ਰੇਤਾ ਨਾਲ ਭਰੀ ਟਰੈਕਟਰ-ਟਰਾਲੀ ਸਣੇ ਇਕ ਕਾਬੂ

08/12/2021 9:50:39 PM

ਤਰਨਤਾਰਨ (ਰਾਜੂ, ਬਲਵਿੰਦਰ ਕੌਰ)-ਥਾਣਾ ਸਦਰ ਪੱਟੀ ਪੁਲਸ ਨੇ ਚੋਰੀ ਦੀ ਰੇਤਾ ਨਾਲ ਭਰੇ ਟਰੈਕਟਰ-ਟਰਾਲੀ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਏ. ਐੱਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਣੇ ਬੰਨ੍ਹ ਘੁੱਲੇਵਾਲਾ ਵਿਖੇ ਨਾਕਾਬੰਦੀ ’ਤੇ ਮੌਜੂਦ ਸੀ, ਜਿਸ ਦੌਰਾਨ ਉਨ੍ਹਾਂ ਰੇਤਾ ਨਾਲ ਭਰੀ ਇਕ ਸੋਨਾਲੀਕਾ ਟਰੈਕਟਰ-ਟਰਾਲੀ ਸਵਾਰ ਨੂੰ ਰੋਕਿਆ ਅਤੇ ਰੇਤਾ ਦੀ ਖ਼ਰੀਦ ਰਸੀਦ ਵਿਖਾਉਣ ਲਈ ਕਿਹਾ ਪਰ ਉਕਤ ਵਿਅਕਤੀ ਕੋਈ ਵੀ ਰਸੀਦ ਪੇਸ਼ ਨਹੀਂ ਕਰ ਸਕਿਆ। ਪੁੱਛਗਿੱਛ ਦੌਰਾਨ ਉਕਤ ਵਿਅਕਤੀ ਦੀ ਪਛਾਣ ਮੱਖਣ ਸਿੰਘ ਪੁੱਤਰ ਬਿਸ਼ਨ ਸਿੰਘ ਵਾਸੀ ਕੋਟ ਬੁੱਢਾ ਵਜੋਂ ਹੋਈ। ਏ. ਐੱਸ. ਆਈ. ਮਲਕੀਤ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News