ ’ਚ ਪਿੰਡੋਂ-ਪਿੰਡੀ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ ਅਤੇ ਉਮੀਦਵਾਰਾਂ ਵਲੋਂ ਟੈਂਟ ਲਾ ਕੇ ਵੋਟਰਾਂ ਦੀ ਆਓ-ਭਗਤ ਕਰਨ ਲਈ ਪਾਰਟੀਆਂ ਦਾ ਦੌਰ ਆਰੰਭਿਆ ਹੋਇਆ ਹੈ। ਖਾਣ-ਪੀਣ ਦੇ ਸ਼ੌਕੀਨਾਂ ਨੂੰ ਪੂਰੀ ਤਰ੍ਹਾਂ ਮੌਜ਼ਾਂ ਲੱਗੀਆਂ ਹੋਈਆਂ ਹਨ ਅਤੇ ਉਮੀਦਵਾਰਾਂ ਵੱਲੋਂ ਮਰਦ ਵੋਟਰਾਂ ਦੇ ਖਾਣ-ਪੀਣ ਲਈ ਜਿੱਥੇ ਦਾਰੂ, ਮੁਰਗੇ ਦਾ ਦੌਰ ਪਿੰਡਾਂ ਅੰਦਰ ਚੱਲਾਇਆ ਜਾ ਰਿਹਾ ਹੈ,ਉੱਥੇ ਅੌਰਤ ਵੋਟਰ ਵੀ ਚਾਹ-ਪਕੌਡ਼ਿਆਂ ਦੇ ਨਾਲ ਵੰਨ ਸੁਵੰਨੀਆਂ ਮਠਿਆਈਆਂ ਦਾ ਲੁਤਫ਼ ਲੈ ਰਹੀਆਂ ਹਨ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਵੋਟਾਂ ਲਈ ਸ਼ਰਾਬ ਦੀ ਰੱਜ ਕੇ ਉਮੀਦਵਾਰਾਂ ਵਲੋਂ ਵਰਤੋਂ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦੇ ਚੱਲਦਿਆਂ ਕਈ ਪਿੰਡਾਂ ’ਚ ਕੁਝ ਪੀਣ ਦੇ ਸ਼ੌਕੀਨ ਮੁਫ਼ਤ ਦੀ ਦਾਰੂ ਪੀ ਕੇ ਗਲੀਆਂ ਡਿੱਗੇ ਵੀ ਆਮ ਮਿਲ ਰਹੇ ਹਨ। ਪੈ ਰਹੀ ਲੋਹਡ਼ੇ ਦੀ ਠੰਢ ’ਚ ਸ਼ਰਾਬ ਨਾਲ ਧੁੱਤ ਹੋ ਕੇ ਗਲੀਆਂ ’ਚ ਡਿੱਗੇ ਸ਼ਰਾਬੀ ਆਪਣੀ ਮੌਤ ਨੂੰ ਖੁਦ ਆਪ ਸਹੇਡ਼ ਰਹੇ ਹਨ ਅਤੇ ਸ਼ੰਕੇ ਜਿਤਾਏ ਜਾ ਰਹੇ ਹਨ ਕਿ ਅਗਲੇ ਕੁਝ ਦਿਨਾਂ ’ਚ ਸ਼ਰਾਬ ਦਾ ਦੌਰ ਹੋਰ ਤੇਜ਼ ਹੋਣ ਨਾਲ ਕਈ ਪਿੰਡਾਂ ’ਚ (ਸ਼ਰਾਬ ਨਾਲ ਮੌਤਾਂ ਹੋਣ ਨਾਲ) ਉਮੀਦਵਾਰਾਂ ਦੀਆਂ ਵੋਟਾਂ ਘੱਟ ਵੀ ਸਕਦੀਆਂ ਹਨ। ਇੱਥੇ ਇਹ ਗੱਲ ਵੀ ਬਹੁਤ ਹੀ ਜ਼ਰੂਰੀ ਦੱਸਣਯੋਗ ਹੈ ਕਿ ਵੋਟਾਂ ਲਈ ਰੂਡ਼ੀ ਮਾਰਕਾ ਸ਼ਰਾਬ ਦੀ ਵਰਤੋਂ ਵੀ ਪਿੰਡਾਂ ਅੰਦਰ ਪੰਚਾਇਤੀ ਚੋਣ ਲਡ਼ ਰਹੇ ਉਮੀਦਵਾਰਾਂ ਵਲੋਂ ਸ਼ਰੇਆਮ ਕੀਤੀ ਜਾ ਰਹੀ ਹੈ। ਇਹ ਗੱਲ ਵੀ ਉੱਭਰ ਕੇ ਸਾਹਮਣੇ ਆਈ ਹੈ ਕਿ ਜਿੱਥੇ ਪੁਲਸ ਪ੍ਸ਼ਾਸਨ ਦੀ ਨੱਕ ਹੇਠ ਸੱਤਾਧਾਰੀ ਧਿਰ ਕਾਂਗਰਸ ਪਾਰਟੀ ਨਾਲ ਸਬੰਧਤ ਪੰਚੀ, ਸਰਪੰਚੀ ਦੇ ਉਮੀਦਵਾਰਾਂ ਵੱਲੋਂ ਪਿਆਕਡ਼ ਵੋਟਰਾਂ ਲਈ ਰੂਡ਼ੀ ਮਾਰਕਾ ਸ਼ਰਾਬ ਤਿਆਰ ਕਰਨ ਲਈ ਆਪਣੇ ਘਰਾਂ, ਹਵੇਲੀਆਂ ਜਾਂ ਮੋਟਰਾਂ (ਬੰਬੀਆਂ) ’ਤੇ ਭੱਠੀਆਂ ਬੀਡ਼ੀਆਂ ਗਈਆਂ ਹਨ, ਉੱਥੇ ਅਲਕੋਹਲ ਨਾਲ ਤਿਆਰ ਕੀਤੀ ਗਈ ਜ਼ਹਿਰੀਲੀ ਸ਼ਰਾਬ ਵੀ ਵੋਟਰਾਂ ਨੂੰ ਪਿਲਾਉਣ ਲਈ ਪਿੰਡਾਂ ਅੰਦਰ ਆਉਣ ਦੇ ਚਰਚੇ ਵੀ ਹਨ। ਕੌਡ਼ਾ ਸੱਚ ਤਾਂ ਇਹ ਵੀ ਹੈ ਕਿ ਅਜਿਹੇ ’ਚ ਜਿੱਥੇ ਅਬਕਾਰੀ ਵਿਭਾਗ ਵੀ ਅੱਖਾਂ ਬੰਦ ਕਰ ਕੇ ਬੈਠਾ ਹੋਇਆ ਹੈ। ਬਲਾਕ ਗੰਡੀਵਿੰਡ ਦੇ ਪੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਬਲਾਕ ਦੇ 45 ਪਿੰਡਾਂ ’ਚੋਂ 38 ਪਿੰਡਾਂ ’ਚ ਚੋਣ ਪੂਰੀ ਤਰ੍ਹਾਂ ਭੱਖੀ ਹੋਈ ਹੈ। ਜਦੋਂ ਕਿ 7 ਪਿੰਡਾਂ ਅੰਦਰ ਬਿਨ੍ਹਾਂ ਮੁਕਾਬਲਾ ਸਮੁੱਚੀਆਂ ਪੰਚਾਇਤਾਂ ਦਾ ਗਠਨ ਹੋ ਚੁੱਕਾ ਹੈ, ਤਿੰਨ ਪੰਚਾਇਤਾਂ ਅਜਿਹੀਆਂ ਹਨ ਜਿੱਥੇ ਸਰਪੰਚ ਤਾਂ ਬਣ ਗਏ ਹਨ ਪਰ ਪੰਚਾਂ ਲਈ ਵੋਟਾਂ ਪੈਣਗੀਆਂ। ਅਜਿਹੇ ’ਚ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਬਲਾਕ ਦੇ ਇਨ੍ਹਾਂ ਕਈ ਪਿੰਡਾਂ ’ਚ ਤਾਂ ਸਮੁੱਚੇ ਪਿੰਡ ਵਾਸੀਆਂ ਦੀ ਸਹਿਮਤੀ ਹੋਣ ਕਰਕੇ ਸਰਬਸੰਮਤੀ ਨਾਲ ਪੰਚਾਇਤਾਂ ਦਾ ਗਠਨ ਹੋਇਆ ਹੈ ਪਰ ਬਹੁਤੇ ਪਿੰਡਾਂ ’ਚ ਧੱਕੇ ਨਾਲ ਪੰਚਾਇਤਾਂ ਦਾ ਗਠਨ ਹੋਣ ਦੀਆਂ ਚਰਚਾਵਾਂ ਦੇ ਚੱਲਦਿਆਂ ਇਹ ਗੱਲ ਸੁਨਣ ਨੂੰ ਮਿਲ ਰਹੀ ਹੈ ਕਿ ‘ਉਨ੍ਹਾਂ ਦੇ ਪਿੰਡ ਤਾਂ ਸਬਰਸੰਮਤੀ’ ਵਾਲੀ ਗੱਲ ਹੀ ਹੋਈ ਹੈ।