ਹਾੜੀ ਦੀਆਂ ਫਸਲਾਂ ਨੂੰ ਅਰੋਗ ਰੱਖਣ ਲਈ ਅਹਿਮ ਤੇ ਜ਼ਰੂਰੀ ਕੰਮ ਹੈ ‘ਬੀਜ ਦੀ ਸੋਧ’

10/30/2020 11:10:28 AM

ਗੁਰਦਾਸਪੁਰ (ਹਰਮਨਪ੍ਰੀਤ) - ਵੱਖ-ਵੱਖ ਕਿਸਮ ਦੇ ਕੀੜਿਆਂ ਤੇ ਬੀਮਾਰੀਆਂ ਵਲੋਂ ਕਣਕ ਸਮੇਤ ਹੋਰ ਫ਼ਸਲਾਂ ’ਤੇ ਕੀਤੇ ਜਾਣ ਵਾਲੇ ਨੁਕਸਾਨ ਨੂੰ ਰੋਕਣ ਲਈ ਬੀਜ ਦੀ ਸੋਧ ਬਹੁਤ ਵੱਡੀ ਅਹਿਮੀਅਤ ਰੱਖਦੀ ਹੈ। ਮਾਹਿਰਾਂ ਅਨੁਸਾਰ ਕਿਸਾਨ ਬੀਜ ਨੂੰ ਬੀਜਣ ਤੋਂ ਪਹਿਲਾਂ ਜੇਕਰ ਬੀਜ ਨੂੰ ਸੋਧ ਲੈਣ ਤਾਂ ਅਨੇਕਾਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਬੀਜ ਨੂੰ ਬੀਜਣ ਤੋ ਪਹਿਲਾਂ ਉੱਲੀਨਾਸ਼ਕ ਅਤੇ ਕੀਟਨਾਸ਼ਕ ਦਵਾਈਆਂ ਨਾਲ ਸੋਧਣਾ ਓਨਾਂ ਹੀ ਜ਼ਰੂਰੀ ਜਿਨਾਂ ਕਿਸੇ ਛੋਟੇ ਬੱਚੇ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਪੋਲੀਓ ਦੀਆਂ ਬੂੰਦਾਂ ਪਿਆਉਣੀਆਂ ਜ਼ਰੂਰੀ ਹਨ।

ਕਣਕ ਦੇ ਬੀਜ ਦੀ ਸੋਧ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਖੇਤੀਬਾੜੀ ਅਫਸਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਕਣਕ ਨੂੰ ਆਮ ਕਰ ਕੇ ਕੋਈ ਵੀ ਮੁੱਖ ਬੀਮਾਰੀ ਪ੍ਰਭਾਵਿਤ ਨਹੀਂ ਕਰਦੀ। ਪਰ ਪਿਛਲੇ ਕੁਝ ਸਾਲਾਂ ਦੌਰਾਨ ਮੌਸਮ ਵਿਚ ਆ ਰਹੇ ਬਦਲਾਅ ਕਾਰਣ ਕੁਝ ਬੀਮਾਰੀਆਂ ਪੈਦਾਵਾਰ ’ਤੇ ਬਹੁਤ ਬੁਰਾ ਅਸਰ ਪਾ ਰਹੀਆਂ ਹਨ, ਜਿਨ੍ਹਾਂ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਝੂਠੀ ਕਾਂਗਿਆਰੀ, ਪੱਤਿਆਂ ਦੀ ਕਾਂਗਿਆਰੀ ਅਤੇ ਦਾਣੇ ਦੇ ਛਿਲਕੇ ਦੀ ਕਾਲੀ ਨੋਕ ਆਦਿ ਕੁਝ ਅਜਿਹੀਆਂ ਬੀਮਾਰੀਆਂ ਹਨ, ਜਿਨ੍ਹਾਂ ਦੀ ਰੋਕਥਾਮ ਸਿਰਫ ਫਸਲ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਰਸਾਇਣਾਂ ਨਾਲ ਸੋਧਕੇ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਖੇਤਾਂ ਵਿਚ ਸਿਊਂਕ ਦੀ ਸਮੱਸਿਆ ਹੈ ਤਾਂ ਸਭ ਤੋਂ ਪਹਿਲਾਂ 160 ਮਿਲੀਲਿਟਰ ਕਲੋਰੋਪਾਈਰੀਫਾਸ 20 ਈ.ਸੀ. ਜਾਂ 80 ਮਿਲੀਲਿਟਰ ਨਿਊਨਿਕਸ 20 (ਇਮਿਡਾਕਲੋਪਰਿਡ+ਹੈਕਸਾਕੋਨÂਜ਼ੋਲ) ਫਿਪਰੋਨਿਲ 5% ਐੱਸ ਸੀ ਨੂੰ ਇਕ ਲਿਟਰ ਪਾਣੀ ’ਚ ਘੋਲ ਕੇ 40 ਕਿਲੋ ਬੀਜ ਦੀ ਪੱਕੇ ਫਰਸ਼, ਤਰਪਾਲ ਜਾਂ ਪਲਾਸਟਿਕ ਦੀ ਸ਼ੀਟ ’ਤੇ ਪਤਲੀ ਤਹਿ ਵਿਛਾ ਕੇ ਛਿੜਕਾਅ ਕਰ ਕੇ ਸੁਕਾ ਲੈਣਾ ਚਾਹੀਦਾ ਹੈ। ਨਿਊਨਿਕਸ 20 (ਇਮਿਡਾਕਲੋਪਰਿਡ+ਹੈਕਸਾਕੋਨਓਜ਼ੋਲ) ਨਾਲ ਸੋਧੇ ਬੀਜ ਵਾਲੀ ਫਸਲ ਨੂੰ ਕਾਂਗਿਆਰੀ ਵੀ ਨਹੀਂ ਲੱਗਦੀ। ਬੀਜ ਨੂੰ ਸੁਕਾਉਣ ਤੋਂ ਬਾਅਦ ਕਣਕ ਰੈਕਸਲ ਈਜ਼ੀ/ਓਰੀਅਸ 6 ਐੱਫ. ਐੱਸ. (ਟੈਬੂਕੋਨਾਜ਼ੋਲ) 13 ਮਿਲੀਲਿਟਰ ਪ੍ਰਤੀ 40 ਕਿਲੋ ਬੀਜ (13 ਮਿ.ਲੀ. ਦਵਾਈ ਨੂੰ 400 ਮਿ.ਲੀ. ਪਾਣੀ ’ਚ ਘੋਲਕੇ 40 ਕਿਲੋ ਬੀਜ ਨੂੰ ਲਗਾਓ) ਜਾਂ ਵੀਟਾਵੈਕਸ ਪਾਵਰ 75 ਡਬਲਯੂ. ਐੱਸ. (ਕਾਰਬੋਕਸਨ+ਟੈਟਰਾਮੀਥਾਈਲ ਥਾਈਯੂਰਮ ਡਾਈਸਲਫਾਈਡ) 120 ਗ੍ਰਾਮ ਜਾਂ ਵੀਟਾਵੈਕਸ 75 ਡਬਲਯੂ. ਪੀ. (ਕਾਰਬੋਕਸਿਨ) 80 ਗ੍ਰਾਮ ਜਾਂ ਸੀਡੈਕਸ 2 ਡੀ. ਐੱਸ/ਐਕਸਜ਼ੋਲ 2 ਡੀ. ਐੱਸ (ਟੈਬੂਕੋਨਾਜ਼ੋਲ) 40 ਗ੍ਰਾਮ ਪ੍ਰਤੀ 40 ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਉਨ੍ਹਾਂ ਕਿਹਾ ਕਿ ਬੀਜ ਸੋਧਕ ਡਰੰਮ ’ਚ ਸਮਰੱਥਾ ਅਨੁਸਾਰ ਬੀਜ ਪਾ ਕੇ ਸਿਫਾਰਸ਼ ਕੀਤੀ ਮਾਤਰਾ ਵਿਚ ਦਵਾਈ ਚੰਗੀ ਤਰ੍ਹਾਂ ਰਲਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਝੂਠੀ ਕਾਂਗਿਆਂਰੀ ਦੀ ਰੋਕਥਾਮ ਹੋ ਜਾਵੇਗੀ। ਇਸ ਨਾਲ ਪੱਤਿਆਂ ਦੀ ਕਾਂਗਿਆਰੀ ਦੀ ਕਾਂਗਿਆਰੀ ਨਾਮੀ ਬੀਮਾਰੀ ਦੀ ਵੀ ਰੋਕਥਾਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਣਕ ਦੇ ਬੀਜ ਦੀ ਸੋਧ ਬਿਜਾਈ ਤੋਂ ਕਦੇ ਵੀ ਇਕ ਮਹੀਨੇ ਤੋਂ ਪਹਿਲਾਂ ਨਾ ਕਰੋ।

ਪੜ੍ਹੋ ਇਹ ਵੀ ਖ਼ਬਰ- ਦੁੱਧ 'ਚ ਤੁਲਸੀ ਦੀਆਂ 3-4 ਪੱਤੀਆਂ ਉਬਾਲ ਕੇ ਪੀਣ ਨਾਲ ਹੋਣਗੇ ਹੈਰਾਨੀਜਨਕ ਫ਼ਾਇਦੇ

ਜੀਵਾਣੂ ਖਾਦ ਦਾ ਟੀਕਾ
ਉਨ੍ਹਾਂ ਕਿਹਾ ਕਿ ਅੱਧਾ ਕਿਲੋ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ ਜੀਵਾਣੂ ਖਾਦ ਨੂੰ ਇਕ ਲਿਟਰ ਪਾਣੀ ’ਚ ਘੋਲ ਕੇ ਕਣਕ ਦੇ 40 ਕਿਲੋ ਬੀਜ ਨਾਲ ਚੰਗੀ ਤਰ੍ਹਾਂ ਮਿਲਾ ਦਿਓ। ਸੋਧੇ ਬੀਜ ਨੂੰ ਪੱਕੇ ਫਰਸ਼ ’ਤੇ ਖਿਲਾਰ ਕੇ ਛਾਵੇਂ ਸੁਕਾ ਲਓ ਅਤੇ ਛੇਤੀ ਬੀਜ ਲਓ। ਬੀਜ ਨੂੰ ਇਹ ਟੀਕਾ ਲਗਾਉਣ ਨਾਲ ਪ੍ਰਤੀ ਏਕੜ ਝਾੜ ਵਧਦਾ ਹੈ। ਕਨਸ਼ੋਰਸ਼ੀਅਮ ਦਾ ਇਹ ਟੀਕਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਈਕ੍ਰੋਬਾਇਆਲੋਜੀ ਵਿਭਾਗ/ਕ੍ਰਿਸ਼ੀ ਵਿਗਿਆਨ ਕੇਂਦਰ/ਕਿਸਾਨ ਸਲਾਹਕਾਰ ਅਤੇ ਸੇਵਾ ਕੇਂਦਰ ਨਾਲ ਮਿਲ ਸਕਦਾ ਹੈ ਜਾਂ ਫਸਲ ਨੂੰ ਫਾਸਫੋਰਸ ਤੱਤ ਦੀ ਉਪਲਬਧਤਾ ਵਧਾਉਣ ਲਈ ਜੀਵਾਣੂ ਖਾਦ ਦੇ ਮਿਸ਼ਰਨ (ਆਰਬਸਕੂਲਰ ਮਾਈਕ੍ਰੋਹਾਈਜ਼ਲ ਫੰਜਾਈ ਅਤੇ ਪਲਾਂਟ ਗ੍ਰੋਥ ਪ੍ਰਮੋਟਿੰਗ ਬੈਕਟੀਰੀਆ) ਦਾ ਟੀਕਾ ਲਗਾਓ। 40 ਕਿਲੋ ਕਣਕ ਦੇ ਬੀਜ ਨੂੰ ਇਕ ਲਿਟਰ ਪਾਣੀ ਨਾਲ ਗਿੱਲਾ ਕਰ ਕੇ ਇਕ ਕਿਲੋ ਜੀਵਾਣੂ ਖਾਦ ਦੇ ਮਿਸ਼ਰਣ ਨਾਲ ਚੰਗੀ ਤਰ੍ਹਾਂ ਰਲਾ ਦਿਓ। ਉਪਰੋਕਤ ਬੀਜ ਨੂੰ ਅੱਧੇ ਘੰਟੇ ਲਈ ਛਾਂ ਵਿਚ ਸੁਕਾ ਕੇ ਬੀਜ ਲਓ।

ਪੜ੍ਹੋ ਇਹ ਵੀ ਖ਼ਬਰ- Health Tips : ਖਾਣਾ ਖਾਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ, ਘਰੋਂ ਚਲੀ ਜਾਵੇਗੀ ਬਰਕਤ

ਜੌਂ ਦਾ ਬੀਜ ਸੋਧਣ ਦਾ ਢੰਗ
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬਿਜਾਈ ਤੋਂ ਪਹਿਲਾਂ ਬੀਜ ਨੂੰ ਵੀਟਾਵੈਕਸ 75 ਡਬਲਯੂ. ਪੀ. ਕਾਰਬੋਕਸਿਨ ਜਾਂ ਰੈਕਸਿਲ 2 ਡੀ. ਐੱਸ. (ਟੈਬੂਕੋਨਾਜ਼ੋਲ) 1.5 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਬੀਜ ਸੋਧਕ ਡਰੰਮ ਨਾਲ ਸੋਧ ਲਵੋ। ਇਸ ਨਾਲ ਕਾਂਗਿਆਰੀ, ਬੰਦ ਕਾਂਗਿਆਰੀ ਅਤੇ ਧਾਰੀਆਂ ਦਾ ਰੋਗ ਨਹੀਂ ਲੱਗਦਾ।

ਪੜ੍ਹੋ ਇਹ ਵੀ ਖ਼ਬਰ- ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ

ਛੋਲਿਆਂ ਦੀ ਚੰਗੀ ਪੈਦਾਵਾਰ ਲੈਣ ਲਈ ਬੀਜ ਦੀ ਸੋਧ
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਛੋਲਿਆਂ ਦੀ ਫਸਲ ਨੂੰ ਭੂਰਾ ਸਾੜਾ, ਝੁਲਸ ਰੋਗ ਅਤੇ ਸਿਊਂਕ ਵਰਗੀਆਂ ਬੀਮਾਰੀਆਂ ਨੁਕਸਾਨ ਪਹੁੰਚਾਉਂਦੀਆਂ ਹਨ ਜਿਨ੍ਹਾਂ ਦੀ ਰੋਕਥਾਮ ਕਰਨ ਲਈ ਬੀਜ ਦੀ ਬਿਜਾਈ ਤੋਂ ਪਹਿਲਾਂ ਸੋਧ ਕਰਨੀ ਬਹੁਤ ਜ਼ਰੂਰੀ ਹੈ। ਸਿਊਂਕ ਨਾਲ ਪ੍ਰਭਾਵਿਤ ਖੇਤਾਂ ’ਚ ਛੋਲਿਆਂ ਦੀ ਬਿਜਾਈ ਤੋਂ ਪਹਿਲਾਂ 180 ਮਿਲੀਲਿਟਰ ਕਲੋਰੋਪਾਈਰੀਫਾਸ ਨੂੰ ਅੱਧੇ ਲਿਟਰ ਪਾਣੀ ਵਿਚ ਘੋਲ ਕੇ ਬੀਜ ਨੂੰ ਫਰਸ਼ ਜਾਂ ਤਰਪਾਲ ਤੇ ਵਿਛਾ ਕੇ ਛਿੜਕਾਅ ਕਰਨਾ ਚਾਹੀਦਾ ਹੈ। ਬੀਜ ਨੂੰ ਸੁਕਾਉਣ ਉਪਰੰਤ ਕਾਰਬੈਂਡਾਜ਼ਿਮ ਜਾਂ 2.5 ਗ੍ਰਾਮ ਰੋਵਰਾਲ (ਆਈਪ੍ਰੋਡਿਓਨ) ਪ੍ਰਤੀ ਕਿਲੋ ਦੇ ਹਿਸਾਬ ਨਾਲ ਬੀਜ ਸੋਧਕ ਡਰੰਮ ਦੀ ਮਦਦ ਨਾਲ ਬੀਜ ਨੂੰ ਸੋਧ ਲੈਣਾ ਚਾਹੀਦਾ ਹੈ। 37 ਕਿਲੋ ਚਿੱਟੇ ਛੋਲਿਆਂ ਨੂੰ ਸੋਧਣ ਲਈ 370 ਮਿਲੀਲਿਟਰ ਕਲੋਰੋਪਾਈਰੀਫਾਸ ਦਵਾਈ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਬੀਜ ਉੱਪਰ ਛਿੜਕਾਅ ਕਰੋ। ਬੀਜ ਨੂੰ ਸੋਧਣ ਉਪਰੰਤ ਚੰਗੀ ਤਰ੍ਹਾਂ ਰਲਾ ਕੇ ਸੁਕਾ ਲਵੋ।

ਪੜ੍ਹੋ ਇਹ ਵੀ ਖ਼ਬਰ- ਗੁੱਸੇ ਅਤੇ ਸ਼ੱਕੀ ਸੁਭਾਅ ਦੇ ਹੁੰਦੇ ਹਨ ਇਸ ਅੱਖਰ ਵਾਲੇ ਲੋਕ, ਜਾਣੋ ਇਨ੍ਹਾਂ ਦੀਆਂ ਹੋਰ ਵੀ ਖਾਸ ਗੱਲਾਂ

ਛੋਲਿਆਂ ਦੇ ਬੀਜ ਨੂੰ ਜੀਵਾਣੂ ਖਾਦ ਦਾ ਟੀਕਾ ਲਾਉਣਾ
ਉਨ੍ਹਾਂ ਦੱਸਿਆ ਕਿ 15-18 ਕਿਲੋ ਛੋਲਿਆਂ ਦੇ ਬੀਜ ਨੂੰ ਪਾਣੀ ਨਾਲ ਗਿੱਲਾ ਕਰ ਕੇ ਫਰਸ਼ ’ਤੇ ਪਤਲਾ-ਪਤਲਾ ਵਿਛਾ ਲਓ। ਮੀਜ਼ੋਰਾਈਜੋਬੀਅਮ (ਐੱਲਜੀਆਰ-33) ਅਤੇ ਰਾਈਜ਼ੋਬੈਕਟੀਰੀਆ (ਆਰਬੀ-1) ਜੀਵਾਣੂ ਖਾਦ ਦੇ ਇਕ-ਇਕ ਪੈਕਟ ਨੂੰ ਮਿਲਾ ਕੇ ਇਕ ਏਕੜ ਲਈ ਲੋੜੀਂਦੇ ਬੀਜ ਨਾਲ ਚੰਗੀ ਤਰ੍ਹਾਂ ਰਲਾ ਲਓ। ਬੀਜ ਨੂੰ ਛਾਂਵੇਂ ਸੁਕਾ ਕੇ ਇਕ ਘੰਟੇ ਦੇ ਅੰਦਰ-ਅੰਦਰ ਬੀਜ ਦਿਓ। ਕੀਟਨਾਸ਼ਕ, ਉੱਲੀਨਾਸ਼ਕ ਅਤੇ ਜੀਵਾਣੂ ਖਾਦ ਨੂੰ ਇੱਕਠਿਆਂ ਵੀ ਵਰਤਿਆ ਜਾ ਸਕਦਾ ਹੈ। ਇਸ ਮਕਸਦ ਲਈ ਸਭ ਤੋਂ ਪਹਿਲਾਂ ਕੀਟਨਾਸ਼ਕ, ਫਿਰ ਉੱਲੀਨਾਸ਼ਕ ਅਤੇ ਬਾਅਦ ’ਚ ਜੀਵਾਣੂ ਖਾਦ ਲਗਾਓ।

ਪੜ੍ਹੋ ਇਹ ਵੀ ਖ਼ਬਰ- Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’


rajwinder kaur

Content Editor

Related News