ਰੈਨੋਵੇਸ਼ਨ ਦੇ ਨਾਂ ’ਤੇ ਜਨਾਨਾ ਹਸਪਤਾਲ ਨੂੰ ਲਾਏ ਤਾਲੇ

10/05/2018 3:06:27 AM

ਅੰਮ੍ਰਿਤਸਰ,  (ਵਡ਼ੈਚ)-  ਢਾਬ ਖਟੀਕਾ ’ਚ ਅੰਗਰੇਜ਼ਾਂ ਦੇ ਸਮੇਂ ਤਿਆਰ 16 ਅਪ੍ਰੈਲ 1917 ਦੀਅਾਂ ਇਮਾਰਤਾਂ ਨਗਰ ਨਿਗਮ ਦੀਅਾਂ ਹਨ, ਜਿਥੇ ਸ਼ੁਰੂ ਤੋਂ ਹੀ ਜਨਾਨਾ ਹਸਪਤਾਲ ਹੈ ਅਤੇ ਨਿਗਮ ਦੇ ਡਾਕਟਰ, ਅਧਿਕਾਰੀ, ਕਰਮਚਾਰੀ ਸ਼ਹਿਰ ਨੂੰ ਸੇਵਾਵਾਂ ਦੇ ਰਹੇ ਹਨ। ਅਰਬਨ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਰੈਨੋਵੇਸ਼ਨ ਦੇ ਨਾਂ ’ਤੇ ਕੁਝ ਪੈਸੇ ਲਾ ਕੇ ਸ਼ਹਿਰ ਵਿਚ ਨਿਗਮ ਦੀ ਕਰੋਡ਼ਾਂ ਦੀ ਜ਼ਮੀਨ ’ਤੇ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਸ਼ਬਦ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ ਨੇ ਕਹੇ। ਉਨ੍ਹਾਂ ਕਿਹਾ ਕਿ ਨਿਗਮ ਦੀ ਕਰੀਬ 100 ਕਰੋਡ਼ ਦੀ ਕੀਮਤ ਵਾਲੀ ਜ਼ਮੀਨ ਦੀ ਇਮਾਰਤ ’ਤੇ ਦੂਸਰੇ ਕਿਸੇ ਵਿਭਾਗ ਦਾ ਕਬਜ਼ਾ ਬਰਦਾਸ਼ਤ ਤੋਂ ਬਾਹਰ ਹੋਵੇਗਾ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਵੱਲ ਵਿਸ਼ੇਸ਼ ਤੌਰ ’ਤੇ ਧਿਆਨ ਦੇਣ। ਜਨਾਨਾ ਹਸਪਤਾਲ ਨੂੰ ਲੈ ਕੇ ਅੰਮ੍ਰਿਤਸਰ ਦੇ ਕੌਂਸਲਰਾਂ ਦਾ ਵਫਦ ਕੈਬਨਿਟ ਮੰਤਰੀ ਸਿੱਧੂ ਨੂੰ ਮਿਲੇਗਾ, ਜੇਕਰ ਕਾਰਪੋਰੇਸ਼ਨ ਵੱਲੋਂ ਲਾਏ ਤਾਲੇ ਨਾ ਖੋਲ੍ਹੇ ਗਏ ਤਾਂ ਕਾਂਗਰਸ ਤਿੱਖਾ ਸੰਘਰਸ਼ ਕਰਨ ’ਤੇ ਮਜਬੂਰ ਹੋਵੇਗੀ। 
®ਰਮਨ ਬਖਸ਼ੀ ਨੇ ਕਿਹਾ ਕਿ ਢਾਬ ਖਟੀਕਾ ਜਨਾਨਾ ਹਸਪਤਾਲ ਵਿਖੇ ਨਿਗਮ ਦੇ ਸਿਹਤ ਵਿਭਾਗ ਦੀ ਟੀਮ ਸ਼ਹਿਰਵਾਸੀਆਂ ਨੂੰ ਗਾਇਨੀ ਅਤੇ ਹੋਰ ਸਿਹਤ ਸੇਵਾਵਾਂ ਮੁਹੱਈਆ ਕਰਦੀ ਆ ਰਹੀ ਹੈ, ਜਿਥੇ ਲੋਕਾਂ ਨੂੰ ਨਾਰਮਲ ਆਪ੍ਰੇਸ਼ਨ ਦੀਆਂ ਸਹੂਲਤ ਪ੍ਰਾਪਤ ਹੁੰਦੀਆਂ ਸਨ। ਇਥੇ ਦੇ ਆਪ੍ਰੇਸ਼ਨ ਥੀਏਟਰ, ਵਾਰਡਾਂ, ਕਮਰਿਆਂ ਤੇ ਦੂਸਰੇ ਵਿਭਾਗ ਵੱਲੋਂ ਕਿਉਂ, ਕਿਵੇਂ ਤੇ ਕਿਸ ਦੀ ਸਹਿਮਤੀ ਨਾਲ ਤਾਲੇ ਲਾਏ ਗਏ, ਇਸ ਦੀ ਵੀ ਜਾਂਚ ਕਰਵਾਈ ਜਾਵੇਗੀ। ਹਸਪਤਾਲ ਦੀ ਜ਼ਮੀਨ ਦੀ ਇੰਨੀ ਕੀਮਤ ਹੈ ਕਿ ਜੇਕਰ ਇਸ ਨੂੰ ਵੇਚ ਦਿੱਤਾ ਜਾਵੇ ਤਾਂ ਬਾਹਰ ਕਈ ਹਸਪਤਾਲ ਤਿਆਰ ਕਰਵਾਏ ਜਾ ਸਕਦੇ ਹਨ। ਫਤਾਹਪੁਰ ਵਿਖੇ ਜੇਲ ਬਣਨ ਦੌਰਾਨ ਸੈਟੇਲਾਈਟ ਹਸਪਤਾਲ ਆਰਜ਼ੀ ਤੌਰ ’ਤੇ ਇਥੇ ਬਦਲੀ ਕੀਤਾ ਗਿਆ ਸੀ ਪਰ 18 ਅਗਸਤ 2018 ਨੂੰ ਇਹ ਹਸਪਤਾਲ ਵਾਪਸ ਸ਼ਿਫਟ ਹੋ ਗਿਆ ਹੈ, ਦੂਸਰੇ ਵਿਭਾਗ ਵੱਲੋਂ ਨਿਗਮ ਦੀ ਪ੍ਰਾਪਰਟੀ ਦੇ ਤਾਲੇ ਨਹੀਂ ਲੱਗਣ ਦਿਆਂਗੇ।
ਅਰਬਨ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪ੍ਰਭਜੀਤ ਕੌਰ ਨੇ ਕਿਹਾ ਕਿ ਢਾਬ ਖਟੀਕਾ ਹਸਪਤਾਲ ’ਤੇ ਕੋਈ ਕਬਜ਼ਾ ਨਹੀਂ ਬਲਕਿ ਜਨਤਾ ਦੀਆਂ ਸੇਵਾਵਾਂ ਲਈ ਪੁਰਾਣੇ ਹਸਪਤਾਲ ’ਤੇ ਨਵਾਂ ਹਸਪਤਾਲ ਬਣਾਇਆ ਗਿਆ ਹੈ, ਜਿਸ ’ਤੇ 2 ਕਰੋਡ਼ ਦਾ ਖਰਚ ਆਇਆ ਹੈ। ਕੇਂਦਰ ਸਰਕਾਰ ਦੇ ਨੈਸ਼ਨਲ ਹੈਲਥ ਸਿਸਟਮ ਦੇ ਨਵੇਂ ਪ੍ਰਾਜੈਕਟ ਅਰਬਨ ਕਮਿਊਨਿਟੀ ਹੈਲਥ ਸੈਂਟਰ ਤਹਿਤ ਅੰਮ੍ਰਿਤਸਰ ਵਿਚ ਢਾਬ ਖਟੀਕਾ ਤੇ ਨਰੈਣਗਡ਼੍ਹ ਵਿਖੇ ਲੋਕਾਂ ਨੂੰ ਫ੍ਰੀ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਲੁਧਿਆਣਾ ਵਿਚ 6 ਤੇ ਜਲੰਧਰ ’ਚ ਵੀ 4 ਸੈਂਟਰ ਖੋਲ੍ਹੇ ਜਾ ਰਹੇ ਹਨ। ਢਾਬ ਖਟੀਕਾ ਤੇ ਨਰੈਣਗਡ਼੍ਹ ਵਿਖੇ ਚੰਗਾ ਫਰਨੀਚਰ, ਫ੍ਰੀ ਦਵਾਈਆਂ ਤੇ ਇਲਾਜ ਲਈ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਟੈਂਪਰੇਰੀ ਤੌਰ ’ਤੇ ਹਸਪਤਾਲ ਸ਼ੁਰੂ ਕੀਤਾ ਜਾ ਰਿਹਾ ਹੈ। ਉਪਰਲੇ ਵਿਭਾਗਾਂ ਕੋਲ ਲਿਖਤਾਂ ਹੋਣਗੀਆਂ। ਇਸੇ ਲਈ ਤਾਂ ਸਰਕਾਰ ਵੱਲੋਂ 2 ਕਰੋਡ਼ ਲਾ ਕੇ ਹਸਪਤਾਲ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਨਿਗਮ ਕੋਲ ਤਾਂ ਮਰੀਜ਼ਾਂ ਲਈ ਦਵਾਈਆਂ ਵੀ ਉਪਲਬਧ ਨਹੀਂ ਸਨ ਤਾਂ ਹੀ ਕਿਸੇ ਨੇ ਹਸਪਤਾਲ ਨੂੰ ਅਪਗ੍ਰੇਡ ਕੀਤਾ। ਪਿਛਲੇ ਕਈ ਮਹੀਨਿਆਂ ਤੋਂ ਦਵਾਈਆਂ ਵੀ ਡਿਪਟੀ ਮੈਡੀਕਲ ਕਮਿਸ਼ਨਰ ਜ਼ਰੀਏ ਹੀ ਜਾ ਰਹੀਆਂ ਹਨ। ਜਨਸੇਵਾਵਾਂ ਲਈ ਇਹ ਹਸਪਤਾਲ ਲੋਕਾਂ ਲਈ ਫਾਇਦੇਮੰਦ ਹੋਵੇਗਾ। ਉਂਝ ਤਾਂ ਸਿਵਲ ਹਸਪਤਾਲ ਤੇ 5 ਸੈਟੇਲਾਈਟ ਹਸਪਤਾਲ ਵੀ ਨਿਗਮ ਦੀ ਹੱਦ ਵਿਚ ਹੀ ਬਣੇ ਹਨ।


Related News