ਨਹਿਰੀ ਪਾਣੀ ਦੀ ਵਰਤੋਂ ਸਬੰਧੀ ਪੰਜਾਬ ਸਰਕਾਰ ਦੇ ‘ਸਖ਼ਤ’ ਅਤੇ ‘ਸਾਰਥਿਕ’ ਯਤਨਾਂ ਨੇ ਦਿਖਾਇਆ ਰੰਗ (ਵੀਡੀਓ)

06/27/2023 2:01:47 AM

ਗੁਰਦਾਸਪੁਰ (ਹਰਮਨ)-ਧਰਤੀ ਹੇਠਲਾ ਪਾਣੀ ਬਚਾਉਣ ਅਤੇ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਸ ਸਾਲ ਚੁੱਕੇ ਗਏ ਸਖ਼ਤ ਅਤੇ ਸਾਰਥਿਕ ਕਦਮਾਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਚੱਲਦਿਆਂ ਇਸ ਸਾਲ ਨਹਿਰੀ ਪਾਣੀ ਜ਼ਿਆਦਾਤਰ ਖੇਤਾਂ ਵਿਚ ਪਹੁੰਚਣ ਕਾਰਨ ਝੋਨੇ ਦੀ ਲਵਾਈ ਦਾ ਕੰਮ ਵੀ ਪਿਛਲੇ ਸਾਲ ਦੇ ਮੁਕਾਬਲੇ ਤੇਜੀ ਨਾਲ ਚੱਲ ਰਿਹਾ ਹੈ। ਇਸ ਦੇ ਨਾਲ ਹੀ ਬਹੁਤ ਸਾਰੇ ਕਿਸਾਨ ਇਹ ਦਾਅਵਾ ਕਰ ਰਹੇ ਹਨ ਕਿ ਇਸ ਸਾਲ ਨਹਿਰੀ ਪਾਣੀ ਮਿਲਣ ਕਾਰਨ ਉਨ੍ਹਾਂ ਨੂੰ ਟਿਊਬਵੈੱਲਾਂ ਦੀ ਵਰਤੋਂ ਬਹੁਤ ਘੱਟ ਕਰਨੀ ਪਈ ਹੈ। ਦੂਜੇ ਪਾਸੇ ਅਜੇ ਵੀ ਪੰਜਾਬ ਅੰਦਰ ਜੇਕਰ ਨਹਿਰੀ ਪਾਣੀ ਦੀ ਸਥਿਤੀ ਦੀ ਤੁਲਨਾ ਤਿੰਨ-ਚਾਰ ਦਹਾਕੇ ਪਹਿਲਾਂ ਦੇ ਸਮੇਂ ਨਾਲ ਕੀਤੀ ਜਾਵੇ ਤਾਂ ਮਾਹਿਰ ਇਹ ਦਾਅਵਾ ਕਰ ਰਹੇ ਹਨ ਕਿ 1970 ਦੇ ਦੌਰ ਵਿਚ ਪੰਜਾਬ ਅੰਦਰ ਤਕਰੀਬਨ 60 ਫੀਸਦੀ ਖੇਤਾਂ ਨੂੰ ਨਹਿਰੀ ਪਾਣੀ ਲੱਗਦਾ ਸੀ, ਜਦਕਿ ਉਸ ਮੌਕੇ ਟਿਊਬਵੈੱਲਾਂ ਦੀ ਗਿਣਤੀ 2 ਲੱਖ ਤੋਂ ਵੀ ਘੱਟ ਸੀ ਪਰ ਵੱਖ-ਵੱਖ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਪਿਛਲੇ ਕੁਝ ਸਾਲਾਂ ਵਿਚ ਸਥਿਤੀ ਇਹ ਬਣ ਚੁੱਕੀ ਸੀ ਕਿ ਪੰਜਾਬ ਅੰਦਰ ਨਹਿਰੀ ਪਾਣੀ ਸਿਰਫ 35 ਤੋਂ 40 ਫੀਸਦੀ ਖੇਤਾਂ ਨੂੰ ਹੀ ਲੱਗਦਾ ਰਿਹਾ ਹੈ, ਜਦਕਿ ਪੰਜਾਬ ਦਾ ਜ਼ਿਆਦਾ ਰਕਬਾ ਸੂਬੇ ਅੰਦਰ ਮੌਜੂਦ ਤਕਰੀਬੜ ਸਾਢੇ 14 ਲੱਖ ਟਿਊਬਵੈੱਲਾਂ ਨਾਲ ਸਿੰਜਿਆ ਜਾਂਦਾ ਹੈ।

ਕਿਉਂ ਅਲੋਪ ਹੁੰਦੇ ਗਏ ਨਹਿਰੀ ਖਾਲ਼ ਅਤੇ ਰਜਬਾਹੇ

ਜਗ ਬਾਣੀ ਨਾਲ ਗੱਲਬਾਤ ਕਰਦਿਆਂ ਗੁਰਨਾਮ ਸਿੰਘ, ਗੁਰਦੀਪ ਸਿੰਘ, ਆਲਮਜੀਤ ਸਿੰਘ ਅਤੇ ਅਮਨ ਸ਼ਰਮਾ ਆਦਿ ਨੇ ਦੱਸਿਆ ਕਿ ਪਿਛਲੇ ਸਮੇਂ ਦੀਆਂ ਸਰਕਾਰਾਂ ਵੱਲੋਂ ਨਹਿਰੀ ਪਾਣੀ ਦੀ ਵਰਤੋਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਬਹੁਤ ਸਾਰੇ ਰਜਬਾਹਿਆਂ ਦੀ ਕਦੇ ਸਫਾਈ ਹੀ ਨਹੀਂ ਕਰਵਾਈ ਗਈ, ਜਿਸ ਕਾਰਨ ਇਨ੍ਹਾਂ ਰਜਬਾਹਿਆਂ ਵਿਚ ਪਾਣੀ ਵੀ ਨਹੀਂ ਪਹੁੰਚਿਆ। ਅਜਿਹੀ ਸਥਿਤੀ ਵਿਚ ਅਨੇਕਾਂ ਕਿਸਾਨਾਂ ਨੇ ਨਹਿਰੀ ਖਾਲ ਆਪਣੇ ਖੇਤਾਂ ਵਿਚ ਹੀ ਮਿਲਾ ਲਏ, ਜਿਸ ਦੇ ਨਤੀਜੇ ਵਜੋਂ ਅਨੇਕਾਂ ਥਾਵਾਂ 'ਤੇ ਇਹ ਖਾਲ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਏ, ਜਦਕਿ ਖੇਤਾਂ ਵਿਚ ਇਨ੍ਹਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ ਪਰ ਮੌਜੂਦ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਨਹਿਰੀ ਖਾਲ਼ ਬਹਾਲ ਕਰਕੇ ਇਨ੍ਹਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਇਸ ਸੀਜ਼ਨ ਵਿਚ ਸਖ਼ਤ ਕਦਮ ਚੁੱਕੇ ਹਨ।

ਇਸ ਦੇ ਨਤੀਜੇ ਵਜੋਂ ਪੰਜਾਬ ਦੇ ਮਾਝੇ ਸਮੇਤ ਵੱਖ-ਵੱਖ ਇਲਾਕਿਆਂ ਵਿਚ ਨਹਿਰੀ ਖਾਲ਼ ਬਹਾਲ ਕਰਵਾਏ ਗਏ ਹਨ। ਅੰਕੜਿਆਂ ਅਨੁਸਾਰ ਸੂਬੇ ਅੰਦਰ ਤਕਰੀਬਨ 47 ਹਜ਼ਾਰ ਨਹਿਰੀ ਖਾਲ ਹਨ, ਜਿਨ੍ਹਾਂ ਵਿਚੋਂ ਤਕਰੀਬਨ 17 ਹਜ਼ਾਰ ਨਹਿਰੀ ਖਾਲ ਗਾਇਬ ਸਨ। ਕੁੱਲ ਨਹਿਰੀ ਖਾਲਾਂ ਦੀ ਲੰਬਾਈ ਤਕਰੀਬਨ ਸਵਾ ਲੱਖ ਕਿਲੋਮੀਟਰ ਦੱਸੀ ਜਾਂਦੀ ਹੈ, ਜਿਨ੍ਹਾਂ ’ਚੋਂ 60 ਹਜ਼ਾਰ ਕਿਲੋਮੀਟਰ ਨਹਿਰੀ ਖਾਲ਼ ਪੱਕੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ’ਚ ਪਾਣੀ ਜਾਂ ਤਾਂ ਆਉਂਦਾ ਹੀ ਨਹੀਂ ਸੀ ਜਾਂ ਫਿਰ ਪਾਣੀ ਦੀ ਮਾਤਰਾ ਬਹੁਤ ਘੱਟ ਸੀ।

ਕੀ ਹੈ ਮਾਝੇ ਅਤੇ ਹੋਰ ਜ਼ਿਲ੍ਹਿਆਂ ਦੀ ਸਥਿਤੀ

ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਸਾਲ ਜ਼ਿਲ੍ਹਾ ਗੁਰਦਾਸਪੁਰ ਵਿਚ ਨਹਿਰੀ ਖਾਲ਼ਾਂ ਨੂੰ ਬਹਾਲ ਕਰਵਾਉਣ ਲਈ ਖੇਤੀਬਾੜੀ ਵਿਭਾਗ, ਮਾਲ ਵਿਭਾਗ, ਸਿੰਚਾਈ ਵਿਭਾਗ ਅਤੇ ਪੁਲਸ ਸਮੇਤ ਹੋਰ ਸਬੰਧਿਤ ਵਿਭਾਗਾਂ ਨੇ ਸਾਂਝੇ ਯਤਨ ਕਰਕੇ ਨਹਿਰੀ ਖਾਲ ਬਹਾਲ ਕੀਤੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਜ਼ਿਲ੍ਹੇ ਦੇ ਜਿਹੜੇ-ਜਿਹੜੇ ਕਿਸਾਨਾਂ ਨੇ ਪ੍ਰਸ਼ਾਸਨ ਤੱਕ ਨਹਿਰੀ ਖਾਲ ਬਹਾਲ ਕਰਵਾਉਣ ਅਤੇ ਸਾਫ਼ ਕਰਵਾਉਣ ਸਬੰਧੀ ਸ਼ਿਕਾਇਤਾਂ ਕੀਤੀਆਂ ਸਨ, ਉਨ੍ਹਾਂ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾ ਕੇ ਇਸ ਵਾਰ ਨਹਿਰੀ ਪਾਣੀ ਦੀ ਵਰਤੋਂ ਵਿਚ ਭਾਰੀ ਵਾਧਾ ਕੀਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਮਾਧੋਪੁਰ ਨਹਿਰੀ ਦੇ ਪਾਣੀ ਦੀ ਮਾਝੇ ਵਿਚ 8.19 ਫੀਸਦੀ ਅਤੇ ਜੰਡਿਆਲਾ ਨਹਿਰ ਦੇ ਪਾਣੀ ਦੀ 10.72 ਫੀਸਦੀ ਵਰਤੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੁਆਬੇ ਅੰਦਰ ਬਿਸਤ ਦੁਆਬ ਨਹਿਰ ਦਾ 9.45 ਫੀਸਦੀ ਰਕਬੇ ਵਿਚ ਪਾਣੀ ਲੱਗ ਰਿਹਾ ਹੈ। ਪਟਿਆਲਾ, ਸੰਗਰੂਰ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਵਿਚ ਨਹਿਰੀ ਪਾਣੀ ਦੀ ਵਰਤੋਂ ਘੱਟ ਹੈ, ਜਦਕਿ ਅਬੋਹਰ ਨਹਿਰ ਅਤੇ ਮਾਨਸਾ ਨਹਿਰ ਦੇ ਪਾਣੀ ਦੀ ਵਰਤੋਂ ਕਰਕੇ 98 ਤੋਂ 100 ਫੀਸਦੀ ਸਿੰਚਾਈ ਕੀਤੀ ਜਾ ਰਹੀ ਹੈ।

ਕੀ ਕਹਿਣਾ ਹੈ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦਾ

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਪਾਣੀ ਦੀ ਦੁਰਵਰਤੋਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪੰਜਾਬ ਨੂੰ ਰੇਗਿਸਤਾਨ ਬਣਨ ਵਿਚ ਦੇਰ ਨਹੀਂ ਲੱਗੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ 100 ਤੋਂ ਜ਼ਿਆਦਾ ਬਲਾਕ ਡਾਰਕ ਜ਼ੋਨ ਵਿਚ ਚਲੇ ਗਏ ਹਨ, ਜਿਸ ਕਰਕੇ ਸਰਕਾਰ ਅਤੇ ਖੇਤੀਬਾੜੀ ਵਿਭਾਗ ਪਾਣੀ ਦੀ ਇਕ-ਇਕ ਬੂੰਦ ਨੂੰ ਬਚਾਉਣ ਲਈ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਨਹਿਰੀ ਖਾਲਾਂ ਦੇ ਨੈੱਟਵਰਕ ਵਿਚ ਵੱਡਾ ਸੁਧਾਰ ਕੀਤਾ ਹੈ। ਇਸ ਕਾਰਨ ਟਿਊਬਵੈੱਲਾਂ ਦੇ ਪਾਣੀ ਦੀ ਵਰਤੋਂ ਘਟੀ ਹੈ ਅਤੇ ਝੋਨੇ ਦੀ ਲਵਾਈ ਵਿਚ ਤੇਜ਼ੀ ਆਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਨਹਿਰੀ ਪਾਣੀ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਅਤੇ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਝੋਨੇ ਦੀ ਲਵਾਈ ਤੋਂ ਬਾਅਦ ਪਹਿਲੇ 15 ਦਿਨ ਹੀ ਖੇਤਾਂ ਵਿਚ ਪਾਣੀ ਖੜ੍ਹਾ ਰੱਖਿਆ ਜਾਵੇ ਅਤੇ ਉਸ ਤੋਂ ਬਾਅਦ ਸਿਰਫ ਲੋੜ ਮੁਤਾਬਕ ਹੀ ਪਾਣੀ ਲਗਾਇਆ ਜਾਵੇ।

Manoj

This news is Content Editor Manoj