ਜਥੇਦਾਰ ਕਾਉਕੇ ਦੀ ਰਿਪੋਰਟ ''ਤੇ ਸਿਆਸਤ ਕਰਨ ਵਾਲੇ ਇਨਸਾਫ਼ ਲਈ ਕਰਨ ਜੱਦੋ-ਜਹਿਦ: ਵੇਰਕਾ

01/08/2024 6:42:34 PM

ਅੰਮ੍ਰਿਤਸਰ (ਸਰਬਜੀਤ)- ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਜਕਾਰੀ ਮੁਖੀ ਸਰਬਜੀਤ ਸਿੰਘ ਵੇਰਕਾ ਨੇ ਜਥੇਦਾਰ ਗੁਰਦੇਵ ਸਿੰਘ ਕਾਉਕੇ ਬਾਰੇ ਬੀ. ਪੀ. ਤਿਵਾੜੀ ਕਮਿਸ਼ਨ ਦੀ ਰਿਪੋਰਟ 'ਤੇ ਉਂਗਲਾਂ ਚੁੱਕਣ ਵਾਲਿਆਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਉਹ ਉਡੀਕ ਕਰਨ ਜਦ ਇਸ ਮਾਮਲੇ ਦੀ ਪੂਰੀ ਰਿਪੋਰਟ ਜਨਤਕ ਹੋਈ ਤਾਂ ਕਿਸੇ ਕੋਲ ਜਵਾਬ ਨਹੀਂ ਰਹਿਣਾ ਹੈ। ਵੇਰਕਾ ਨੇ ਕਿਹਾ ਕਿ ਬੀ. ਪੀ. ਤਿਵਾੜੀ ਕਮਿਸ਼ਨ ਦੀ ਅਸਲ ਰਿਪੋਰਟ ਕਰੀਬ 500 ਪੰਨਿਆਂ ਦੀ ਹੈ ਅਤੇ ਮੌਜੂਦਾ ਰਿਪੋਰਟ ਸਾਰੀ ਰਿਪੋਰਟ ਦਾ ਇਕ ਅੰਸ਼ ਹੈ। ਉਨ੍ਹਾਂ ਕਿਹਾ ਕਿ ਰਿਪੋਰਟ 'ਤੇ ਕਿੰਤੂ-ਪ੍ਰੰਤੂ ਕਰਨ ਵਾਲੇ ਪਹਿਲਾਂ 90 ਦੇ ਦਹਾਕੇ ਵਿਚ ਮਾਣਯੋਗ ਹਾਈਕੋਰਟ ਅਤੇ ਸੁਖਰੀਮ ਕੋਰਟ ਦੇ ਹੁਕਮਾਂ ਨਾਲ ਸੀ. ਬੀ. ਆਈ. ਵੱਲੋਂ ਲਿਖੀਆਂ ਐੱਫ਼. ਆਈ. ਆਰ. ਧਿਆਨ ਨਾਲ ਪੜ੍ਹਣ। 

ਉਨ੍ਹਾਂ ਕਿਹਾ ਕਿ ਜੇਕਰ ਤਿਵਾੜੀ ਕਮਿਸ਼ਨ ਦੀ ਰਿਪੋਰਟ ਗਲਤ ਸੀ ਤਾਂ 1999 ਵਿਚ ਇਸ ਨੂੰ ਰੱਦ ਕਰਕੇ ਨਵਾਂ ਕਮਿਸ਼ਨ ਬਣਾਇਆ ਜਾ ਸਕਦਾ ਸੀ ਅਤੇ ਜਥੇਦਾਰ ਕਾਉਂਕੇ ਮਾਮਲੇ ਦੀ ਹੋਰ ਡੁੰਘਾਈ ਨਾਲ ਜਾਂਚ ਕੀਤੀ ਜਾ ਸਕਦੀ ਸੀ। ਉਨ੍ਹਾਂ ਰਿਪੋਰਟ 'ਤੇ ਕਿੰਤੂ-ਪ੍ਰੰਤੂ ਕਰਨ ਵਾਲਿਆਂ ਨੂੰ ਕਿਹਾ ਕਿ ਉਹ ਸਿਆਸਤ ਕਰਨ ਦੀ ਬਜਾਏ ਇਨਸਾਫ਼ ਲਈ ਜੱਦੋ-ਜਹਿਦ ਕਰਨ ਤਾਂਕਿ ਜਥੇਦਾਰ ਦੇ ਕਾਤਲਾਂ ਨੂੰ ਸਜਾਵਾਂ ਦਿਵਾਈਆਂ ਜਾ ਸਕਣ। ਵੇਰਕਾ ਨੇ ਕਿਹਾ ਕਿ ਇਸ ਰਿਪੋਰਟ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਧਨਵਾਦ ਕੀਤਾ ਹੈ। 

ਇਹ ਵੀ ਪੜ੍ਹੋ :  ਬਿਜਲੀ ਬਿੱਲ ਤੇ ਕੱਟਾਂ ਨੂੰ ਲੈ ਕੇ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਨੇ ਦਿੱਤੀ ਵੱਡੀ ਅਪਡੇਟ

ਉਨ੍ਹਾਂ ਦੱਸਿਆ ਕਿ ਨਾਨਕਸਰ ਸੰਪਰਦਾ ਦੇ ਬਾਬਾ ਘਾਲਾ ਸਿੰਘ ਵੀ 2 ਜਨਵਰੀ 1993 ਵਾਲੇ ਦਿਨ ਸੰਗਤਾਂ ਨੂੰ ਨਾਲ ਲੈ ਕੇ ਜਥੇਦਾਰ ਕਾਉਕੇ ਦੇ ਮਾਮਲੇ 'ਤੇ ਜਗਰਾਓਂ ਥਾਣੇ ਗਏ ਸਨ, ਜਿੱਥੇ ਉਨਾਂ ਨੂੰ ਇਕਲੇ ਹੀ ਥਾਣੇ ਅੰਦਰ ਦਾਖ਼ਲ ਹੋਣ ਦਿੱਤਾ ਗਿਆ ਸੀ। ਕਮਿਸ਼ਨ ਦੀ ਰਿਪੋਰਟ ਵਿਚ ਸਾਫ਼ ਹੈ ਕਿ ਬਾਬਾ ਘਾਲਾ ਸਿੰਘ ਨੇ ਆਪ ਵੇਖਿਆ ਕਿ ਥਾਣੇ ਦੀ ਇਕ ਨੁਕਰ ਵਿਚ ਇਕ ਆਦਮੀ ਬੁਰੀ ਤਰ੍ਹਾਂ ਨਾਲ ਮੁਾਰ ਕੁਟਾਈ ਕਰਕੇ ਸੁਟਿਆ ਹੋਇਆ ਹੈ। ਉਸ ਦੀਆਂ ਲਤਾਂ ਟੁੱਟੀਆਂ ਹਨ ਅਤੇ ਸਿਰਫ਼ ਅੱਖਾਂ ਵਿਚ ਹੀ ਹਲਚਲ ਹੈ। ਰਿਪੋਰਟ ਮੁਤਾਬਕ ਜਦ ਬਾਬਾ ਘਾਲਾ ਸਿੰਘ ਨੇ ਨੇੜੇ ਹੋ ਕੇ ਵੇਖਿਆ ਤਾਂ ਉਹ ਜਥੇਦਾਰ ਕਾਉਕੇ ਹੀ ਸਨ। ਇੰਨੀ ਦੇਰ ਨੂੰ ਉਥੇ ਐੱਸ. ਐੱਸ. ਪੀ. ਸਵਰਨ ਘੋਟਣਾ ਆ ਗਿਆ ਅਤੇ ਉਹ ਮੁਲਾਜ਼ਮਾਂ ਦੇ ਗਲ ਪੈ ਗਿਆ, ਜਿਸ ਤੋ ਬਾਅਦ ਪੁਲਸ ਕਰਮਚਾਰੀਆਂ ਨੇ ਬਾਬਾ ਘਾਲਾ ਸਿੰਘ ਨੂੰ ਥਾਣੇ ਤੋਂ ਬਾਹਰ ਕੱਢ ਦਿੱਤਾ ਸੀ। ਬਾਬਾ ਘਾਲਾ ਸਿੰਘ ਨੇ ਦਸਿਆ ਕਿ ਭਾਈ ਕਾਉਕੇ ਦੀ ਹਾਲਤ ਵੇਖ ਕੇ ਲੱਗਦਾ ਸੀ, ਜਿਵੇਂ ਉਹ ਆਖਰੀ ਸਾਹ ਗਿਣ ਰਹੇ ਹੋਣ।

ਇਹ ਵੀ ਪੜ੍ਹੋ : ਜ਼ਮੀਨ-ਜਾਇਦਾਦਾਂ ਦੀਆਂ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ਨੂੰ ਲੈ ਕੇ ਮੰਤਰੀ ਜਿੰਪਾ ਦਾ ਅਹਿਮ ਬਿਆਨ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

shivani attri

This news is Content Editor shivani attri