ਨਸ਼ਿਆਂ ਖਿਲਾਫ ਪੰਜਾਬ ਪੁਲਸ ਨੇ ਆਯੋਜਿਤ ਕਰਵਾਈ ਮੈਰਾਥਨ

12/15/2019 11:48:49 PM

ਤਰਨਤਾਰਨ, (ਰਮਨ)- ਜ਼ਿਲੇ ਨੂੰ ਨਸ਼ਾ ਮੁਕਤ ਕਰਨ ਸਬੰਧੀ ਚਲਾਈ ਮੁਹਿੰਮ ਤਹਿਤ ਅੱਜ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਇਸ ਦਾ ਡੱਟ ਕੇ ਵਿਰੋਧ ਕਰਨ ਦੇ ਮਕਸਦ ਨਾਲ ਪੰਜਾਬ ਪੁਲਸ ਵਿਭਾਗ ਵਲੋਂ ਮੈਰਾਥਨ ਕਰਵਾਈ ਗਈ। ਇਹ ਮੈਰਾਥਨ ਸਬ-ਡਵੀਜ਼ਨ ਲੈਵਲ ’ਤੇ ਕਰਵਾਈ ਗਈ, ਜਿਸ ਨੂੰ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਵਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੈਰਾਥਨ ’ਚ ਨੌਜਵਾਨਾਂ ਤੋਂ ਲੈ ਕੇ 66 ਸਾਲ ਦੀ ਉਮਰ ਤੱਕ ਦੇ ਬਜ਼ੁਰਗ ਨੇ ਹਿੱਸਾ ਲਿਆ। ਜਿਨ੍ਹਾਂ ਨੂੰ ਅਖੀਰ ’ਚ ਸਨਮਾਨਤ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਐੱਸ. ਐੱਸ. ਪੀ. ਧਰੁਵ ਦਹੀਆ ਦੇ ਹੁਕਮਾਂ ਤਹਿਤ ਜ਼ਿਲੇ ਨੂੰ ਨਸ਼ਾ ਮੁਕਤ ਕਰਨ ’ਚ ਪੁਲਸ ਪੂਰਾ ਜ਼ੋਰ ਲਾ ਰਹੀ ਹੈ ਅਤੇ ਆਪਣੀ ਡਿਊਟੀ ਨੂੰ ਈਮਾਨਦਾਰੀ ਅਤੇ ਸੂਝ-ਬੂਝ ਨਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸਮਾਜ ਨੂੰ ਗੰਦਾ ਕਰਨ ਵਾਲੇ ਅਨਸਰਾਂ ਦਾ ਪੁਲਸ ਸਿਰ ਕੁਚਲ ਕੇ ਰੱਖ ਦੇਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਇਸ ’ਚ ਬਹੁਤ ਵੱਡੀ ਕਾਮਯਾਬੀ ਪ੍ਰਾਪਤ ਹੋ ਰਹੀ ਹੈ, ਜਿਸ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਜਾਗਰੂਕ ਕਰਦੇ ਹੋਏ ਇਸ ਮੈਰਾਥਨ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਦੌਡ਼ ਪੁਲਸ ਲਾਈਨ ਤੋਂ ਸ਼ੁਰੂ ਕਰਵਾਈ ਗਈ, ਜੋ ਅੰਮ੍ਰਿਤਸਰ ਬਾਈਪਾਸ ਤੋਂ ਹੁੰਦੀ ਹੋਈ ਸ਼ਹਿਰ ਦੇ ਬੋਹਡ਼ੀ ਚੌਕ ਰਾਹੀਂ ਵਾਪਸ ਪੁਲਸ ਲਾਈਨ ਵਿਖੇ ਸਮਾਪਤ ਹੋਈ।ਇਸ ਮੌਕੇ ਮੈਰਾਥਨ ’ਚ ਭਾਗ ਲੈਣ ਵਾਲਿਆਂ ਨੂੰ ਰਿਫਰੈੱਸ਼ਮੈਂਟ ਵੀ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਮੈਰਾਥਨ ’ਚ ਭਿੱਖੀਵਿੰਡ, ਤਰਨਤਾਰਨ, ਭੱਗੂਪੁਰ ਆਦਿ ’ਚ ਸਥਿਤ ਸਪੋਰਟਸ ਯੂਨਿਟਾਂ ਦੇ ਮੈਂਬਰਾਂ ਵਲੋਂ ਭਾਗ ਲਿਆ ਗਿਆ। ਜਿਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਟਰੈਫਿਕ ਵਿਭਾਗ ਵਲੋਂ ਸ਼ਹਿਰ ’ਚ ਮੈਰਾਥਨ ਨੂੰ ਮੱੁਖ ਰੱਖਦੇ ਹੋਏ ਵਧੀਆ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਚਰਨ ਸਿੰਘ, ਏ. ਐੱਸ. ਆਈ. ਵਿਨੋਦ ਕੁਮਾਰ, ਏ. ਐੱਸ. ਆਈ. ਬਿਕਰਮਜੀਤ ਸਿੰਘ, ਏ. ਐੱਸ. ਆਈ. ਰਜਿੰਦਰ ਸ਼ਰਮਾ, ਏ. ਐੱਸ. ਆਈ. ਤੇਜਿੰਦਰ ਟੋਨੀ, ਬਲਵਿੰਦਰ ਸਿੰਘ ਕੋਚ, ਗੁਰਵਿੰਦਰ ਸਿੰਘ ਕੋਚ ਆਦਿ ਹਾਜ਼ਰ ਸਨ।

Bharat Thapa

This news is Content Editor Bharat Thapa