SGPC ਦੀਆਂ ਚੋਣਾਂ ਨਾ ਕਰਵਾਈਆਂ ਗਈਆਂ ਤਾਂ ਅਕਾਲੀ ਦਲ ‘ਅ’ ਰੋਜ਼ ਸ਼ਹੀਦੀ ਜਥੇ ਤੋਰੇਗਾ:  ਸਿਮਰਨਜੀਤ ਮਾਨ

09/15/2022 7:33:02 PM

ਅੰਮ੍ਰਿਤਸਰ (ਅਨਜਾਣ) : ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਈਆਂ ਗਈਆਂ ਤਾਂ ਅਕਾਲੀ ਦਲ ਅੰਮ੍ਰਿਤਸਰ ਰੋਜ਼ ਸ਼ਹੀਦੀ ਜਥੇ ਤੋਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ 15 ਸਤੰਬਰ ਨੂੰ ਕੌਮਾਂਤਰੀ ਜ਼ਮਹੂਰੀਅਤ ਦਿਹਾੜੇ ਦੇ ਤੌਰ ‘ਤੇ ਮਨਾਉਂਦਿਆਂ ਕੋਈ ਪੰਜ ਹਜ਼ਾਰ ਤੋਂ ਉੱਪਰ ਜਨਤਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਪਾਰਟੀ ਵੱਲੋਂ ਪਾਸ ਕੀਤੇ ਗਏ ਮਤੇ ਪੜ੍ਹੇ ਗਏ, ਜਿਸਨੂੰ ਬੋਲੇ-ਸੋ-ਨਿਹਾਲ ਦੇ ਜੈਕਾਰਿਆਂ ਦੀ ਗੂੰਜ ‘ਚ ਪ੍ਰਵਾਨ ਕੀਤਾ ਗਿਆ। ਇਸ ਮੌਕੇ ਆਪਣਾ ਖਾਲਿਸਤਾਨ ਬਨਾਉਣ ਦੀ ਮੰਗ ਵੀ ਕੀਤੀ ਗਈ। 

ਮਾਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜਿਵੇਂ ਗੁਰੂ ਘਰਾਂ ਨੂੰ ਮਸੰਦਾਂ ਕੋਲੋਂ ਅਜ਼ਾਦ ਕਰਵਾਉਣ ਲਈ ਸਿੰਘ ਸਭਾ ਲਹਿਰ ਦਾ ਆਗਾਜ਼ ਕੀਤਾ ਗਿਆ ਸੀ ਅਤੇ ਭਾਈ ਲਸ਼ਮਣ ਸਿੰਘ ਧਾਰੋਵਾਲੀ ਦੀ ਅਗਵਾਈ ਹੇਠ ਮਹੰਤਾਂ ਤੋਂ ਸ੍ਰੀ ਨਨਕਾਣਾ ਸਾਹਿਬ ਦੇ ਗੁਰਧਾਮਾਂ ਨੂੰ ਆਜ਼ਾਦ ਕਰਵਾਇਆ ਗਿਆ। ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਕੋਲੋਂ ਗੁਰੂ ਘਰਾਂ ਨੂੰ ਅਜ਼ਾਦ ਕਰਵਾਉਣ ਲਈ ਕੌਮ ਲਈ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਇਕੱਠ ਕੇਂਦਰ ਸਰਕਾਰ ਜੋ ਬਾਦਲਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੀਆਂ ਚੌਣਾਂ ਪਿਛਲੇ 11 ਸਾਲਾਂ ਤੋਂ ਨਹੀਂ ਕਰਵਾ ਰਹੀ, ਉਸਨੂੰ ਜਗਾਉਣ ਲਈ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਬਨਣ ਵਾਲੀ ਪਾਰਲੀਮੈਂਟ ਦੀਆਂ ਚੋਣਾਂ ਹੁਣ ਤੱਕ 17 ਵਾਰੀ ਹੋ ਚੁੱਕੀਆਂ ਨੇ ਪਰ ਅਜ਼ਾਦੀ ਤੋਂ ਪਹਿਲਾਂ ਬਨ੍ਹਣ 1925 ‘ਚ ਬਨ੍ਹਣ ਵਾਲੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁਣ ਤੱਕ 8 ਵਾਰ ਹੀ ਹੋਈਆਂ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਸੇ ਤਰ੍ਹਾਂ ਬਹਾਲ ਕੀਤੀਆਂ ਜਾਣ ਜਿਵੇਂ ਇੰਡੀਅਨ ਪਾਰਲੀਮੈਂਟ, ਵੱਖ-ਵੱਖ ਸੂਬਿਆਂ ਦੀਆਂ ਅਸੈਂਬਲੀਆਂ, ਮਿਊਂਸਪਲ ਕਾਰਪੋਰੇਸ਼ਨਾ, ਮਿਊਂਸਪਲ ਕੌਂਸਲਾਂ, ਜ਼ਿਲ੍ਹਾ ਪ੍ਰੀਸ਼ਦਾਂ, ਪੰਚਾਇਤਾਂ, ਬਲਾਕ ਸੰਮਤੀਆਂ ਦੀਆਂ ਕਰਵਾਈਆਂ ਜਾਂਦੀਆਂ ਹਨ। 

ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਪਿਛਲੇ 30-30 ਸਾਲਾਂ ਤੋਂ ਗੈਰ ਜ਼ਮਹੂਰੀ, ਗੈਰ ਇਖਲਾਕੀ, ਗੈਰ ਸੰਵਿਧਾਨਕ ਢੰਗ ਨਾਲ ਬੰਦੀ ਬਣਾ ਕੇ ਰੱਖੇ ਸਿੱਖ ਜੋ ਕਾਨੂੰਨ ਅਨੁਸਾਰ ਸਜ਼ਾ ਪੂਰੀ ਕਰ ਚੁੱਕੇ ਨੇ, ਨੂੰ ਰਿਹਾ ਕਰਨ ਲਈ 24 ਅਕਤੂਬਰ 2022 ਨੂੰ ਬੰਦੀ ਛੋੜ ਦਿਵਸ ਮੌਕੇ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕੀਤੀ ਜਾਵੇਗੀ। ਇਸ ਤੋਂ ਇਲਾਵਾ 14 ਅਕਤੂਬਰ ਨੂੰ ਬਹਿਬਲ ਕਲਾਂ, ਬਰਗਾੜੀ ਵਿਖੇ ਸ਼ਹੀਦ ਹੋਏ ਸਿੰਘਾਂ ਦੀ ਬਰਸੀ ‘ਤੇ ਇਕੱਤਰ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ, ਸ਼ਹੀਦਾਂ ਦੇ ਕਾਤਲਾਂ ਤੇ 328 ਪਾਵਨ ਸਰੂਪਾਂ ਦੇ ਗਾਇਬ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਸਮੇਤ ਸਮੂਹ ਪੰਥਕ ਮਸਲਿਆਂ ‘ਤੇ ਵਿਚਾਰਾਂ ਅਤੇ ਅਗਲੇਰੇ ਪ੍ਰੋਗਰਾਮਾ ਦਾ ਐਲਾਨ ਕੀਤਾ ਜਾਵੇਗਾ। 

ਉਨ੍ਹਾਂ ਨੇ ਕਿਹਾ ਕਿ 26 ਜਨਵਰੀ 2023 ਨੂੰ ਆਪਣੀ ਅਜ਼ਾਦ ਹੋਂਦ ਦਾ ਖੁੱਲ੍ਹਾ ਪ੍ਰਗਟਾਵਾ ਕਰਦੇ ਹੋਏ ਖਾਲਸਾ ਝੰਡਾ ਮਾਰਚ ਕੱਢੇ ਜਾਣਗੇ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਥਾਂ-ਥਾਂ ਹੋਈਆਂ ਬੇਅਦਬੀਆਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਲਾਪਤਾ ਕੀਤੇ ਗਏ 328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ। ਮਾਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਸੈਂਟਰ ਅਤੇ ਹੋਰ ਸੂਬਿਆਂ ਨੂੰ ਜ਼ਬਰੀ ਲੁੱਟਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਦੋ ਮੂੰਹੀ ਤਲਵਾਰ ਰੱਖਕੇ ਪੰਜਾਬ ਸੂਬੇ ਦੀ ਜ਼ਿੰਦਜਾਨ ਦਰਿਆਵਾਂ ਅਤੇ ਨਹਿਰਾਂ ਦੇ ਪਾਣੀਆਂ ਨੂੰ ਸੈਂਟਰ ਤੇ ਹੋਰ ਸੂਬਿਆਂ ਵੱਲੋਂ ਜ਼ਬਰੀ ਖੋਹਣ ‘ਦੇ ਮਨਸੂਬੇ ਬਣਾਏ ਜਾ ਰਹੇ ਨੇ, ਇਸਨੂੰ ਪੰਜਾਬੀ ਕਤਈ ਕਾਮਯਾਬ ਨਹੀਂ ਹੋਣ ਦੇਣਗੇ। ਰੀਪੇਰੀਅਨ ਕਾਨੂੰਨ ਅਨੁਸਾਰ ਪਾਣੀਆਂ ‘ਤੇ ਉਸ ਸੂਬੇ ਦਾ ਹੱਕ ਹੁੰਦਾ ਹੈ ਜਿੱਥੇ ਇਹ ਵਹਿੰਦੇ ਹੋਣ। 

ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਿਸਾਨੀ ਅਤੇ ਉਦਯੋਗੀ ਉਤਪਾਦਾਂ ਦੀ ਸਹੀ ਕੀਮਤ ਪ੍ਰਾਪਤ ਕਰਨ ਲਈ ਤੇ ਵਪਾਰ ਨੂੰ ਪ੍ਰਫੁੱਲਿਤ ਕਰਨ ਲਈ ਪੰਜਾਬ ਦੀਆਂ ਸਰਹੱਦਾਂ ਨੂੰ ਤੁਰੰਤ ਕੌਮਾਂਤਰੀ ਖੁੱਲੇ ਵਪਾਰ ਲਈ ਖੋਲ੍ਹਿਆ ਜਾਵੇ। ਇਸ ਨਾਲ ਕਿਸਾਨ, ਮਜ਼ਦੂਰ, ਟਰਾਂਸਪੋਰਟਰ, ਵਪਾਰੀ, ਉਦਯੋਪਤੀ ਆਦਿ ਸਭ ਵਰਗਾਂ ਦੀ ਮਾਲੀ ਹਾਲਤ ਪ੍ਰਫੁੱਲਤ ਹੋ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਦੇ ਹਵਾਲੇ ਕੀਤਾ ਜਾਵੇ। ਇਸ ਮੌਕੇ ਮਾਨ ਦੇ ਇਲਾਵਾ ਈਮਾਨ ਸਿੰਘ ਮਾਨ, ਅੰਮ੍ਰਿਤਪਾਲ ਸਿੰਘ, ਹਰਪਾਲ ਸਿੰਘ ਬਲੇਰ, ਪ੍ਰੋ: ਮਹਿੰਦਰਪਾਲ ਸਿੰਘ, ਹਰਬੀਰ ਸਿੰਘ ਸੰਧੂ, ਹਰਜੀਤ ਸਿੰਘ ਮੀਆਂਪੁਰ ਆਦਿ ਨੇ ਸੰਬੋਧਨ ਕੀਤਾ।


rajwinder kaur

Content Editor

Related News