ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਕਰ ਰਹੀ ਹੈ ਉਪਰਾਲੇ : ਸਿੱਖਿਆ ਮੰਤਰੀ

04/21/2018 1:37:39 PM

ਗੁਰਦਾਸਪੁਰ, (ਵਿਨੋਦ)—ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਅਤੇ ਸੂਬੇ ਅੰਦਰ ਸਿੱਖਿਆ ਨੂੰ ਹੇਠਲੇ ਪੱਧਰ 'ਤੇ ਪਹੁੰਚਾਉਣ ਲਈ ਨੀਤੀਆਂ ਨੂੰ ਅਮਲੀਜਾਮਾ ਪਹਿਨਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੀਮਤੀ ਅਰੁਣਾ ਚੌਧਰੀ ਸਿੱਖਿਆ ਮੰਤਰੀ ਪੰਜਾਬ ਨੇ ਸਥਾਨਕ ਸਰਕਾਰੀ ਕਾਲਜ ਦੇ ਡਿਗਰੀ ਵੰਡ ਸਮਾਰੋਹ 'ਚ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਉਪਰੰਤ ਗੱਲਬਾਤ ਦੌਰਾਨ ਕੀਤਾ। ਅੱਜ ਸਿੱਖਿਆ ਮੰਤਰੀ ਪੰਜਾਬ ਵੱਲੋਂ ਸਥਾਨਕ ਸਰਕਾਰੀ ਕਾਲਜ ਦੇ 500 ਲੜਕੇ ਤੇ ਲੜਕੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਸ ਮੌਕੇ ਪ੍ਰਿੰਸੀਪਲ ਐੱਸ. ਪੀ. ਸਿੰਘ, ਸਲਵਿੰਦਰ ਸਿੰਘ ਸਮਰਾ ਜ਼ਿਲਾ ਸਿੱਖਿਆ ਅਫਸਰ (ਪ), ਬਲਬੀਰ ਸਿੰਘ ਡਿਪਟੀ ਡੀ. ਈ. ਓ. (ਪ), ਪ੍ਰੋਫੈਸਰ ਬਲਜੀਤ ਸਿੰਘ, ਨੀਲਮ, ਰਕੇਸ਼ ਕੁਮਾਰ, ਮਹਾਵੀਰ ਸਿੰਘ, ਪ੍ਰੋ. ਕਰਮਜੀਤ ਸ਼ਰਮਾ, ਪ੍ਰੋ. ਕਮਲੇਸ਼ ਕੁਮਾਰੀ, ਪ੍ਰੋ. ਗੁਰਮੀਤ ਸਿੰਘ, ਪ੍ਰੋ. ਬਲਜਿੰਦਰ ਸਿੰਘ ਸੇਖੋਂ ਆਦਿ ਹਾਜ਼ਰ ਸਨ। ਅੱਜ ਸਿੱਖਿਆ ਮੰਤਰੀ ਸ਼੍ਰੀਮਤੀ ਚੌਧਰੀ ਵੱਲੋਂ ਸਥਾਨਕ ਐੱਸ. ਡੀ. ਕਾਲਜ (ਲੜਕੀਆਂ) ਵਿਖੇ ਵੀ ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ।
ਮੰਤਰੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸਿੱਖਿਆ ਵਿਭਾਗ ਨੇ ਸਿੱਖਿਆ ਦੇ ਖੇਤਰ ਵਿਚ ਕਈ ਯੁੱਗ-ਪਲਟਾਊ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ 'ਚੋਂ ਸਭ ਤੋਂ ਅਹਿਮ 14 ਨਵੰਬਰ 2017 ਤੋਂ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਹਨ। 3 ਤੋਂ 6 ਸਾਲ ਉਮਰ ਵਰਗ ਦੇ ਤਕਰੀਬਨ 1.60 ਲੱਖ ਵਿਦਿਆਰਥੀਆਂ ਨੂੰ ਪ੍ਰੀ-ਪ੍ਰਾਇਮਰੀ ਸੈਕਸ਼ਨਾਂ 'ਚ ਦਾਖ਼ਲ ਕੀਤਾ ਗਿਆ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਥੇ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਗਈਆਂ ਹਨ। 
ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਸੇਵਾ ਨਿਯਮਾਂ ਵਿਚ ਸੋਧ ਰਾਹੀਂ ਸਰਹੱਦੀ ਜ਼ਿਲਿਆਂ ਦੇ ਸਿੱਖਿਆ ਪ੍ਰਸ਼ਾਸਕਾਂ ਅਤੇ ਅਧਿਆਪਕਾਂ ਦਾ ਵੱਖਰਾ ਕੇਡਰ ਕਾਇਮ ਕੀਤਾ ਗਿਆ, ਜਿਸ ਨੂੰ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ। ਸਰਹੱਦੀ ਜ਼ਿਲਿਆਂ 'ਚ ਜ਼ਿਲਾ ਸਿੱਖਿਆ ਅਧਿਕਾਰੀਆਂ (ਈ. ਈ.) ਦੀਆਂ 6 ਅਤੇ ਜ਼ਿਲਾ ਸਿੱਖਿਆ ਅਧਿਕਾਰੀਆਂ (ਐੱਸ. ਈ.) ਦੀਆਂ 6 ਅਸਾਮੀਆਂ ਹੋਣਗੀਆਂ। ਸਰਹੱਦੀ ਖੇਤਰ ਵਿਚਲੇ ਅਧਿਆਪਕ ਸਿਰਫ਼ ਆਪਣੇ ਜ਼ਿਲਿਆਂ 'ਚ ਹੀ ਤਰੱਕੀ ਲੈ ਸਕਣਗੇ। 
ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਪਹਿਲੀ ਤੋਂ ਅੱਠਵੀਂ ਤੱਕ ਦੇ ਗ਼ੈਰ ਐੱਸ. ਸੀ. ਬੱਚਿਆਂ ਨੂੰ ਵੀ ਪਾਠਕ੍ਰਮ ਦੀਆਂ ਪੁਸਤਕਾਂ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸਰਬ ਸਿੱਖਿਆ ਅਭਿਆਨ ਅਧੀਨ ਪਹਿਲੀ ਤੋਂ ਅੱਠਵੀਂ ਤੱਕ ਐੱਸ. ਸੀ./ਐੱਸ. ਟੀ. /ਬੀ. ਪੀ. ਐੱਲ. ਲੜਕਿਆਂ ਅਤੇ ਸਾਰੇ ਵਰਗਾਂ ਦੀਆਂ ਲੜਕੀਆਂ ਨੂੰ ਮੁਫ਼ਤ ਸਕੂਲੀ ਵਰਦੀ ਦੇਣ ਦੀ ਤਜਵੀਜ਼ ਹੈ। ਪ੍ਰਾਇਮਰੀ ਪੱਧਰ 'ਤੇ 887914 ਯੋਗ ਬੱਚਿਆਂ ਨੂੰ ਮੁਫ਼ਤ ਵਰਦੀ ਮੁਹੱਈਆ ਕੀਤੀ ਗਈ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।