ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਈਆਂ 2 ਭੈਣਾਂ, ਇਕ ਦੀ ਮੌਤ

04/13/2022 9:55:46 PM

ਬਟਾਲਾ (ਮਠਾਰੂ) : ਮੋਪਿਡ 'ਤੇ ਆ ਰਹੀਆਂ 2 ਸਕੀਆਂ ਭੈਣਾਂ ਨੂੰ ਅਣਪਛਾਤੇ ਤੇਜ਼ ਰਫਤਾਰ ਟਰੈਕਟਰ-ਟਰਾਲੀ ਚਾਲਕ ਵੱਲੋਂ ਮਾਰੀ ਗਈ ਜ਼ਬਰਦਸਤ ਟੱਕਰ ਦੌਰਾਨ ਵਾਪਰੇ ਭਿਆਨਕ ਸੜਕ ਹਾਦਸੇ ’ਚ ਇਕ ਲੜਕੀ ਦੀ ਮੌਤ ਹੋਣ ਤੇ ਦੂਸਰੀ ਦੇ ਗੰਭੀਰ ਰੂਪ ’ਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 21 ਸਾਲਾ ਪਵਨਦੀਪ ਕੌਰ ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਔਲਖ ਕਲਾਂ ਜੋ ਕਿ ਕਾਦੀਆਂ ਵਿਖੇ ਅਕਾਊਂਟਸ ਦਾ ਕੰਮ ਕਰਦੀ ਹੈ, ਅੱਜ ਆਪਣੀ ਭੈਣ ਗੁਰਪ੍ਰੀਤ ਕੌਰ ਨਾਲ ਮੋਪਿਡ 'ਤੇ ਪਿੰਡ ਤੋਂ ਕਾਦੀਆਂ ਸ਼ਹਿਰ ਕਿਸੇ ਕੰਮ ਲਈ ਆ ਰਹੀਆਂ ਸਨ, ਜਦੋਂ ਉਹ ਤੁਗਲਵਾਲਾ ਅਤੇ ਪਿੰਡ ਔਲਖ ਬੇਰੀਆਂ ਨੇੜੇ ਪਹੁੰਚੀਆਂ ਤਾਂ ਆ ਰਹੀ ਤੇਜ਼ ਰਫਤਾਰ ਇਕ ਟਰੈਕਟਰ-ਟਰਾਲੀ ਨੇ ਇਨ੍ਹਾਂ ਨੂੰ ਆਪਣੀ ਲਪੇਟ ਵਿਚ ਲੈਂਦਿਆਂ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਦੋਵੇਂ ਭੈਣਾਂ ਮੋਪਿਡ ਸਮੇਤ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖਤ 'ਚ ਜਾ ਵੱਜੀਆਂ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

ਇਸ ਭਿਆਨਕ ਹਾਦਸੇ ਤੋਂ ਬਾਅਦ 108 ਐਂਬੂਲੈਂਸ ਦੇ ਅਧਿਕਾਰੀਆਂ ਵੱਲੋਂ ਗੰਭੀਰ ਜ਼ਖਮੀ ਦੋਵੇਂ ਭੈਣਾਂ ਨੂੰ ਪਹਿਲਾਂ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਦੀ ਹਾਲਤ ਗੰਭੀਰ ਹੋਣ ਕਰਕੇ ਇਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਰੈਫਰ ਕਰ ਦਿੱਤਾ। ਇਸ ਦੌਰਾਨ ਪਰਿਵਾਰਕ ਮੈਂਬਰ ਗੁਰਮੀਤ ਕੌਰ ਨੇ ਦੱਸਿਆ ਕਿ ਗੰਭੀਰ ਹਾਲਤ 'ਚ ਜ਼ਖਮੀ ਪਵਨਦੀਪ ਕੌਰ ਤੇ ਗੁਰਪ੍ਰੀਤ ਨੂੰ ਅੰਮ੍ਰਿਤਸਰ ਲਿਆਂਦਾ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਪਵਨਦੀਪ ਕੌਰ ਦੀ ਮੌਤ ਹੋ ਗਈ। ਇਸ ਦੌਰਾਨ ਥਾਣਾ ਕਾਹਨੂੰਵਾਨ ਤੋਂ ਪਹੁੰਚੇ ਏ. ਐੱਸ. ਆਈ. ਜਗਦੀਸ਼ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਜ਼ਖਮੀ ਹੋਈ ਲੜਕੀ ਗੁਰਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਫਿਲਹਾਲ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸੁਨੀਲ ਜਾਖੜ ਖ਼ਿਲਾਫ਼ SC ਕਮਿਸ਼ਨ ਵੱਲੋਂ ਜਲੰਧਰ ਪੁਲਸ ਨੂੰ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ

Anuradha

This news is Content Editor Anuradha