ਛੇਵੇਂ ਪਾਤਿਸ਼ਾਹ ਵੱਲੋਂ ਪਹਿਲੀ ਜੰਗ ਫ਼ਤਿਹ ਕਰਨ ਦੀ ਯਾਦ ’ਚ SGPC ਨੇ ਸਜਾਇਆ ਨਗਰ ਕੀਰਤਨ

06/10/2022 6:23:06 PM

ਅੰਮ੍ਰਿਤਸਰ (ਬਿਊਰੋ) : ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੁਗਲ ਫ਼ੌਜਾਂ ਨਾਲ ਹੋਈ ਪਹਿਲੀ ਜੰਗ ਨੂੰ ਫ਼ਤਿਹ ਕਰਨ ਦੀ ਯਾਦ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ 12 ਜੂਨ ਨੂੰ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਸਬੰਧ ’ਚ ਅੱਜ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਤੋਂ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ, ਦਲ ਪੰਥ ਬਾਬਾ ਬਿਧੀ ਚੰਦ ਸੰਪ੍ਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਸੁਖਰਾਜ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡੀ ਰਾਹਤ, ਮੁੱਖ ਮੰਤਰੀ ਮਾਨ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਘਟਾਈ ਫੀਸ

ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪਾਲਕੀ ਸਾਹਿਬ ’ਚ ਸੁਸ਼ੋਭਿਤ ਕੀਤਾ। ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ। ਨਗਰ ਕੀਰਤਨ ’ਚ ਨਿਹੰਗ ਸਿੰਘ ਹਾਥੀ ਤੇ ਘੋੜਿਆਂ ਸਮੇਤ ਸ਼ਾਮਲ ਹੋਏ, ਜੋ ਸੰਗਤਾਂ ਲਈ ਖਿੱਚ ਦਾ ਕੇਂਦਰ ਸਨ। ਨਗਰ ਕੀਰਤਨ ਦਾ ਰਸਤੇ ਚ ਵੱਖ-ਵੱਖ ਥਾਵਾਂ ’ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਛੇਵੇਂ ਪਾਤਿਸ਼ਾਹ ਵੱਲੋਂ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਲੜੀ ਪਹਿਲੀ ਜੰਗ ਨੂੰ ਫ਼ਤਿਹ ਕਰਨ ਦੀ ਯਾਦ ’ਚ 12 ਜੂਨ ਨੂੰ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮ ਹੋਣਗੇ, ਜਿਸ ’ਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ-ਇਤਿਹਾਸ ਸਰਵਣ ਕਰਵਾਉਣਗੇ। ਇਸ ਮੌਕੇ ਗਿਆਨੀ ਸੁਰਜੀਤ ਸਿੰਘ ਸਭਰਾਅ, ਮੈਨੇਜਰ ਨਰਿੰਦਰ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਕੁਲਦੀਪ ਸਿੰਘ ਪੰਡੋਰੀ, ਜਗਜੀਤ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ : ਨਤੀਜਾਮੁਖੀ ਨਵੀਂ ਆਬਕਾਰੀ ਨੀਤੀ ਸ਼ਰਾਬ ਮਾਫ਼ੀਆ ਦੇ ਤਾਬੂਤ ’ਚ ਕਿੱਲ ਹੋਵੇਗੀ ਸਾਬਤ : ਆਬਕਾਰੀ ਕਮਿਸ਼ਨਰ

Manoj

This news is Content Editor Manoj