ਭਗਤ ਸਿੰਘ ਦੇ ਨਾਂ ’ਤੇ ਬਣਾਇਆ ਪਾਰਕ ਨਸ਼ੱਈਆਂ, ਪਿਆਕੜਾਂ, ਜੂਆ ਖੇਡਣ ਵਾਲਿਆਂ ਲਈ ਬਣਿਆ ਪਨਾਹਗਾਹ

07/20/2022 2:56:17 PM

ਫਤਿਹਗੜ੍ਹ ਚੂੜੀਆਂ (ਸਾਰੰਗਲ) - ਕਸਬਾ ਫਤਿਹਗੜ੍ਹ ਚੂੜੀਆਂ ਵਿਚ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਬਣਾਇਆ ਪਾਰਕ ਇਸ ਵੇਲੇ ਜਿਥੇ ਤ੍ਰਾਸਦੀ ਦਾ ਸ਼ਿਕਾਰ ਹੋਇਆ ਪਿਆ ਹੈ, ਉਥੇ ਹੀ ਇਸ ਪਾਰਕ ਨੂੰ ਹੁਣ ਨਸ਼ੱਈਆਂ, ਜੂਆ ਖੇਡਣ ਵਾਲਿਆਂ ਅਤੇ ਪਿਆਕੜਾਂ ਨੇ ਆਪਣੀ ਪਨਾਹਗਾਹ ਬਣਾ ਰੱਖਿਆ ਹੈ। ਇਸ ਕਰਕੇ ਨਾ ਤਾਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਨੁਮਾਇੰਦਾ ਅਤੇ ਨਾ ਹੀ ਪ੍ਰਸ਼ਾਸਨ ਇਸ ਪਾਰਕ ਦੀ ਦਸ਼ਾ ਨੂੰ ਸੁਧਾਰ ਵੱਲ ਕੋਈ ਧਿਆਨ ਦੇ ਪਾ ਰਿਹਾ ਹੈ। ਇਹ ਪਾਰਕ ਜੋ ਲੋਕਾਂ ਦੀ ਸੈਰਗਾਹ ਲਈ ਬਣਾਇਆ ਗਿਆ ਸੀ, ਹੁਣ ਸਾਫ-ਸਫਾਈ ਤੋਂ ਵੀ ਵਿਹੂਣਾ ਹੋ ਚੁੱਕਿਆ ਹੈ।

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਸ਼ਹੀਦ ਭਗਤ ਸਿੰਘ ਪਾਰਕ ਦੀ ਚਾਹੇ ਚੁਫੇਰਿਓਂ ਚਾਰਦੀਵਾਰੀ ਹੋਈ ਹੋਣ ਕਰਕੇ ਇਕੋ ਮੇਨ ਗੇਟ ਐਂਟਰੈਂਸ ਲਈ ਰੱਖਿਆ ਗਿਆ ਹੈ। ਇਸਦੇ ਬਾਵਜੂਦ ਕੁਝ ਸ਼ਰਾਰਤੀ ਅਨਸਰਾਂ ਵਲੋਂ ਇਸ ਪਾਰਕ ਦੀ ਚਾਰਦੀਵਾਰੀ ਨੂੰ ਪਿਛਲੇ ਪਾਸਿਓਂ ਤੋੜ ਕੇ ਅੰਦਰ ਆਉਣ ਦਾ ਰਸਤਾ ਬਣਾਇਆ ਗਿਆ ਹੈ, ਜਿਸ ਕਰਕੇ ਇਥੇ ਰਾਤ ਬਰਾਤੇ ਜੂਆ ਚੱਲਣ ਦੇ ਨਾਲ-ਨਾਲ ਨਸ਼ੇੜੀ ਆਪਣੇ ਨਸ਼ੇ ਦਾ ਝੱਸ ਪੂਰਾ ਕਰਦੇ ਆਮ ਤੌਰ ’ਤੇ ਕਈ ਦੇਖੇ ਜਾ ਚੁੱਕੇ ਹਨ। ਹੋਰ ਤਾਂ ਹੋਰ ਇਥੇ ਰਾਤ ਨੂੰ ਪਿਆਕੜ ਬੈਠੇ ਜਿਥੇ ਸ਼ਰਾਬਾਂ ਪੀਂਦੇ ਹਨ, ਉਥੇ ਨਾਲ ਹੀ ਖਾਲੀ ਬੋਤਲਾਂ ਦੀ ਪਾਰਕ ਵਿਚ ਭੰਨ ਤੋੜ ਕਰ ਜਾਂਦੇ ਹਨ, ਜਿਸ ਕਰਕੇ ਇਸ ਪਾਰਕ ਵਿਚ ਸੈਰ ਕਰਨ ਲਈ ਸਵੇਰੇ ਸ਼ਾਮ ਆਉਣ ਜਾਣ ਵਾਲੇ ਲੋਕਾਂ ਦੇ ਪੈਰਾਂ ਵਿਚ ਟੁੱਟੀਆਂ ਬੋਤਲਾਂ ਦੇ ਸ਼ੀਸ਼ੇ ਚੁੱਭਣ ਨਾਲ ਉਹ ਜ਼ਖਮੀ ਵੀ ਹੋ ਚੁੱਕੇ ਹਨ। 

ਇਥੇ ਹੀ ਬੱਸ ਨਹੀਂ, ਸ਼ਹੀਦ ਭਗਤ ਸਿੰਘ ਪਾਰਕ ’ਚ ਲੱਗੇ ਝੂਲੇ ਜਿਥੇ ਹੇਠੋਂ ਗਲ ਚੁੱਕੇ ਹਨ, ਉਥੇ ਨਾਲ ਹੀ ਇਨ੍ਹਾਂ ਝੂਲਿਆਂ ਨੂੰ ਝੂਲਣ ਸਮੇਂ ਕਈ ਵਾਰ ਬੱਚਿਆਂ ਨੂੰ ਸਰੀਰ ’ਤੇ ਰਗੜਾਂ ਵੀ ਲੱਗ ਚੁੱਕੀਆਂ ਹਨ। ਓਧਰ, ਦੂਜੇ ਪਾਰਕ ਵਿਚ ਐਕਸਰਸਾਈਜ਼ ਕਰਨ ਲਈ ਲਗਾਈਆਂ ਮਸ਼ੀਨਾਂ ਵੀ ਜਿਥੇ ਟੁੱਟਣ ਕਿਨਾਰੇ ਪੁੱਜ ਚੁੱਕੀਆਂ ਹਨ, ਉਥੇ ਬੱਚਿਆਂ ਲਈ ਝੂਟਣ ਲਈ ਲਗਾਈਆਂ ਪੀਂਘਾਂ ਦੀ ਹਾਲਤ ਵੀ ਕਾਫੀ ਤਰਸਯੋਗ ਬਣੀ ਪਈ ਹੈ।

ਦੱਸ ਦੇਈਏ ਕਿ ਸਾਰੇ ਅੱਜ ਕੱਲ ਭਰ ਗਰਮੀ ਦਾ ਮੌਸਮ ਚੱਲ ਰਿਹਾ ਹੈ ਪਰ ਪਾਰਕ ਵਿਚ ਸੈਰਗਾਹ ਲਈ ਆਉਣ ਵਾਲਿਆਂ ਵਾਸਤੇ ਨਾ ਤਾਂ ਕੋਈ ਬੈਠਣ ਲਈ ਬੈਂਚ ਆਦਿ ਦਾ ਪ੍ਰਬੰਧ ਹੈ ਅਤੇ ਨਾ ਹੀ ਪੀਣ ਲਈ ਸਾਫ ਪਾਣੀ ਦਾ। ਇਸ ਪਾਰਕ ਵਿਚ ਜਿਥੇ ਗੋਡੇ-ਗੋਡੇ ਗੰਦਗੀ ਫੈਲੀ ਪਈ ਹੈ, ਉਥੇ ਲਗਾਈਆਂ ਟਾਈਲਾਂ ਵਿਚ ਵੀ ਘਾਹ ਫੂਸ ਉੱਗੀ ਹੋਣ ਕਰਕੇ ਲੋਕਾਂ ਨੂੰ ਚੱਲਣ ਸਮੇਂ ਭਾਰੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ ਕਿਉਂ ਜੋ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਕੋਈ ਜ਼ਹਿਰੀਲੀ ਸੱਪ ਜਾਂ ਕੋਈ ਹੋਰ ਚੀਜ਼ ਉਨ੍ਹਾਂ ਨੂੰ ਲੜ ਨਾ ਜਾਵੇ।

ਇਸ ਸਭ ਦੇ ਚੱਲਦਿਆਂ ਹੁਣ ਇਹ ਦੇਖਣਾ ਹੋਵੇਗਾ ਕਿ ਕੀ ਆਉਣ ਵਾਲੇ ਸਮੇਂ ਵਿਚ ਮੁਖ ਮੰਤਰੀ ਭਗਵੰਤ ਮਾਨ, ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਅਤੇ ਪ੍ਰਸ਼ਾਸਨਿਕ ਅਧਿਕਾਰੀ ਇਸ ਪਾਰਕ ਦੀ ਹਾਲਤ ਨੂੰ ਸੁਧਾਰਨ ਵੱਲ ਦਿੰਦੇ ਹਨ ਜਾਂ ਫਿਰ ਇੰਝ ਹੀ ਪਾਰਕ ਅੰਦਰ ਗੰਦਗੀ ਤੇ ਘਾਹ ਫੂਸ ਉੱਗੀ ਰਹਿੰਦੀ ਹੈ।


rajwinder kaur

Content Editor

Related News