3 ਮਸਾਜ ਸੈਂਟਰਾਂ ''ਤੇ ਛਾਪੇਮਾਰੀ, ਦਰਜਨ ਵਿਦੇਸ਼ੀ ਲੜਕੀਆਂ ਸਮੇਤ 23 ਗ੍ਰਿਫਤਾਰ

01/28/2020 1:41:54 AM

ਅੰਮ੍ਰਿਤਸਰ, (ਸੰਜੀਵ)— ਅੰਮ੍ਰਿਤਸਰ ਦੇ ਪਾਸ਼ ਖੇਤਰ ਕਵੀਨਜ਼ ਰੋਡ ਸਥਿਤ 3 ਮਸਾਜ ਅਤੇ ਸਪਾ ਸੈਂਟਰਾਂ 'ਤੇ ਪੁਲਸ ਨੇ ਛਾਪੇਮਾਰੀ ਕਰ ਕੇ ਇਕ ਦਰਜਨ ਦੇ ਕਰੀਬ ਵਿਦੇਸ਼ੀ ਲੜਕੀਆਂ ਸਮੇਤ 23 ਲੋਕਾਂ ਨੂੰ ਹਿਰਾਸਤ 'ਚ ਲਿਆ, ਜਿਨ੍ਹਾਂ 'ਚ ਕੁਝ ਨਾਬਾਲਿਗ ਵੀ ਹਨ। ਇਨ੍ਹਾਂ ਮਸਾਜ ਸੈਂਟਰਾਂ 'ਤੇ ਵਿਦੇਸ਼ੀ ਔਰਤਾਂ ਤੋਂ ਗ਼ੈਰ-ਕਾਨੂੰਨੀ ਧੰਦਾ ਕਰਵਾਇਆ ਜਾ ਰਿਹਾ ਸੀ। ਕਾਨੂੰਨੀ ਕਾਰਵਾਈ ਦਾ ਹਵਾਲਾ ਦੇ ਕੇ ਫਿਲਹਾਲ ਪੁਲਸ ਵੱਲੋਂ ਮਾਮਲੇ 'ਚ ਮਸਾਜ ਦੀ ਆੜ 'ਚ ਹੋਣ ਵਾਲੇ ਗ਼ੈਰ-ਕਾਨੂੰਨੀ ਕੰਮ-ਕਾਜ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ, ਜਦਕਿ ਪੁਲਸ ਮਾਮਲਾ ਦਰਜ ਕਰ ਕੇ ਸਾਰੇ ਮੁਲਜ਼ਮਾਂ ਦੀ ਮੈਡੀਕਲ ਜਾਂਚ ਕਰਵਾਉਣ ਦੀ ਪਰਕਿਰਿਆ ਕਰ ਰਹੀ ਹੈ। ਵੱਡੇ ਪੱਧਰ 'ਤੇ ਹੋਈ ਇਸ ਛਾਪੇਮਾਰੀ 'ਚ ਏ. ਡੀ. ਸੀ. ਪੀ. ਸੰਦੀਪ ਮਲਿਕ, ਏ. ਸੀ. ਪੀ. ਪਰਵਿੰਦਰ ਕੌਰ, ਏ. ਸੀ. ਪੀ. ਸਰਬਜੀਤ ਸਿੰਘ ਬਾਜਵਾ ਤੋਂ ਇਲਾਵਾ ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵਦਰਸ਼ਨ ਅਤੇ ਭਾਰੀ ਪੁਲਸ ਫੋਰਸ ਸ਼ਾਮਲ ਸੀ।
ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿਲ ਨੂੰ ਇਨਪੁਟ ਮਿਲੀ ਸੀ ਕਿ ਸਪਾ ਸੈਂਟਰਾਂ 'ਚ ਮਸਾਜ ਦੀ ਆੜ 'ਚ ਗ਼ੈਰ-ਕਾਨੂੰਨੀ ਧੰਦਾ ਚੱਲ ਰਿਹਾ ਹੈ। ਆਈ. ਪੀ. ਐੱਸ. ਅਧਿਕਾਰੀ ਦੀ ਅਗਵਾਈ 'ਚ ਇਕ ਵਿਸ਼ੇਸ਼ ਛਾਪਾਮਾਰੀ ਟੀਮ ਨੇ ਸੋਮਵਾਰ ਦੇਰ ਰਾਤ 3 ਸਪਾ ਸੈਂਟਰਾਂ 'ਤੇ ਰੇਡ ਕੀਤੀ। ਜਿਨ੍ਹਾਂ 'ਚ ਮਾਈ ਸਪਾ ਐਂਡ ਸੈਲੂਨ, ਡਾਇਮੰਡ ਸਪਾ ਸੈਂਟਰ ਅਤੇ 13 ਸਪਾ ਐੱਨ ਸੈਲੂਨ ਸ਼ਾਮਿਲ ਸਨ। ਜਿੱਥੋਂ ਵਿਦੇਸ਼ੀ ਔਰਤਾਂ ਤੋਂ ਇਲਾਵਾ ਸਪਾ ਸੈਂਟਰਾਂ ਦੇ ਮੈਨੇਜਰ ਅਤੇ ਗਾਹਕਾਂ ਨੂੰ ਹਿਰਾਸਤ 'ਚ ਲਿਆ ਗਿਆ। ਦੋ ਘੰਟੇ ਚੱਲੀ ਇਸ ਕਾਰਵਾਈ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਨ ਦੀ ਪਰਕਿਰਿਆ ਸ਼ੁਰੂ ਕੀਤੀ। ਦੇਰ ਰਾਤ ਤੱਕ ਪੁਲਸ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।

ਬਿਨਾਂ ਵਰਕ ਪਰਮਿਟ ਥਾਈਲੈਂਡ ਦੀਆਂ ਲੜਕੀਆਂ ਕਰ ਰਹੀਆਂ ਹਨ ਕੰਮ
ਸਪਾ ਸੈਂਟਰਾਂ ਤੋਂ ਹਿਰਾਸਤ 'ਚ ਲਈਆਂ ਥਾਈਲੈਂਡ ਦੀਆਂ ਲੜਕੀਆਂ ਦੇ ਪਾਸਪੋਰਟ ਮੰਗਵਾਏ ਜਾ ਰਹੇ ਹਨ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸ ਵੀਜ਼ੇ 'ਤੇ ਭਾਰਤ ਆਈਆਂ ਸਨ ਅਤੇ ਕਦੋਂ ਤੋਂ ਇੱਥੇ ਰਹਿ ਰਹੀਆਂ ਹਨ। ਕੀ ਉਨ੍ਹਾਂ ਕੋਲ ਮਸਾਜ ਸੈਂਟਰਾਂ 'ਚ ਕੰਮ ਕਰਨ ਦਾ ਵਰਕ ਪਰਮਿਟ ਹੈ। ਇਸ 'ਤੇ ਵੀ ਪੁਲਸ ਜਾਂਚ ਕਰ ਰਹੀ ਹੈ। ਥਾਈਲੈਂਡ ਤੋਂ ਆਈਆਂ ਇਨ੍ਹਾਂ ਲੜਕੀਆਂ ਦੇ ਵੀਜ਼ੇ ਅਤੇ ਗ਼ੈਰ-ਕਾਨੂੰਨੀ ਰੂਪ 'ਚ ਕੰਮ ਕਰਨ ਦੀ ਪੂਰੀ ਰਿਪੋਰਟ ਬਣਾ ਕੇ ਥਾਣਾ ਸਿਵਲ ਲਾਈਨ ਦੀ ਪੁਲਸ ਵੱਲੋਂ ਗ੍ਰਹਿ ਅਤੇ ਵਿਦੇਸ਼ੀ ਮੰਤਰਾਲੇ ਨੂੰ ਭੇਜੀ ਜਾਵੇਗੀ ਤਾਂ ਕਿ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਕਰਨ ਦੇ ਬਾਅਦ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਡਿਪੋਰਟ ਕੀਤਾ ਜਾ ਸਕੇ।
ਥਾਣਾ ਸਿਵਲ ਲਾਈਨ ਦੇ ਇੰਚਾਰਜ ਇੰਸਪੈਕਟਰ ਸ਼ਿਵਦਰਸ਼ਨ ਨੇ ਦੇਰ ਰਾਤ ਮਸਾਜ ਸੈਂਟਰਾਂ 'ਤੇ ਹੋਈ ਛਾਪੇਮਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦਰਜਨ ਦੇ ਕਰੀਬ ਵਿਦੇਸ਼ੀ ਔਰਤਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਦਕਿ ਇਸ ਬਾਰੇ ਪੁਲਸ ਫਿਲਹਾਲ ਜਾਂਚ ਕਰ ਰਹੀ ਹੈ। ਪਰਚਾ ਦਰਜ ਕੀਤੇ ਜਾਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

ਸ਼ਹਿਰ 'ਚ ਚੱਲ ਰਹੇ 100 ਤੋਂ ਜ਼ਿਆਦਾ ਮਸਾਜ ਸੈਂਟਰ, ਤਿੰਨਾਂ 'ਤੇ ਹੀ ਕਾਰਵਾਈ ਕਿਉਂ?
ਆਪਣੇ ਰਿਸ਼ਤੇਦਾਰਾਂ ਨੂੰ ਹਿਰਾਸਤ 'ਚ ਲਏ ਜਾਣ ਦੀ ਖਬਰ ਸੁਣ ਕੇ ਥਾਣੇ ਪਹੁੰਚੀ ਅਨੀਤਾ ਕੁਮਾਰੀ 3 ਮਸਾਜ ਸੈਂਟਰਾਂ 'ਤੇ ਹੋਈ ਕਾਰਵਾਈ ਦੇ ਵਿਰੋਧ 'ਚ ਬੋਲੀ। ਉਸ ਨੇ ਕਿਹਾ ਕਿ ਇਹ ਪੁਲਸ ਨੇ ਕਿਸੇ ਸਾਜ਼ਿਸ਼ ਦੇ ਤਹਿਤ ਅੱਜ ਕਾਰਵਾਈ ਕੀਤੀ ਹੈ, ਜਦਕਿ ਸ਼ਹਿਰ ਵਿਚ 100 ਤੋਂ ਜ਼ਿਆਦਾ ਮਸਾਜ ਸੈਂਟਰ ਚੱਲ ਰਹੇ ਹਨ, ਜਿੱਥੇ ਗ਼ੈਰ-ਕਾਨੂੰਨੀ ਕਾਰੋਬਾਰ ਹੁੰਦਾ ਹੈ। ਇਨ੍ਹਾਂ ਤਿੰਨ ਮਸਾਜ ਸੈਂਟਰਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ। ਇਸ ਦੇ ਪਿੱਛੇ ਪੁਲਸ ਦੀ ਕੋਈ ਗਹਿਰੀ ਚਾਲ ਹੈ।

KamalJeet Singh

This news is Content Editor KamalJeet Singh