ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਬਾਵਜੂਦ ਕੋਰੋਨਾ ਤੋਂ ਬਚਾਅ ਕਰਨ ਲਈ ਲੋਕ ਨਹੀਂ ਕਰ ਰਹੇ ਮਾਸਕ ਦੀ ਵਰਤੋਂ

04/27/2022 6:55:15 PM

ਗੁਰਦਾਸਪੁਰ ( ਹੇਮੰਤ ) : ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਖ਼ਤੀ ਨਾਲ ਜਨਤਕ ਥਾਵਾਂ ’ਤੇ ਮਾਸਕ ਪਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪਰ ਲੱਗਦਾ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਵਾਉਣ ਵਾਲਾ ਕੋਈ ਵਿਭਾਗ ਸਰਗਰਮ ਨਹੀਂ ਹੈ। ਅੱਜ ਸ਼ਹਿਰ ਦਾ ਚੱਕਰ ਲਗਾਉਣ ’ਤੇ ਵੇਖਿਆ ਗਿਆ ਕਿ ਬਾਜ਼ਾਰਾਂ ਵਿੱਚ ਲੋਕ ਬਿਨਾਂ ਮਾਸਕ ਦੇ ਹੀ ਖਰੀਦਦਾਰੀ ਕਰ ਰਹੇ ਸਨ। ਬਸ ਸਟੈਂਡ ਉੱਤੇ ਵੀ ਲੋਕਾਂ ਵੱਲੋਂ ਮਾਸਕ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾ ਰਿਹਾ ਸੀ। 

ਦੂਜੇ ਪਾਸੇ ਸਰਕਾਰੀ ਹਸਪਤਾਲ ਵਿੱਚ ਵੀ ਲੋਕ ਬਿਨਾਂ ਮਾਸਕ ਦੇ ਇਧਰ ਉੱਧਰ ਘੁੰਮ ਰਹੇ ਸਨ ਅਤੇ ਡਾਕਟਰ ਕੋਲ ਚੈਕਅਪ ਕਰਵਾਉਣ ਸਮੇਂ ਵੀ ਜ਼ਿਆਦਾਤਰ ਲੋਕਾਂ ਵੱਲੋਂ ਮਾਸਕ ਨਹੀਂ ਪਾਇਆ ਜਾ ਰਿਹਾ ਸੀ। ਇਸ ਤੋਂ ਸਹਿਜ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਵੀ ਲੋਕਾਂ ਨੂੰ ਮਾਸਕ ਪਾਉਣ ਲਈ ਨਾ ਤਾਂ ਕੋਈ ਪ੍ਰੇਰਿਤ ਕਰ ਰਿਹਾ ਹੈ ਅਤੇ ਨਾ ਹੀ ਪੰਜਾਬ ਸਰਕਾਰ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਕਿਸੇ ਤਰ੍ਹਾਂ ਦੀ ਸਖ਼ਤੀ ਵਿਖਾਈ ਜਾ ਰਹੀ ਹੈ। 

ਇਸ ਸਬੰਧੀ ਸ਼ਹਿਰ ਦੇ ਬੁੱਧੀਜੀਵੀ ਵਰਗ ਹੀਰਾਮਣੀ ਅੱਗਰਵਾਲ ਚੇਅਰਰਮੈਨ ਐੱਚ. ਆਰ. ਏ . ਸਕੂਲ, ਸੁਸ਼ੀਲ ਚੇਅਰਰਮੈਨ ਮਹਾਵੀਰ ਸਕੂਲ ਆਦਿ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਪਿਛਲੇ ਦੋ ਸਾਲਾਂ ਵਿੱਚ ਲੋਕਾਂ ਦਾ ਬਹੁਤ ਆਰਥਿਕ ਅਤੇ ਮਾਨਸਿਕ ਤੌਰ ’ਤੇ ਨੁਕਸਾਨ ਕੀਤਾ ਹੈ। ਹੁਣ ਤੱਕ ਲੋਕ ਠੀਕ ਤਰ੍ਹਾਂ ਨਾਲ ਆਪਣੇ ਕੰਮ-ਕਾਜ ਨੂੰ ਸੰਭਾਲ ਨਹੀਂ ਸਕੇ। ਉਨ੍ਹਾਂ ਨੇ ਕਿਹਾ ਕਿ ਹੁਣ ਦੁਬਾਰਾ ਜਿਸ ਤਰ੍ਹਾਂ ਦੇਸ਼ ਵਿੱਚ ਕੋਰੋਨਾ ਫੈਲ ਰਿਹਾ ਹੈ, ਉਸ ਪ੍ਰਤੀ ਸਾਨੂੰ ਸਾਰਿਆਂ ਨੂੰ ਗੰਭੀਰ ਹੋਣਾ ਚਾਹੀਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਨੂੰ ਜਨਤਕ ਥਾਵਾਂ ’ਤੇ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ।


rajwinder kaur

Content Editor

Related News